ਫ਼ਿਰੋਜ਼ਪੁਰ ਦੇ ਆਰਚੇਰੀ (ਤੀਰ-ਅੰਦਾਜ਼ੀ) ਖਿਡਾਰੀ ਸੁਖਬੀਰ ਸਿੰਘ ਦੀ ਏਸ਼ੀਆ ਕੱਪ ਲਈ ਹੋਈ ਚੋਣ, ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ
ਫ਼ਿਰੋਜ਼ਪੁਰ ਦੇ ਆਰਚੇਰੀ (ਤੀਰ-ਅੰਦਾਜ਼ੀ) ਖਿਡਾਰੀ ਸੁਖਬੀਰ ਸਿੰਘ ਦੀ ਏਸ਼ੀਆ ਕੱਪ ਲਈ ਹੋਈ ਚੋਣ, ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ
ਫ਼ਿਰੋਜ਼ਪੁਰ 17 ਫਰਵਰੀ 2020 ( ) ਸੁਖਬੀਰ ਸਿੰਘ ਜੋ ਕਿ ਫ਼ਿਰੋਜ਼ਪੁਰ ਦੇ ਪਿੰਡ ਬਾਰੇ ਕੇ ਦਾ ਰਹਿਣ ਵਾਲਾ ਹੈ, ਜਿਸ ਨੇ ਖੇਡ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਖਿਡਾਰੀ ਸੁਖਬੀਰ ਸਿੰਘ ਨੇ ਅਗਸਤ 2019 ਵਿਚ ਹੋਏ ਯੂਥ ਵਰਲਡ ਚੈਂਪੀਅਨਸ਼ਿਪ ਦੌਰਾਨ ਆਰਚੇਰੀ (ਤੀਰ-ਅੰਦਾਜ਼ੀ) ਖੇਡ ਵਿਚ ਗੋਲਡ ਅਤੇ ਕਾਂਸਾ ਮੈਡਲ ਜਿੱਤੇ ਸਨ ਅਤੇ ਹੁਣ ਇਸ ਖਿਡਾਰੀ ਦੀ ਏਸ਼ੀਆ ਕੱਪ ਲਈ ਚੋਣ ਹੋਈ ਹੈ, ਜਿਸ ਤੇ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਸੁਖਬੀਰ ਸਿੰਘ ਨੂੰ ਮਿਠਾਈ ਖੁਆ ਕੇ ਵਧਾਈ ਦਿੱਤੀ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਕੁਮਾਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੂਰੇ ਫ਼ਿਰੋਜ਼ਪੁਰ ਲਈ ਮਾਨ ਵਾਲੀ ਗੱਲ ਹੈ ਕਿ ਫ਼ਿਰੋਜ਼ਪੁਰ ਦੇ ਖਿਡਾਰੀ ਦੀ ਏਸ਼ੀਆ ਕੱਪ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ 11 ਤੋਂ 13 ਫਰਵਰੀ ਦੌਰਾਨ ਸੋਨੀਪਤ ਵਿਖੇ ਆਰਚੇਰੀ (ਤੀਰ-ਅੰਦਾਜ਼ੀ) ਲਈ ਟਰਾਇਲ ਹੋਏ ਸਨ, ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਸੀ। ਟਰਾਇਲ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਤੇ ਸੁਖਬੀਰ ਸਿੰਘ ਨੂੰ ਆਗਾਮੀ ਥਾਈਲੈਂਡ ਵਿਖੇ ਹੋਣ ਵਾਲੇ ਏਸ਼ੀਆ ਕੱਪ ਲਈ ਚੁਣਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸੁਖਬੀਰ ਸਿੰਘ ਨੂੰ ਏਸ਼ੀਆ ਕੱਪ ਵਿਚ ਵਧੀਆਂ ਪ੍ਰਦਰਸ਼ਨ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।