Ferozepur News
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ ਦੀ ਜਨਤਾ ਨੂੰ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਅਦਾਰੇ ਨਿੱਜੀ ਹੱਥਾਂ ਵਿੱਚ ਦੇਣ ਬਾਰੇ ਵੋਟ ਬਟੋਰੂ ਟੋਲਿਆਂ ਨੂੰ ਸਵਾਲ ਪੁੱਛਣ ਦੀ ਅਪੀਲ, ਜੇਕਰ ਜਵਾਬ ਨਹੀਂ ਦਿੰਦੇ ਤਾਂ ਪਿੰਡਾਂ ਵਿੱਚ ਇਹਨਾਂ ਦਾ ਕਰੋ ਵਿਰੋਧ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ ਦੀ ਜਨਤਾ ਨੂੰ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਅਦਾਰੇ ਨਿੱਜੀ ਹੱਥਾਂ ਵਿੱਚ ਦੇਣ ਬਾਰੇ ਵੋਟ ਬਟੋਰੂ ਟੋਲਿਆਂ ਨੂੰ ਸਵਾਲ ਪੁੱਛਣ ਦੀ ਅਪੀਲ, ਜੇਕਰ ਜਵਾਬ ਨਹੀਂ ਦਿੰਦੇ ਤਾਂ ਪਿੰਡਾਂ ਵਿੱਚ ਇਹਨਾਂ ਦਾ ਕਰੋ ਵਿਰੋਧ
Ferozepur 9.2.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜ: ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚੋਣਾਂ ਦੇ ਰੌਲੇ ਰੱਪੇ ਦੌਰਾਨ ਨਿੱਜੀਕਰਨ ਦੀਆਂ ਨੀਤੀਆਂ ਨੂੰ ਪਹਿਚਾਣਦੇ ਹੋਏ ਵੋਟਾਂ ਲੁੱਟਣ ਆ ਰਹੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਸਵਾਲ ਕਰੋ ਤੇ ਜਵਾਬ ਮੰਗੋ ਕਿ ਵਿੱਦਿਅਕ ਅਦਾਰੇ, ਸਿਹਤ ਨਾਲ ਸਬੰਧਤ ਅਦਾਰੇ, ਬਿਜਲੀ, ਸੜਕਾਂ ਖੇਤੀ ਵਸਤਾਂ ਵਿੱਚ ਪੈਦਾ ਕਰਕੇ ਅਦਾਰੇ, ਬੈਂਕਾਂ ਆਦਿ ਹੋਰ ਜਨਤਕ ਅਦਾਰਿਆਂ ਨੂੰ ਪਿਛਲੇ 30 ਸਾਲਾਂ ਤੋਂ ਨਿੱਜੀ ਹੱਥਾਂ ਵਿੱਚ ਦੇ ਕੇ 99% ਪੰਜਾਬ ਦੀ ਜਨਤਾ ਦੀ ਪਹੁੰਚ ਤੋਂ ਬਾਹਰ ਕਿਉਂ ਕੀਤਾ ਗਿਆ ਹੈ, ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕਿਉਂ ਕੀਤੇ ਗਏ ਹਨ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਰਾਜਸੀ ਨੇਤਾ ਜਵਾਬ ਨਾ ਦੇ ਸਕਣ ਤਾਂ ਪਿੰਡਾਂ ਵਿੱਚ ਇਹਨਾਂ ਦੇ ਵੜਨ ਉੱਤੇ ਰੋਕ ਲਾਈ ਜਾਵੇ ਤੇ ਸਖ਼ਤ ਵਿਰੋਧ ਕੀਤਾ ਜਾਵੇ। ਕਿਸਾਨ ਆਗੂਆਂ ਅੱਗੇ ਕਿਹਾ ਕਿ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਨਾਲ ਦੇਸ਼ ਵਿੱਚ ਦੋ ਭਾਰਤ ਬਣ ਚੁੱਕੇ ਹਨ ਇਕ 1% ਅਮੀਰਾਂ ਦਾ ਤੇ ਇਕ 99% ਗ਼ਰੀਬਾਂ ਦਾ ਭਾਰਤ ਹੈ। ਇਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਨੂੰ ਦੋਵੇਂ ਸਦਨਾਂ ਵਿੱਚ ਰਾਸ਼ਟਰਪਤੀ ਵੱਲੋਂ ਰੱਖੇ ਧੰਨਵਾਦ ਦੇ ਮਤੇ ਉੱਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਘੰਟਿਆਂ ਬੱਧੀ ਭਾਸ਼ਣ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਕਿ ਪਿਛਲੇ ਇਕ ਸਾਲ ਦੇ ਕੋਰੋਨਾ ਕਾਲ ਵਿੱਚ ਅਰਬਪਤੀਆਂ ਦੀ ਗਿਣਤੀ 102 ਤੋਂੲ 142 ਕਿਉਂ ਹੋ ਗਈ ਹੈ ਤੇ ਉਨ੍ਹਾਂ ਦੀ ਦੌਲਤ ਇਕ ਸਾਲ ਵਿਚ 111 ਲੱਖ ਕਰੋਡ਼ ਕਿਉਂ ਵਧ ਗਈ ਹੈ ਤੇ ਗੌਤਮ ਅਡਾਨੀ ਦੀ ਦੌਲਤ 1 ਸਾਲ ਵਿਚ 12 ਅਰਬ ਡਾਲਰ ਵਧ ਕੇ ਏਸ਼ੀਆ ਵਿੱਚ ਇੱਕ ਨੰਬਰ ਉੱਤੇ ਕਿਉਂ ਆ ਗਈ ਹੈ ਜੋ ਇਸ ਵੇਲੇ 88 ਅਰਬ ਡਾਲਰ ਹੈ। ਜਦਕਿ ਦੂਜੇ ਪਾਸੇ ਕਿਸਾਨ ਔਸਤਨ ਪ੍ਰਤੀ ਜੀ 27 ਰੁਪਏ ਰੋਜ਼ ਦੀ ਆਮਦਨ ਉੱਤੇ ਗੁਜ਼ਾਰਾ ਕਰ ਰਿਹਾ ਹੈ।
ਪੰਜਾਬ ਦੇ ਲੋਕੋ ਇਨ੍ਹਾਂ ਵੋਟ ਬਟੇਰਿਆਂ ਨੂੰ ਨਿਕਾਰ ਕੇ ਆਪਣਾ ਪੰਜਾਬ ਤੇ ਦੇਸ਼ ਬਚਾਉਣ ਲਈ ਜਥੇਬੰਦ ਹੋ ਕੇ ਅੱਗੇ ਆਓ ਤੇ ਸੰਘਰਸ਼ਾਂ ਉੱਤੇ ਟੇਕ ਰੱਖੋ।