Ferozepur News

14 ਕਰੋੜ 98 ਲੱਖ ਰੁਪਏ ਨਾਲ ਬਣ ਰਿਹਾ ਵਾਟਰ ਟਰੀਟਮੈਂਟ ਪਲਾਂਟ 31 ਅਕਤੂਬਰ 2018 ਤੱਕ ਹੋਵੇਗਾ ਮੁਕੰਮਲ -ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ

ਫ਼ਿਰੋਜ਼ਪੁਰ 20 ਮਈ 2018 (Vikramditya Sharma) ਫ਼ਿਰੋਜ਼ਪੁਰ ਸ਼ਹਿਰ ਦੇ ਕੁੰਡੇ ਰੋਡ ਤੇ ਕਰੀਬ ਸਵਾ ਤਿੰਨ ਏਕੜ ਵਿਚ ਬਣ ਰਹੇ ਵਾਟਰ ਟਰੀਟਮੈਂਟ ਪਲਾਂਟ ਦਾ ਕੰਮ ਮੁੜ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਤੋਂ 1 ਕਰੋੜ 74 ਲੱਖ ਰੁਪਏ ਦੀ ਹੋਰ ਰਾਸ਼ੀ ਲਿਆਂਦੀ ਗਈ ਹੈ। ਇਹ ਜਾਣਕਾਰੀ ਫ਼ਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਵਾਟਰ ਟਰੀਟਮੈਂਟ ਪਲਾਂਟ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ।
ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ 14 ਕਰੋੜ 98 ਲੱਖ ਰੁਪਏ ਦੀ ਰਾਸ਼ੀ ਨਾਲ ਬਣਾਏ ਜਾ ਰਹੇ ਇਸ ਟਰੀਟਮੈਂਟ ਪਲਾਂਟ ਨਾਲ ਪੂਰੇ ਸ਼ਹਿਰ ਦੇ ਵਾਟਰ ਨੂੰ ਟਰੀਟ ਕਰਕੇ ਖੇਤੀ ਦੀ ਸਿੰਚਾਈ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਸਮੁੱਚੇ ਸ਼ਹਿਰ ਦੇ ਸੀਵਰੇਜ ਦਾ ਪਾਣੀ ਸਿੱਧਾ ਦਰਿਆ ਸਤਲੁਜ ਵਿਚ ਪੈਂਦਾ ਸੀ, ਜਿਸ ਕਾਰਨ ਵਾਤਾਵਰਨ ਸਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਨ੍ਹਾਂ ਕਿਹਾ ਕਿ ਇਹ ਟਰੀਟਮੈਂਟ ਪਲਾਂਟ 31 ਅਕਤੂਬਰ 2018 ਤੱਕ ਮੁਕੰਮਲ ਹੋ ਜਾਵੇਗਾ ਤੇ ਕੰਪਨੀ 5 ਸਾਲ ਤੱਕ ਇਸ ਪਲਾਂਟ ਦੀ ਦੇਖਰੇਖ ਕਰੇਗੀ ਅਤੇ ਇਸ ਨੂੰ ਚਲਾਏਗੀ। ਉਨ੍ਹਾਂ ਕਿਹਾ ਕਿ 5 ਸਾਲ ਦੇ ਰੱਖ ਰਖਾਵ ਲਈ ਨਗਰ ਕੌਂਸਲ ਵੱਲੋਂ ਕੰਪਨੀ ਨੂੰ 24 ਲੱਖ ਰੁਪਏ ਅਲੱਗ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਰੋਜ਼ਾਨਾ 18 ਮਿਲੀ. ਲੀਟਰ (ਐਮ.ਐਲ.ਡੀ) ਪਾਣੀ ਦੀ ਸਫ਼ਾਈ ਕਰੇਗਾ ਅਤੇ ਬਿਜਲੀ ਨਾ ਹੋਣ ਦੀ ਸੂਰਤ ਵਿਚ 650 ਕਿੱਲੋ ਵਾਟ ਦਾ ਆਟੋਮੈਟਿਕ ਜਨਰੇਟਰ ਵੀ ਲਗਾਇਆ ਜਾਵੇਗਾ। 
ਉਨ੍ਹਾਂ ਕਿਹਾ ਕਿ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਅੱਗੇ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਸੀਵਰੇਜ ਸਮੱਸਿਆ ਦੇ ਪੱਕੇ ਹੱਲ ਅਤੇ ਸੜਕਾਂ ਲਈ 20 ਕਰੋੜ 42 ਲੱਖ ਰੁਪਏ ਖ਼ਰਚੇ ਜਾ ਰਹੇ ਹਨ, ਜਿਸ ਤਹਿਤ 15 ਕਰੋੜ 70 ਲੱਖ ਰੁਪਏ ਖ਼ਰਚ ਕੇ ਸੀਵਰੇਜ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਉਨ੍ਹਾਂ ਥਾਵਾਂ ਤੇ ਸੜਕਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਸਤੀ ਟੈਂਕਾ ਵਾਲੀ ਏਰੀਏ ਵਿਚ ਵੀ 1 ਐਮ.ਐਲ.ਡੀ ਦਾ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ ਅਤੇ ਇਸ ਲਈ ਜਲਦੀ ਹੀ 6 ਕਨਾਲ ਜਗ੍ਹਾ ਖ਼ਰੀਦੀ ਜਾਵੇਗੀ। ਇਸ ਉਪਰੰਤ ਸਮੁੱਚੇ ਫ਼ਿਰੋਜ਼ਪੁਰ ਸ਼ਹਿਰ ਦੇ ਇਲਾਕਿਆਂ ਵਿਚ ਸੀਵਰੇਜ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ, ਜਦਕਿ ਪਹਿਲਾਂ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਵਿਚ ਬਰਸਾਤ ਮਗਰੋਂ ਪਾਣੀ ਖੜ੍ਹ ਜਾਂਦਾ ਸੀ। ਸ੍ਰ: ਪਿੰਕੀ ਨੇ ਕਿਹਾ ਕਿ ਉਹ ਚੋਣਾਂ ਦੌਰਾਨ ਆਪਣੇ ਹਲਕੇ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨਗੇ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਵੇਗੀ।   
ਇਸ ਮੌਕੇ ਸ਼੍ਰੀ ਲਖਪਤ ਰਾਇ ਸਚਦੇਵਾ ਐਸ.ਡੀ.ਓ, ਕਾਂਗਰਸੀ ਆਗੂ ਸ਼੍ਰੀ ਬਿੱਟੂ ਸਾਂਘਾ, ਸ਼੍ਰੀ ਬਲਵੀਰ ਬਾਠ, ਸ੍ਰ: ਸੁਖਵਿੰਦਰ ਸਿੰਘ ਅਟਾਰੀ, ਸ਼੍ਰੀ ਰਿੰਕੂ ਗਰੋਵਰ, ਸ੍ਰ: ਦਲਜੀਤ ਸਿੰਘ ਦੁਲਚੀ ਕੇ, ਸ਼੍ਰੀ ਪ੍ਰਿੰਸ ਭਾਊ, ਸ਼੍ਰੀ ਲਾਲੋ ਹਾਂਡਾ ਪ੍ਰਧਾਨ ਵਪਾਰ ਮੰਡਲ, ਸ੍ਰ: ਬੋਹੜ ਸਿੰਘ ਸਾਬਕਾ ਐਮ.ਸੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ। 

Related Articles

Back to top button