ਫ਼ਿਰੋਜ਼ਪੁਰ ਦੇ ਪਿੰਡ ਹਾਮਦਵਾਲਾ ਚ ਅੰਗੀਠੀ ਤੋਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
ਫ਼ਿਰੋਜ਼ਪੁਰ ਦੇ ਪਿੰਡ ਹਾਮਦਵਾਲਾ ਚ ਅੰਗੀਠੀ ਤੋਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
ਫਿਰੋਜ਼ਪੁਰ 18 ਜਨਵਰੀ, 2021 ((ਬਲਬੀਰ ਸਿੰਘ ਜੋਸਨ)): ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਾਮਦਵਾਲਾ ਉਤਾਡ਼ ਵਿਖੇ ਬੀਤੀ ਰਾਤ ਕਮਰੇ ਵਿੱਚ ਕੋਲਿਆਂ ਦੀ ਅਗੀਠੀ ਦੀ ਗੈਸ ਚੜ੍ਹਨ ਨਾਲ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ । ਪੁਲੀਸ ਥਾਣਾ ਮੱਲਾਂਵਾਲਾ ਦੇ ਅਧੀਨ ਪੈਂਦੇ ਪਿੰਡ ਹਾਮਦਵਾਲਾ ਉਤਾੜ ਦੇ ਰਹਿਣ ਵਾਲੇ ਕੇਵਲ ਸਿੰਘ ਦੀ ਨੂੰਹ ਰਾਜਵੀਰ ਕੌਰ (35) ਪਤਨੀ ਜਗਜੀਤ ਸਿੰਘ, ਪੋਤਰੇ ਸਹਿਲਪ੍ਰੀਤ ਸਿੰਘ (12) ਤੇ ਏਕਮਪ੍ਰੀਤ ਸਿੰਘ (5) ਆਪਣੇ ਕਮਰੇ ਵਿਚ ਕੋਲਿਆਂ ਵਾਲੀ ਅੰਗੀਠੀ ਬਾਲ ਕੇ ਕਰੀਬ 9 ਵਜੇ ਟੈਲੀਵਿਜ਼ਨ ਦੇਖਦੇ ਹੋਏ ਸੌਂ ਗਏ ਸਨ।
ਜਦੋਂ ਸਵੇਰੇ ਮੇਰੀ ਨੂੰਹ ਮੇਰੇ ਲਈ ਚਾਹ ਨਾ ਲੈ ਕੇ ਆਈ ਤਾਂ ਦਰਵਾਜ਼ਾ ਖੋਲ੍ਹਣ ਲੱਗੇ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਧੂੰਆਂ ਨਿਕਲ ਰਿਹਾ ਸੀ ਦਰਵਾਜ਼ੇ ਦਾ ਜਿੰਦਰਾ ਤੋਡ਼ ਕੇ ਅੰਦਰ ਦੇਖਿਆ ਤਾਂ ਮੇਰੀ ਨੂੰਹ ਰਾਜਵੀਰ ਕੌਰ ਪੋਤਰੇ ਸਹਿਲਪ੍ਰੀਤ ਸਿੰਘ, ਏਕਮਪ੍ਰੀਤ ਸਿੰਘ ਦੀਆਂ ਲਾਸ਼ਾਂ ਬੈੱਡ ਉੱਪਰ ਪਈਆਂ ਸਨ । ਇਸ ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਅਤੇ ਪੁਲੀਸ ਥਾਣਾ ਮੱਲਾਂਵਾਲਾ ਨੂੰ ਦਿੱਤੀ ਗਈ ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਮੱਲਾਂਵਾਲਾ ਦੇ ਮੁਖੀ ਬਲਰਾਜ ਸਿੰਘ, ਚੌਕੀ ਇੰਚਾਰਜ ਲਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਘਟਨਾ ਦੀ ਸੂਚਨਾ ਮਿਲਦੇ ਹੀ ਡੀ ਐੱਸ ਪੀ ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ, ਰਣਜੀਤ ਸਿੰਘ ਐਸਡੀਐਮ ਜ਼ੀਰਾ, ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚੇ ।
ਥਾਣਾ ਮੁਖੀ ਬਲਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਬੀਰ ਕੌਰ ਦੇ ਪਿਤਾ ਰੂਪ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਭਾਣਾ ਫਰੀਦਕੋਟ ਦੇ ਬਿਆਨ ਤੇ 174 ਦੀ ਪੁਲਸ ਕਾਰਵਾਈ ਕਰਕੇ ਮ੍ਰਿਤਕ ਲਾਸ਼ਾਂ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਭੇਜੀਆਂ ਗਈਆਂ ਹਨ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਭਾਣਾ ਜੋ ਵਾਪਰਿਆ ਹੈ ਬਹੁਤ ਹੀ ਦੁਖਦਾਇਕ ਹੈ । ਪੰਜਾਬ ਸਰਕਾਰ ਵੱਲੋਂ ਜੋ ਵੀ ਇਸ ਪਰਿਵਾਰ ਲਈ ਬਣਦੀ ਸਹਾਇਤਾ ਹੋਵੇਗੀ ਕੀਤੀ ਜਾਵੇਗੀ।