2.74 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 183 ਸਰਕਾਰੀ ਸਕੂਲਾਂ ਵਿੱਚ ਲਗਾਏ ਜਾਣਗੇ ਆਫ-ਗਰਿੱਡ ਸੋਲਰ ਪੈਨਲ ਸਿਸਟਮ- ਡਿਪਟੀ ਕਮਿਸ਼ਨਰ
2.74 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 183 ਸਰਕਾਰੀ ਸਕੂਲਾਂ ਵਿੱਚ ਲਗਾਏ ਜਾਣਗੇ ਆਫ-ਗਰਿੱਡ ਸੋਲਰ ਪੈਨਲ ਸਿਸਟਮ- ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 25 ਅਗਸਤ, 2022:
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸਪੀਰੇਸ਼ਨਲ ਜ਼ਿਲ੍ਹਾ ਪ੍ਰੋਗਰਾਮ ਤਹਿਤ ਨੀਤੀ ਆਯੋਗ ਵੱਲੋਂ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ 112 ਜ਼ਿਲ੍ਹਿਆਂ ਨੂੰ ਐਸਪੀਰੇਸ਼ਨਲ ਜ਼ਿਲ੍ਹੇ ਵਜੋਂ ਘੋਸ਼ਿਤ ਕੀਤਾ ਹੈ। ਫਿਰੋਜ਼ਪੁਰ ਅਤੇ ਮੋਗਾ ਪੰਜਾਬ ਵਿੱਚ ਦੋ ਐਸਪੀਰੇਸ਼ਨਲ ਜ਼ਿਲ੍ਹੇ ਹਨ। ਐਸਪੀਰੇਸ਼ਨਲ ਜ਼ਿਲ੍ਹੇ ਉਹ ਜ਼ਿਲ੍ਹੇ ਹਨ ਜਿਨ੍ਹਾਂ ਦੇ ਬੁਨਿਆਦੀ ਮਾਪਦੰਡ ਜਿਵੇਂ ਕਿ ਸਿੱਖਿਆ, ਸਿਹਤ ਅਤੇ ਸੰਤੁਲਿਤ ਆਹਾਰ, ਵਿੱਤੀ ਸਮਾਵੇਸ਼ ਅਤੇ ਹੁਨਰ ਵਿਕਾਸ, ਖੇਤੀਬਾੜੀ ਅਤੇ ਜਲ ਸਰੋਤ, ਬੁਨਿਆਦੀ ਢਾਂਚਾ ਰਾਸ਼ਟਰੀ ਔਸਤ ਤੋਂ ਘੱਟ ਹਨ।
ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਇਨ੍ਹਾਂ 112 ਜ਼ਿਲ੍ਹਿਆਂ ਦੀ ਉਪਰੋਕਤ ਮਾਪਦੰਡਾਂ ਦੇ ਆਧਾਰ ਤੇ ਮਹੀਨਾਵਾਰ ਚੈਕਿੰਗ ਕਰਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧੀਨ ਵੱਖ-ਵੱਖ ਵਿਭਾਗਾਂ ਦੁਆਰਾ ਕੀਤੇ ਗਏ ਅਣਥੱਕ ਯਤਨਾਂ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਨੇ ਕਈ ਵਾਰ ਵਧੀਆ ਰੈਂਕਿੰਗ ਹਾਸਲ ਕੀਤੀ ਹੈ ਅਤੇ ਇਸਦੇ ਲਈ ਇਨਾਮੀ ਰਾਸ਼ੀ ਵੀ ਜਿੱਤੀ ਹੈ। ਇਸ ਇਨਾਮੀ ਰਾਸ਼ੀ ਵਿੱਚੋਂ 2.74 ਕਰੋੜ ਰੁਪਏ ਜ਼ਿਲ੍ਹੇ ਦੇ 183 ਸਰਕਾਰੀ ਸਕੂਲਾਂ ਵਿੱਚ ਆਫ-ਗਰਿੱਡ ਸੋਲਰ ਪੈਨਲ ਸਿਸਟਮ ਲਗਾਉਣ ਲਈ ਮਨਜ਼ੂਰ ਕੀਤੇ ਗਏ। ਇਹ ਫੈਸਲਾ ਰਵਾਇਤੀ ਬਿਜਲੀ ਤੋਂ ਛੁਟਕਾਰਾ ਪਾਉਂਣ ਅਤੇ ਊਰਜਾ ਦੇ ਸਾਫ ਅਤੇ ਨਵਿਆਉਣਯੋਗ ਸਰੋਤਾਂ ਵੱਲ ਵਧਣ ਦੇ ਉਦੇਸ਼ ਨਾਲ ਲਿਆ ਗਿਆ ਸੀ।