Ferozepur News

ਫ਼ਿਰੋਜ਼ਪੁਰ ਵਿਚ 500 ਕਰੋੜ ਰੁਪਏ ਨਿਵੇਸ਼ ਕਰਨ ਜਾ ਰਿਹਾ ਹੈ ਅਡਾਨੀ ਗਰੁੱਪ :- ਪਿੰਕੀ

ਫ਼ਿਰੋਜ਼ਪੁਰ, 31 ਦਸੰਬਰ, (            ) ਦੇਸ਼ ਦਾ ਪ੍ਰਸਿੱਧ ਉਦਯੋਗਿਕ ਘਰਾਣਾ ਅਡਾਨੀ ਗਰੁੱਪ ਜਲਦੀ ਹੀ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿਚ 500 ਕਰੋੜ ਰੁਪਏ ਦਾ ਨਿਵੇਸ਼ ਕਰਕੇ ਇੰਟਰਨੈਸ਼ਨਲ ਲੈਵਲ ਦੀ ਚਾਵਲ ਇੰਡਸਟਰੀ ਬਣਾਉਣ ਜਾ ਰਿਹਾ ਹੈ। ਇਹ ਪ੍ਰਗਟਾਵਾਂ ਵਿਧਾਨਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਕੀਤਾ। 

ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲ੍ਹੇ ਦੇ ਲੱਖਾਂ ਲੋਕਾਂ ਲਈ ਨਵੇਂ ਸਾਲ ਵਿਚ ਇਹ ਖ਼ੁਸ਼ੀ ਦੀ ਖ਼ਬਰ ਹੈ ਕਿ ਅਡਾਨੀ ਗਰੁੱਪ 500 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਉਦਯੋਗ ਸਥਾਪਤ ਕਰਨ ਜਾ ਰਿਹਾ ਹੈ ਤੇ ਇਸ ਦੇ ਲਈ ਪਹਿਲੇ ਗੇੜ ਵਿਚ ਫਿਰੋਜ਼ਪੁਰ-ਫਰੀਦਕੋਟ ਰੋਡ ਤੇ ਪਿੰਡ ਵਾਂ ਵਿਚ ਗਰੁੱਪ ਵੱਲੋਂ ਕਰੀਬ 75 ਕਰੋੜ ਰੁਪਏ ਖ਼ਰਚ ਕਰਕੇ ਇੱਕ ਰਾਈਸ ਮਿੱਲ ਦੀ ਖ਼ਰੀਦ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਅੰਤਰ ਰਾਸ਼ਟਰੀ ਬਾਰਡਰ ਤੇ ਸਮੇਂ-ਸਮੇਂ ਤੇ ਪਾਕਿਸਤਾਨ ਨਾਲ ਹੋਣ ਵਾਲੀਆਂ ਜੰਗਾਂ ਨੂੰ ਲੈ ਕੇ ਇੰਡਸਟਰੀ ਲਗਾਉਣ ਤੋਂ ਪਰਹੇਜ਼ ਕਰਦੇ ਸਨ ਤੇ ਸਰਕਾਰ ਵੀ ਸਰਹੱਦੀ ਜ਼ਿਲ੍ਹਿਆਂ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੰਦੀ ਸੀ। ਪਰ ਹੁਣ ਵੱਡੇ ਉਦਯੋਗਿਕ ਘਰਾਣਿਆਂ ਦਾ ਧਿਆਨ ਇਨ੍ਹਾਂ ਇਲਾਕਿਆਂ ਵੱਲ ਹੈ ਤੇ ਅਡਾਨੀ ਗਰੁੱਪ ਦੀ ਪਹਿਲ ਦੇ ਚੱਲਦਿਆਂ ਫ਼ਿਰੋਜ਼ਪੁਰ ਅਤੇ ਆਸਪਾਸ ਵਸੇ ਕਸਬਿਆਂ ਦੇ ਹਜ਼ਾਰਾਂ ਲੋਕਾਂ ਨੂੰ ਜਿੱਥੇ ਰੋਜ਼ਗਾਰ ਦੇ ਬਿਹਤਰ ਮੌਕੇ ਮਿਲਣਗੇ, ਉੱਥੇ ਹੀ ਦੇਸ਼ ਤੇ ਵਿਦੇਸ਼ ਤੋਂ ਵੀ ਲੋਕ ਇੱਥੇ ਚਾਵਲ ਦੀ ਖ਼ਰੀਦੋ ਫ਼ਰੋਖ਼ਤ ਲਈ ਆਉਣਗੇ ਜਿਸ ਨਾਲ ਫ਼ਿਰੋਜ਼ਪੁਰ ਦੇ ਵਪਾਰ ਵਿਚ ਵਾਧਾ ਹੋਣਾ ਯਕੀਨੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ, ਤਰਨਤਾਰਨ ਅਤੇ ਫ਼ਾਜ਼ਿਲਕਾ ਵਿਚ ਜੋ ਵੀ ਵੱਡੇ ਉਦਯੋਗਿਕ ਘਰਾਣੇ ਉਦਯੋਗ ਸਥਾਪਤ ਕਰਨ ਵਾਲਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦੀ ਗੱਲ ਕਹੀ ਹੈ ਤਾਂ ਕਿ ਸਰਹੱਦੀ ਖੇਤਰਾਂ ਦਾ ਪਹਿਲ ਦੇ ਆਧਾਰ ਤੇ ਵਿਕਾਸ ਹੋ ਸਕੇ।

ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਨੇ ਅੱਗੇ ਕਿਹਾ ਕਿ ਫ਼ਿਰੋਜ਼ਪੁਰ ਵਿਚ ਕੋਈ ਵੱਡਾ ਉਦਯੋਗ ਨਾ ਹੋਣ ਕਾਰਨ ਬੇਰੁਜ਼ਗਾਰੀ ਸਿਰ ਚੜ੍ਹ ਕੇ ਬੋਲ ਰਹੀ ਹੈ। ਲੋਕ ਜ਼ਿਲ੍ਹਾ ਛੱਡ ਕੇ ਦੇਸ਼ ਦੇ ਵੱਡੇ ਸ਼ਹਿਰਾਂ ਜਾਂ ਵਿਦੇਸ਼ਾਂ ਵੱਲ ਭੱਜ ਰਹੇ ਹਨ। ਕੰਮਕਾਜ ਨਾਲ ਹੋਣ ਕਾਰਨ ਗ਼ਰੀਬ ਤੇ ਮਜ਼ਦੂਰ ਵਰਗ ਫ਼ਾਕੇ ਕੱਟਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਸਰਹੱਦੀ ਜ਼ਿਲ੍ਹਿਆਂ ਵਿਚ ਵੱਡੇ ਘਰਾਣਿਆਂ ਦੇ ਸਹਿਯੋਗ ਨਾਲ ਉਦਯੋਗ ਸਥਾਪਿਤ ਕਰਕੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਕੁੱਝ ਹੱਦ ਤੱਕ ਹੱਲ ਕੀਤਾ ਜਾਵੇ ਤਾਂ ਕਿ ਦਹਾਕਿਆਂ ਤੋਂ ਵਿਕਾਸ ਨੂੰ ਤਰਸ ਰਹੇ ਇਨ੍ਹਾਂ ਇਲਾਕਿਆਂ ਦਾ ਬਹੁਪੱਖੀ ਵਿਕਾਸ ਹੋ ਸਕੇ।

ਇਸ ਮੌਕੇ ਐਡਵੋਕੇਟ ਗੁਲਸ਼ਨ ਮੋਂਗਾ ਨੇ ਦੱਸਿਆ ਕਿ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ  ਪਿਛਲੇ ਕਾਫ਼ੀ ਸਮੇਂ ਤੋਂ ਨਿੱਜੀ ਤੌਰ ਤੇ ਅਡਾਨੀ ਗਰੁੱਪ ਦੇ ਨਾਲ ਫ਼ਿਰੋਜ਼ਪੁਰ ਵਰਗੇ ਸਰਹੱਦੀ ਖੇਤਰ ਵਿਚ ਉਦਯੋਗ ਸਥਾਪਤ ਕਰਨ ਦੀ ਮੰਗ ਨੂੰ ਲੈ ਕੇ ਮੀਟਿੰਗਾਂ ਕਰਦੇ ਆ ਰਹੇ ਹਨ ਤੇ ਹੁਣ ਉਨ੍ਹਾਂ ਦੇ ਯਤਨਾਂ ਨੂੰ ਬੂਰ ਪਿਆ ਹੈ ਤੇ ਇਲਾਕੇ ਦੀ ਨੁਹਾਰ ਬਦਲਣਾ ਯਕੀਨੀ ਹੈ।

Related Articles

Back to top button