11 ਰੋਜ਼ਾ ਸਲਾਨਾ ਸ਼ਹੀਦੀ ਖੇਡ ਮੇਲਾ ਸ਼ੁਰੂ, ਡੀ. ਸੀ. ਖਰਬੰਦਾ ਕੀਤਾ ਉਦਘਾਟਨ
ਫਿਰੋਜ਼ਪੁਰ 12 ਮਾਰਚ (ਏ.ਸੀ.ਚਾਵਲਾ) ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੀਸਰਾ 11 ਰੋਜ਼ਾ ਸ਼ਹੀਦੀ ਖੇਡ ਮੇਲਾ ਅੱਜ ਝੋਕ ਹਰੀ ਹਰ ਦੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਅੰਦਰ ਧੂਮਧੜੱਕੇ ਨਾਲ ਸ਼ੁਰੂ ਹੋ ਗਿਆ। ਜ਼ਿਲ•ਾ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਮੇਲੇ ਦਾ ਉਦਘਾਟਨ ਕ੍ਰਿਕਟ ਦੇ ਟੂਰਨਾਮੈਂਟ ਵਜੋਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ. ਖਰਬੰਦਾ ਵੱਲੋਂ ਖੁਦ ਖੇਡ ਕੇ ਕੀਤਾ ਗਿਆ। ਇਸ ਮੌਕੇ ਬਸੰਤੀ ਰੰਗ ਦੀਆਂ ਦਸਤਾਰਾਂ 'ਚ ਸਜੇ ਨੌਜਵਾਨਾਂ ਵੱਲੋਂ ਜਿੱਥੇ ਵੱਡੀ ਤਦਾਦ 'ਚ ਗੁਬਾਰੇ ਛੱਡੇ ਗਏ, ਉਥੇ ਸ਼ਾਂਤੀ ਦਾ ਪ੍ਰਤੀਕ ਕਬੂਤਰ ਵੀ ਛੱਡੇ ਗਏ। ਨੌਜਵਾਨਾਂ ਨੂੰ ਖੇਡ ਗਰਾਉਂਡਾਂ ਨਾਲ ਜੁੜਣ ਅਤੇ ਸਿਹਤਾਂ ਸੰਭਾਲਣ ਦਾ ਸੱਦਾ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ 'ਚ ਭਾਗ ਲੈਣ ਦਾ ਸਭਨਾਂ ਨੂੰ ਸੱਦਾ ਦਿੱਤਾ। ਮੇਲੇ 'ਚ ਹੋਣ ਵਾਲੇ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 20 ਮਾਰਚ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਹਾਕੀ, ਰੱਸਾਕਸ਼ੀ, ਗਤਕਾ, ਨੌਜਵਾਨ ਦੌੜਾਂ, ਵਾਲੀਬਾਲ ਸ਼ੂਟਿੰਗ ਮੁਕਾਬਲਿਆਂ ਤੋਂ ਇਲਾਵਾ ਬੀ. ਐਸ. ਐਫ. ਵੱਲੋਂ ਵਿਸ਼ੇਸ਼ ਪ੍ਰੋਗਰਾਮ ਵੂਮੈਨ ਕੈਮਲ ਸਫਾਰੀ ਕਲਚਰਲ ਵਿਸ਼ੇਸ਼ ਪ੍ਰੋਗਰਾਮ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਜੀਗਰਾਂ ਵੱਲੋਂ ਪਾਈ ਜਾਣ ਵਾਲੀ ਬਾਜੀ ਮੇਲੇ 'ਚ ਖਿੱਚ ਦਾ ਕੇਂਦਰ ਹੋਵੇਗੀ। ਦੇਰ ਸ਼ਾਮ ਨੂੰ ਦੇਸ਼ ਭਗਤੀ ਸਮਾਗਮਾਂ 'ਚ ਨਾਟਕ ਅਤੇ ਕੋਰੀਓਗ੍ਰਾਫ਼ੀਆਂ ਹੋਣਗੀਆਂ। ਉਨ•ਾਂ ਦੱਸਿਆ ਕਿ 21 ਮਾਰਚ ਨੂੰ 'ਬੇਟੀ ਬਚਾਓ ਬੇਟੀ ਪੜਾਓ' ਨੂੰ ਸਮਰਪਿਤ ਸਮਾਗਮਾਂ ਵਿਚ ਲੜਕੀਆਂ ਦਾ ਕਬੱਡੀ ਕੱਪ ਕਰਵਾਉਣ ਤੋਂ ਇਲਾਵਾ ਲੜਕੀਆਂ ਦੀਆਂ ਖੇਡਾਂ 'ਚ ਵਾਲੀਬਾਲ, ਹੈਂਡਬਾਲ, ਬਾਕਸਿੰਗ, ਦੌੜਾਂ, ਮਹਿਲਾ ਪੰਚਾਂ-ਸਰਪੰਚਾਂ ਦੀ ਦੌੜ, ਮਹਿਲਾ ਚਾਟੀ ਦੌੜ, ਔਰਤ ਅਤੇ ਮਰਦ ਬਜ਼ੁਰਗਾਂ ਦੇ ਐਥਲੈਟਿਕਸ ਮੁਕਾਬਲੇ ਅਤੇ 75 ਕਿਲੋ ਲੜਕੇ ਆਲ ਓਪਨ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਦੇਰ ਸ਼ਾਮ ਨੂੰ ਕਵੀ ਦਰਬਾਰ ਅਤੇ 'ਮੈਂ ਫ਼ਿਰ ਆਵਾਂਗਾ' ਆਦਿ ਨਾਟਕ ਅਤੇ ਕੋਰੀਓਗ੍ਰਾਫ਼ੀ ਕਰਵਾਈਆਂ ਜਾਣਗੀਆਂ। ਉਨ•ਾਂ ਦੱਸਿਆ ਕਿ 22 ਮਾਰਚ ਨੂੰ ਕਬੱਡੀ ਕੱਪ ਲੜਕੇ, ਵਾਲੀਬਾਲ ਸ਼ਮੈਸਿੰਗ, ਹੈਂਡ ਬਾਲ, ਕੁਸ਼ਤੀ, ਬਾਕਸਿੰਗ, ਸਰਪੰਚਾਂ ਤੇ ਨੰਬਰਦਾਰਾਂ ਦੀ ਦੌੜ, ਨਿੰਬੂ-ਚਮਚ ਦੌੜ, ਬੋਰਾ ਦੌੜ, ਗਰੀਸ ਵਾਲੀ ਪਾਈਪ 'ਤੇ ਚੜ•ਣਾ, ਬਜ਼ੁਰਗਾਂ ਵੱਲੋਂ ਕੁੱਕੜ ਫੜਣਾ, 50 ਸਾਲਾ ਬਜ਼ੁਰਗਾਂ ਦਾ ਕਬੱਡੀ ਸ਼ੋਅ ਮੈਚ, ਕਿਸਾਨ ਗੋਸ਼ਟੀ ਤੋਂ ਇਲਾਵਾ ਊਠਾਂ ਤੇ ਘੋੜੀਆਂ ਦੇ ਨਾਚ ਖਿੱਚ ਦਾ ਕੇਂਦਰ ਹੋਣਗੇ। ਉਨ•ਾਂ ਦੱਸਿਆ ਕਿ ਦੇਰ ਸ਼ਾਮ ਅੰਤਰਰਾਸ਼ਟਰੀ ਬੀਰ ਰਸ ਖਾਲਸਾ ਗਤਕਾ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 23 ਮਾਰਚ ਨੂੰ ਹੁਸੈਨੀਵਾਲਾ ਸਮਾਰਕਾਂ 'ਤੇ ਸ਼ਰਧਾਜ਼ਲੀ ਸਮਾਗਮ ਤੋਂ ਇਲਾਵਾ ਖੂਨ ਦਾਨ ਕੈਂਪ ਆਦਿ ਪ੍ਰੋਗਰਾਮ ਹੋਣਗੇ। ਇਸ ਮੌਕੇ ਭਾਜਪਾ ਦੇ ਜ਼ਿਲ•ਾ ਪ੍ਰਧਾਨ ਜੁਗਰਾਜ ਸਿੰਘ ਕਟੋਰਾ, ਕਾਂਗਰਸ ਦੇ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਅਮਰਿੰਦਰ ਸਿੰਘ ਟਿੱਕਾ, ਜ਼ਿਲ•ਾ ਖੇਡ ਅਫ਼ਸਰ ਸੁਨੀਲ ਸ਼ਰਮਾ, ਦਰਸ਼ਨ ਸਿੰਘ ਕਟਾਰੀਆ ਜ਼ਿਲ•ਾ ਸਿੱਖਿਆ ਅਫ਼ਸਰ ਐਲੀਮੈਂਟਰੀ, ਪ੍ਰਦੀਪ ਦਿਓੜਾ ਜ਼ਿਲ•ਾ ਉਪ ਸਿੱਖਿਆ ਅਫ਼ਸਰ ਸੈਕੰਡਰੀ, ਬਲਕਾਰ ਸਿੰਘ ਮੱਲ•ੀ ਜ਼ਿਲ•ਾ ਮੁੱਖ ਖੇਤੀਬਾੜੀ ਅਫ਼ਸਰ, ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ, ਬੀਬੀ ਵੀਰੋ ਸਰਪੰਚ, ਰਣਧੀਰ ਸਿੰਘ ਸੰਧੂ ਪ੍ਰਧਾਨ ਬਾਬਾ ਕਾਲਾ ਮਹਿਰ ਯੂਥ ਕਲੱਬ, ਅਮਰੀਕ ਸਿੰਘ ਪੱਲ•ਾ, ਸਾਰਜ ਸਿੰਘ ਬੰਬ, ਪ੍ਰਿੰਸੀਪਲ ਪੀ. ਐਸ. ਸੰਧੂ, ਪ੍ਰੇਮਪਾਲ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਬਿਧੀ ਚੰਦ ਕਾਲਜ, ਚੇਅਰਮੈਨ ਜਸਬੀਰ ਸਿੰਘ ਵੱਟੂ ਭੱਟੀ, ਸ਼ੈਰੀ ਸੰਧੂ ਬਸਤੀ ਭਾਗ ਸਿੰਘ, ਸਰਬਜੀਤ ਸਿੰਘ ਸਰਪੰਚ ਬੂਹ, ਗੁਰਮੀਤ ਸਿੰਘ ਤੂਤ, ਕੁਲਬੀਰ ਸਿੰਘ ਖਾਰਾ, ਬਲਕਰਨ ਸਿੰਘ ਜੰਗ, ਸੁਖਜਿੰਦਰ ਸਿੰਘ ਸੰਧੂ, ਗੌਰਵ ਕੁਮਾਰ, ਅਜਮੇਰ ਸਿੰਘ ਸੰਧੂ ਰਿਟਾ: ਕਮਾਡੈਂਟ ਬੀ. ਐਸ. ਐਫ., ਸੁਖਦੇਵ ਸਿੰਘ ਸੰਧੂ, ਗੁਰਬਿੰਦਰ ਸਿੰਘ ਸੰਧੂ, ਇਕਬਾਲ ਸਿੰਘ ਸੰਧੂ, ਗਗਨਦੀਪ ਸਿੰਘ ਗੋਬਿੰਦ ਨਗਰ, ਬਲਕਰਨਜੀਤ ਸਿੰਘ ਹਾਜੀ ਵਾਲਾ, ਲਖਬੀਰ ਸਿੰਘ ਵਕੀਲਾਂ ਵਾਲੀ, ਨੀਟੂ ਪਹਿਲਵਾਨ ਆਦਿ ਹਾਜ਼ਰ ਸਨ।