Ferozepur News
ਜ਼ੀਰਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ 'ਮਿਸ਼ਨ ਤੰਦਰੁਸਤ ਪੰਜਾਬ' ਸਮਾਗਮ ਦਾ ਆਯੋਜਨ
ਜ਼ੀਰਾ (ਫ਼ਿਰੋਜ਼ਪੁਰ) 5 ਜੂਨ 2018 (Manish Bawa ) ਪੰਜਾਬ ਸਰਕਾਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪੂਰੇ ਪੰਜਾਬ ਵਿਚ ਸ਼ੁਰੂ ਕੀਤੇ ਗਏ "ਮਿਸ਼ਨ ਤੰਦਰੁਸਤ ਪੰਜਾਬ" ਤਹਿਤ ਸਮਰਾਟ ਪੈਲੇਸ ਜ਼ੀਰਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਫ਼ਿਰੋਜ਼ਪੁਰ/ਫ਼ਰੀਦਕੋਟ ਡਵੀਜਨ ਦੇ ਕਮਿਸ਼ਨਰ ਸ਼੍ਰੀ ਸੁਮੇਰ ਸਿੰਘ ਗੁਰਜ਼ਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਸ੍ਰ: ਕੁਲਬੀਰ ਸਿੰਘ ਜ਼ੀਰਾ ਵਿਧਾਇਕ ਜ਼ੀਰਾ ਵੱਲੋਂ ਕੀਤੀ ਗਈ।
ਇਸ ਮੌਕੇ ਆਪਣੇ ਸੰਬੋਧਨ ਵਿਚ ਕਮਿਸ਼ਨਰ ਸ਼੍ਰੀ ਸੁਮੇਰ ਸਿੰਘ ਗੁਰਜ਼ਰ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ, ਗੁਰੂਆਂ, ਰਿਸ਼ੀ-ਮੁਨੀਆਂ ਤੇ ਫ਼ਕੀਰਾਂ ਆਦਿ ਵੱਲੋਂ ਪਵਨ, ਪਾਣੀ, ਧਰਤੀ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਨੂੰ ਗੁਰੂ, ਪਿਤਾ ਅਤੇ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਪਰ ਅਫ਼ਸੋਸ ਹੈ ਕਿ ਤਰੱਕੀ ਦੇ ਨਾਂ ਤੇ ਅਸੀਂ ਵਾਤਾਵਰਨ ਨੂੰ ਪਲੀਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਕਦੇ ਪੰਜਾਬ ਦੇ ਪਾਣੀ ਦੀ ਤੁਲਨਾ ਅੰਮ੍ਰਿਤ ਨਾਲ ਕੀਤੀ ਜਾਂਦੀ ਸੀ, ਪਰ ਹੁਣ ਜਿੱਥੇ ਸਾਰੇ ਦਰਿਆਵਾਂ ਦਾ ਪਾਣੀ ਗੰਧਲਾ/ਜ਼ਹਿਰੀਲਾ ਹੋ ਰਿਹਾ ਹੈ ਉੱਥੇ ਹੀ ਮਾੜੀ ਹਵਾ ਦੇ ਪ੍ਰਦੂਸ਼ਣ ਦੁਆਰਾ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਾਹ ਦੀਆ ਬਿਮਾਰੀਆਂ ਅਤੇ ਜ਼ਹਿਰ ਵਾਲੇ ਫਲ ਸਬਜ਼ੀਆਂ ਖ਼ਾਣ ਨਾਲ ਬੱਚੇ ਤੇ ਨੌਜਵਾਨ ਕੈਂਸਰ ਤੇ ਬਲੱਡ ਪ੍ਰੈਸ਼ਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਬਹੁਤ ਹੀ ਗੰਭੀਰ ਮੁੱਦੇ ਤੇ ਤੁਰੰਤ ਕਾਰਵਾਈ ਕਰਦਿਆਂ ਪੂਰੇ ਪੰਜਾਬ ਵਿਚ ਅੱਜ ਤੋਂ 'ਮਿਸ਼ਨ ਤੰਦਰੁਸਤ ਪੰਜਾਬ' ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸੂਬੇ ਦੇ ਲੋਕਾਂ ਨੂੰ ਮਿਆਰੀ ਹਵਾ, ਮਿਆਰੀ ਪਾਣੀ ਅਤੇ ਸੁਰੱਖਿਅਤ ਭੋਜਨ ਦੇ ਨਾਲ ਜਿਊਣ ਲਈ ਵਧੀਆ ਵਾਤਾਵਰਨ ਮੁਹੱਈਆ ਕਰਵਾ ਕੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਵਿਚ ਸੁਧਾਰ ਲਿਆਉਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਦੇ ਲਾਗੂ ਹੋਣ ਨਾਲ ਪੰਜਾਬ ਸਿਹਤ ਅਤੇ ਵਾਤਾਵਰਨ ਪੱਖੋਂ ਖ਼ੁਸ਼ਹਾਲ ਹੋਵੇਗਾ। ਉਨ੍ਹਾਂ ਇਸ ਮੌਕੇ ਸਮਾਜ ਦੇ ਚਹੁੰ ਵਰਗਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦੇਣ ਤਾਂ ਜੋ ਸਾਡੀਆਂ ਆਉਣ ਵਾਲੀ ਪੀੜੀਆਂ ਲਈ ਸ਼ੁੱਧ ਹਵਾ, ਪਾਣੀ , ਖ਼ੁਰਾਕ ਅਤੇ ਵਾਤਾਵਰਨ ਸੁਰੱਖਿਅਤ ਰਹਿ ਸਕੇ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਉਦਯੋਗਿਕ ਕ੍ਰਾਂਤੀ ਤੇ ਹਰੀ ਕ੍ਰਾਂਤੀ ਦੇ ਨਾਂ ਤੇ ਜਿੱਥੇ ਪੰਜਾਬ ਦੇ ਪਾਣੀ ਜ਼ਹਿਰੀਲੇ ਹੋਏ ਹਨ ਉੱਥੇ ਹੀ ਕੀਟਨਾਸ਼ਕਾਂ ਦੀ ਵਰਤੋਂ ਨਾਲ ਧਰਤੀ ਵਿਚ ਪੈਦਾ ਹੋਣ ਵਾਲੇ ਖਾਦ ਪਦਾਰਥ ਵੀ ਜ਼ਹਿਰੀਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬੇਤਹਾਸ਼ਾ ਵਰਤੋਂ ਕਾਰਨ ਪੰਜਾਬ ਦੇ 105 ਬਲਾਕ ਡਾਰਕ ਜ਼ੋਨ ਵਿਚ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਪਾਣੀ ਵਿਚ ਜ਼ਹਿਰੀਲੀਆਂ ਧਾਤਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਧੂੰਏਂ, ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਸਾਡੀ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਹੀ ਹੈ। ਜੇਕਰ ਅਸੀਂ ਇਸ ਪਾਸੇ ਤੁਰੰਤ ਧਿਆਨ ਨਾ ਦਿੱਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ/ਨਸਲਾਂ ਲਈ ਇਹ ਭਾਰੀ ਸਾਬਤ ਸਿੱਧ ਹੋਣਗੀਆਂ। ਉਨ੍ਹਾਂ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿਚ ਲੋਕਾਂ ਦਾ ਪੂਰਨ ਸਹਿਯੋਗ ਲਿਆ ਜਾਵੇਗਾ ਤੇ ਇਸ ਮੁਹਿੰਮ ਨੂੰ ਲੋਕ ਲਹਿਰ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਸੋਹਣੇ ਪੰਜਾਬ ਨੂੰ ਇਸ ਅਲਾਮਤਾਂ ਤੋਂ ਛੁਟਕਾਰਾ ਦਵਾ ਕੇ ਇੱਕ ਖ਼ੁਸ਼ਹਾਲ ਤੇ ਤੰਦਰੁਸਤ ਪੰਜਾਬ ਦੀ ਸਿਰਜਨਾ ਕਰੀਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਮੁੱਖ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸਮੂਹ ਲੋਕਾਂ ਅਤੇ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਇਸ ਮੁਹਿੰਮ ਨੂੰ ਮਿਸ਼ਨ ਦੇ ਤੌਰ ਤੇ ਲੈ ਕੇ ਇਸ ਦੀ ਸਫਲਤਾ ਲਈ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਪ੍ਰਦੂਸ਼ਣ ਨਾਲ ਕਈ ਭਿਆਨਕ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ ਅਤੇ ਲਗਾਤਾਰ ਗੰਭੀਰ ਹੋ ਰਹੇ ਇਸ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਸਾਂਝੇ ਯਤਨਾਂ ਦੀ ਲੋੜ ਹੈ ਤੇ ਵਾਤਾਵਰਨ ਬਚਾਉਣ ਲਈ ਸਾਨੂੰ ਸਾਰਿਆ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਡਾ. ਰਿਚਾ ਨੇ ਕਿਹਾ ਕਿ ਕੈਮੀਕਲ ਤਰੀਕੇ ਨਾਲ ਪਕਾਏ ਫਲ ਅਤੇ ਸਬਜ਼ੀਆਂ ਦਾ ਮਨੁੱਖੀ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅਜਿਹੇ ਫਲਾਂ ਨੂੰ ਖਾਣ ਨਾਲ ਕੈਂਸਰ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕੈਮੀਕਲ ਤਰੀਕੇ ਨਾਲ ਪਕਾਈਆਂ ਸਬਜ਼ੀਆਂ ਤੇ ਫਲਾਂ ਦੀ ਰੋਕਥਾਮ ਲਈ ਸਾਨੂੰ ਸਾਰਿਆ ਨੂੰ ਵੱਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਦੀ ਰੋਕਥਾਮ ਲਈ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ।
ਫ਼ਿਰੋਜ਼ਪੁਰ ਦਿਹਾਤੀ ਤੋਂ ਕਾਂਗਰਸੀ ਆਗੂ ਸ੍ਰ; ਜਸਮੇਲ ਸਿੰਘ ਲਾਡੀ ਗਹਿਰੀ ਨੇ ਕਿਹਾ ਕਿ ਸਾਨੂੰ ਸਿਹਤਮੰਦ ਵਾਤਾਵਰਨ ਸਿਰਜਣ ਲਈ ਗੰਭੀਰ ਅਤੇ ਸੰਜੀਦਾ ਹੋਣਾ ਪਵੇਗਾ। ਜੇਕਰ ਅਸੀਂ ਹੁਣ ਤੋਂ ਹੀ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਹਿਰਦ ਹੋਵਾਂਗੇ, ਤਾਂ ਹੀ ਉਸ ਦਾ ਅਸਰ ਸਾਨੂੰ ਅਗਲੇ ਦਹਾਕੇ ਬਾਅਦ ਮਿਲਣਾ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਲੇ-ਦੁਆਲੇ ਦੀ ਸਫ਼ਾਈ ਰੱਖਣ ਦੇ ਨਾਲ-ਨਾਲ ਵੱਧ ਤੋਂ ਵੱਧ ਪੌਦੇ ਵੀ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਸਿਵਲ ਸਰਜਨ ਡਾ: ਗੁਰਮਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਤੰਦਰੁਸਤ ਸਿਹਤ ਲਈ ਸਮੇਂ-ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਪਣੇ ਖਾਣ-ਪੀਣ ਆਦਿ ਦਾ ਵੀ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਸਿਹਤ ਪੱਖੋਂ ਤੰਦਰੁਸਤ ਰਹਿ ਸਕੀਏ।
ਇਸ ਤੋਂ ਪਹਿਲਾਂ ਵਾਤਾਵਰਨ ਦੀ ਸ਼ੁੱਧੀ ਲਈ ਮੁੱਖ ਮਹਿਮਾਨ ਸ਼੍ਰੀ ਸੁਮੇਰ ਸਿੰਘ ਗੁਰਜ਼ਰ, ਵਿਧਾਇਕ ਸ੍ਰ: ਕੁਲਬੀਰ ਸਿੰਘ ਜ਼ੀਰਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋਂ ਐਸ.ਡੀ.ਐਮ ਦਫ਼ਤਰ ਜ਼ੀਰਾ ਵਿਖੇ ਪੌਦਾ ਲਗਾ ਕੇ ਘਰ-ਘਰ ਹਰਿਆਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਖੇਤੀਬਾੜੀ ਤੇ ਬਾਗ਼ਬਾਨੀ ਵਿਭਾਗ, ਜੰਗਲਾਤ ਵਿਭਾਗ, ਜਲ ਸਰੋਤ ਤੇ ਦਿਹਾਤੀ ਵਿਕਾਸ, ਪੰਚਾਇਤ ਵਿਭਾਗ, ਭਲਾਈ ਵਿਭਾਗ, ਖੇਡ ਵਿਭਾਗ, ਵਾਤਾਵਰਨ, ਪ੍ਰਦੂਸ਼ਣ ਕੰਟਰੋਲ ਆਦਿ ਵਿਭਾਗਾਂ ਵੱਲੋਂ ਵਾਤਾਵਰਨ ਤੇ ਤੰਦਰੁਸਤ ਪੰਜਾਬ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਵਾਤਾਵਰਨ ਹਿਤ ਨਾੜ ਨਾ ਸਾੜਨ ਵਾਲੇ ਜ਼ਿਲ੍ਹੇ ਦੇ 75 ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੇ ਵਿਦਿਆਰਥੀਆਂ ਅਤੇ ਅਚਾਰਿਆ ਪ੍ਰਮੋਦ ਵੱਲੋਂ ਯੋਗਾ ਰਾਹੀਂ ਤੰਦਰੁਸਤ ਸਿਹਤ ਰੱਖਣ ਦੀਆਂ ਤਕਨੀਕਾਂ ਬਾਰੇ ਦੱਸਿਆ ਗਿਆ। ਆਤਮ ਵੱਲਭ ਜੈਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਪੇਸ਼ ਕੀਤੇ ਗਏ ਅਤੇ ਵਿਦਿਆਰਥਣ ਪਰਮਜੀਤ ਕੌਰ ਵੱਲੋਂ ਵਾਤਾਵਰਨ ਦੀ ਸੰਭਾਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਐਸ.ਡੀ.ਐਮ ਜ਼ੀਰਾ ਸ਼੍ਰੀ ਅਮਿਤ ਗੁਪਤਾ, ਸਿਵਲ ਸਰਜਨ ਡਾ: ਗੁਰਮਿੰਦਰ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ: ਰਾਜਿੰਦਰ ਮਨਚੰਦਾ, ਨੇਕ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) , ਸ਼੍ਰੀ ਪ੍ਰਦੀਪ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਸ੍ਰ: ਮਨਜੀਤ ਸਿੰਘ ਜ਼ਿਲ੍ਹਾ ਮੰਡੀ ਅਫ਼ਸਰ, ਸੁਨੀਲ ਸ਼ਰਮਾ ਜ਼ਿਲ੍ਹਾ ਖੇਡ ਅਫ਼ਸਰ, ਪ੍ਰਗਟ ਸਿੰਘ ਬਰਾੜ ਡਿਪਟੀ ਡੀ.ਈ.ਓ, ਰਾਜਬੀਰ ਸਿੰਘ ਗਿੱਲ ਐਸ.ਡੀ.ਓ ਪ੍ਰਦੂਸ਼ਣ ਬੋਰਡ, ਡਾ: ਮੁਖ਼ਤਿਆਰ ਸਿੰਘ ਏ.ਡੀ.ਓ, ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਸ਼੍ਰੀ ਰਾਜੇਸ਼ ਢੰਡ ਉਪ ਪ੍ਰਧਾਨ ਨਗਰ ਕੌਂਸਲ ਜ਼ੀਰਾ, ਗੁਰਪ੍ਰੀਤ ਸਿੰਘ ਜੱਜ, ਸ਼੍ਰੀ ਮਹਿੰਦਰ ਸਿੰਘ ਨਗਰ ਪੰਚਾਇਤ ਮਖੂ, ਸ਼੍ਰੀ ਰੌਸ਼ਨ ਲਾਲ ਬਿੱਟਾ ਨਗਰ ਪੰਚਾਇਤ ਮੱਲਾਵਾਲਾ, ਸ਼੍ਰੀ ਵਿਜੇ ਕਾਲੜਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।