ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਖਿਲਾਫ਼ ਕਦਮ ਚੁੱਕ ਰਹੀ ਸਮਾਜਿਕ ਸੁਰੱਖਿਆ ਵਿਭਾਗ ਦੀ ਹੈਲਪਲਾਈਨ ਐਲਡਰ ਲਾਈਨ-14567
1 ਘੰਟੇ ਦੇ ਅੰਦਰ ਪੀੜਤ ਬਜ਼ੁਰਗ ਕੋਲ ਪਹੁੰਚ ਕੇ ਮੁਹੱਈਆ ਕਰਵਾਈ ਜਾਂਦੀ ਹੈ ਮਦਦ
ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਖਿਲਾਫ਼ ਕਦਮ ਚੁੱਕ ਰਹੀ ਸਮਾਜਿਕ ਸੁਰੱਖਿਆ ਵਿਭਾਗ ਦੀ ਹੈਲਪਲਾਈਨ ਐਲਡਰ ਲਾਈਨ-14567
1 ਘੰਟੇ ਦੇ ਅੰਦਰ ਪੀੜਤ ਬਜ਼ੁਰਗ ਕੋਲ ਪਹੁੰਚ ਕੇ ਮੁਹੱਈਆ ਕਰਵਾਈ ਜਾਂਦੀ ਹੈ ਮਦਦ
ਫਿਰੋਜ਼ਪੁਰ, 15 ਜੂਨ, 2022:
ਪੈਨਸ਼ਨਰ ਐਸੋਸੀਏਸ਼ਨ, ਫਿਰੋਜ਼ਪੁਰ ਵੱਲੋਂ ਐਲਡਰ ਲਾਈਨ-14567 ਦੇ ਸਹਿਯੋਗ ਨਾਲ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਐਲਡਰ ਲਾਈਨ ਫਿਰੋਜ਼ਪੁਰ ਦੇ ਫੀਲਡ ਰਿਸਪਾਂਸ ਅਫਸਰ ਦਲੀਪ ਕੁਮਾਰ ਨੇ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਪ੍ਰਤੀ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਬਜ਼ਰਗਾਂ ਦੇ ਹੱਕ ਵਿੱਚ ਬਣੇ ਰੱਖ-ਰਖਾਵ ਅਤੇ ਭਲਾਈ ਕਾਨੂੰਨ-2007 ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੈਲਪਲਾਈਨ ਨੰਬਰ 14567 ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਦੇ ਖਿਲਾਫ ਕਦਮ ਚੁੱਕਦੀ ਹੈ ਅਤੇ 1 ਘੰਟੇ ਦੇ ਅੰਦਰ ਪੀੜਤ ਬਜ਼ੁਰਗ ਕੋਲ ਪਹੁੰਚ ਕੇ ਉਸਦੀ ਮਦਦ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਂ ਬਾਪ ਆਪਣੀ ਜਾਇਦਾਦ ਦਾ ਹਿੱਸਾ ਪੁੱਤਰ ਧੀਆਂ ਨੂੰ ਦੇਣ ਨਾ ਦੇਣ ਇਹ ਉਨ੍ਹਾਂ ਦੀ ਨਿੱਜੀ ਇੱਛਾ ਹੈ ਅਤੇ ਇਸ ਲਈ ਕੋਈ ਵੀ ਪੁੱਤਰ ਜਾਂ ਧੀ ਆਪਣੇ ਮਾਂ ਬਾਪ ਨੂੰ ਪਰੇਸ਼ਾਨ ਜਾਂ ਉਹਨਾਂ ਨਾਲ ਦੁਰਵਿਵਹਾਰ ਨਹੀਂ ਕਰ ਸਕਦੇ। ਇਸ ਕਾਨੂੰਨ ਤਹਿਤ ਬਜ਼ੁਰਗਾਂ ਵੱਲੋਂ ਆਪਣੇ ਬੱਚਿਆਂ ਨੂੰ ਦਿੱਤੀਆਂ ਗਈਆਂ ਜਾਇਦਾਦਾਂ ਵੀ ਵਾਪਿਸ ਹੋ ਸਕਦੀਆਂ ਹਨ। ਇਸ ਸੰਬੰਧੀ ਸ਼ਿਕਾਇਤ ਵੀ ਐਲਡਰ ਲਾਈਨ ਤੇ ਕੀਤੀ ਜਾ ਸਕਦੀ ਹੈ।
ਗੌਰਤਲਬ ਹੈ ਕਿ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ 15 ਜੂਨ, 2006 ਨੂੰ ਸੰਯੁਕਤ ਰਾਸ਼ਟਰ ਵਿੱਚ ਬਜ਼ੁਰਗ ਦੁਰਵਿਹਾਰ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਨੈੱਟਵਰਕ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਦਿਵਸ ਦਾ ਉਦੇਸ਼ ਜਨ ਸਿਹਤ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਵਜੋਂ ਬਜ਼ੁਰਗਾਂ ਨਾਲ ਬਦਸਲੂਕੀ, ਅਣਗਹਿਲੀ, ਅਤੇ ਸ਼ੋਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਅਕਤੀਆਂ, ਸੰਸਥਾਵਾਂ ਅਤੇ ਭਾਈਚਾਰਿਆਂ ਲਈ ਇੱਕ ਕਾਲ-ਟੂ-ਐਕਸ਼ਨ ਵਜੋਂ ਕੰਮ ਕਰਣਾ ਹੈ।
ਐਲਡਰ ਲਾਈਨ ਦੇ ਪੰਜਾਬ ਹੈੱਡ ਪੁਨੀਤ ਵਾਟਸ ਨੇ ਕਿਹਾ ਕਿ ਐਲਡਰ ਲਾਈਨ ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ ਦੀ ਹੈਲਪਲਾਈਨ ਹੈ ਜਿਸਦਾ ਮਕਸਦ ਬਜ਼ੁਰਗਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਉਸਦਾ ਨਿਪਟਾਰਾ ਕਰਨਾ ਹੈ। ਬਜ਼ੁਰਗਾਂ ਨਾਲ ਹੋ ਰਹੇ ਦੁਰਵਵਿਹਾਰ ਦੇ ਮਸਲੇ, ਕਾਨੂੰਨੀ ਝਗੜੇ, ਬੁਢਾਪਾ ਪੈਨਸ਼ਨ ਜਾਂ ਹੋਰ ਸਰਕਾਰੀ ਸਕੀਮਾਂ ਸਬੰਧੀ ਮਸਲੇ ਅਤੇ ਇਸ ਤੋਂ ਇਲਾਵਾ ਸੜਕਾਂ ਤੇ ਰਹਿ ਰਹੇ ਬਜ਼ੁਰਗਾਂ ਨੂੰ ਬਿਰਧ ਘਰਾਂ ਤੱਕ ਪਹੁੰਚਾਉਣ ਲਈ ਐਲਡਰ ਲਾਈਨ ਨੰਬਰ 14567 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਹੈਲਪਲਾਈਨ ਉੱਤੇ ਫੋਨ ਕਰਣ ਤੇ 1 ਘੰਟੇ ਦੇ ਵਿੱਚ ਫੌਰੀ ਐਕਸ਼ਨ ਲਿਆ ਜਾਂਦਾ ਹੈ। ਦੁਰਵਿਵਹਾਰ ਤੋਂ ਪੀੜਤ ਬਜ਼ੁਰਗ ਦੀ ਸਾਰੀ ਗੱਲ ਸੁਣ ਕੇ ਸਮੱਸਿਆ ਦੇ ਹੱਲ ਲਈ ਸੰਬੰਧਿਤ ਅਧਿਕਾਰੀਆਂ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਬੁਢਾਪਾ ਪੈਨਸ਼ਨ ਲਈ ਹੈਲਪਲਾਈਨ ਦੇ ਫੀਲਡ ਰਿਸਪਾਂਸ ਅਫਸਰ ਘਰ ਆਕੇ ਬਜ਼ੁਰਗਾਂ ਦਾ ਫਾਰਮ ਭਰ ਕੇ ਸੰਬੰਧਿਤ ਅਧਿਕਾਰੀ ਕੋਲ ਆਪ ਜਮ੍ਹਾਂ ਕਰਵਾਉਂਦੇ ਹਨ।