ਜ਼ਿਲ੍ਹੇ ਵਿੱਚ 20 ਆਮ ਆਦਮੀ ਕਲੀਨਿਕ 26 ਜਨਵਰੀ ਨੂੰ ਕੀਤੇ ਜਾਣਗੇ ਲੋਕ-ਅਰਪਣ : ਰਜਨੀਸ਼ ਦਹੀਯਾ
ਕਿਹਾ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨਸ਼ੀਲ
ਜ਼ਿਲ੍ਹੇ ਵਿੱਚ 20 ਆਮ ਆਦਮੀ ਕਲੀਨਿਕ 26 ਜਨਵਰੀ ਨੂੰ ਕੀਤੇ ਜਾਣਗੇ ਲੋਕ-ਅਰਪਣ : ਰਜਨੀਸ਼ ਦਹੀਯਾ
– ਕਿਹਾ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨਸ਼ੀਲ
ਫਿਰੋਜ਼ਪੁਰ, 12 ਜਨਵਰੀ 2023:
ਹਰ ਪਿੰਡ/ਮੁਹੱਲੇ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਪਹਿਲਾਂ 5 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਸਨ, ਜਦਕਿ ਹੁਣ ਜ਼ਿਲ੍ਹੇ ਵਿੱਚ 26 ਜਨਵਰੀ ਨੂੰ 20 ਹੋਰ ਆਮ ਆਦਮੀ ਕਲੀਨਿਕਾਂ ਨੂੰ ਲੋਕ ਅਰਪਿਤ ਕੀਤਾ ਜਾਵੇਗਾ। ਇਸ ਸਬੰਧੀ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸ੍ਰੀ ਰਜਨੀਸ਼ ਦਹੀਯਾ ਵਿਧਾਇਕ ਹਲਕਾ ਫਿਰੋਜ਼ਪੁਰ ਦਿਹਾਤੀ ਨੇ ਸਾਂਝੀ ਕੀਤੀ।
ਸ੍ਰੀ ਰਜਨੀਸ਼ ਦਹੀਯਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਅਤੇ ਸਿੱਖਿਆ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਆਮ ਆਦਮੀ ਕਲੀਨਿਕਾਂ ਦੇ ਖੁੱਲ੍ਹਣ ਨਾਲ ਖੇਤਰ ਵਿੱਚ ਲੋਕਾਂ ਨੂੰ ਸੁਚੱਜੇ ਢੰਗ ਨਾਲ ਮੁਫਤ ਇਲਾਜ ਦੀ ਸਹੂਲਤ ਮਿਲੇਗੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਲੱਗਣ ਵਾਲੀਆਂ ਲੰਮੀਆਂ ਕਤਾਰਾਂ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਖੁੱਲ੍ਹਣ ਵਾਲੇ ਇਨ੍ਹਾਂ 20 ਆਮ ਆਦਮੀ ਕਲੀਨਿਕਾਂ ਦੇ ਲਈ ਬੁਨਿਆਦੀ ਢਾਂਚੇ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਈ ਨਵੀਂ ਇਮਾਰਤ ਜਾਂ ਨਵਾਂ ਸਟਾਫ਼ ਤਾਇਨਾਤ ਨਹੀਂ ਕੀਤਾ ਜਾਵੇਗਾ, ਸਗੋਂ ਜ਼ਿਲ੍ਹੇ ਦੇ ਬਲਾਕਾਂ ਵਿੱਚ ਪਹਿਲਾਂ ਹੀ ਚੱਲ ਰਹੇ 2 ਯੂ.ਪੀ.ਐਚ.ਸੀ, 17 ਪੀ.ਐਚ.ਸੀ. ਅਤੇ 1 ਯੂ.ਐਸ.ਏ.ਡੀ. ਸੈਂਟਰ ਨੂੰ ਆਮ ਆਦਮੀ ਕਲੀਨਿਕ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਬਲਾਕ ਫ਼ਿਰੋਜ਼ਸ਼ਾਹ ਦੇ 5 ਪੀ.ਐਚ.ਸੀ ਕੇਂਦਰ ਜਿਨ੍ਹਾਂ ਵਿੱਚ ਸੁਲਹਾਣੀ, ਲੱਲੇ, ਮੁੱਦਕੀ, ਮੱਲਵਾਲ ਕਦੀਮ ਅਤੇ ਤਲਵੰਡੀ ਭਾਈ, ਬਲਾਕ ਮਮਦੋਟ ਦੇ 5 ਪੀ.ਐਚ.ਸੀ ਕੇਂਦਰ ਲੱਖੋ ਕੇ ਬਹਿਰਾਮ, ਆਰਿਫ਼ ਕੇ, ਨੂਰਪੁਰ ਸੇਠਾਂ ਅਤੇ ਖਾਈ ਫੇਮੇ ਕੀ ਤੇ ਝੌਂਕ ਹਰੀਹਰ ਸਮੇਤ ਬਲਾਕ ਗੁਰੂਹਰਸਹਾਏ ਦੇ 3 ਪੀ.ਐਚ.ਸੀ. ਜੀਵਾਂ ਅਰਾਈ, ਸੋਹਣਗੜ੍ਹ ਤੇ ਪੰਜੇ ਕੇ ਉਤਾੜ, ਬਲਾਕ ਕੱਸੋਆਣਾ ਦੇ 4 ਯੂ.ਪੀ.ਐਚ.ਸੀ. ਸੈਂਟਰ ਖੋਸਾ ਦਲ ਸਿੰਘ, ਵਕੀਲਾਂ ਵਾਲਾ, ਮੱਲਾਂਵਾਲਾ ਅਤੇ ਕੱਸੋਆਣਾ, ਫਿਰੋਜ਼ਪੁਰ ਅਰਬਨ ਵਿਚ 2 ਯੂ.ਪੀ.ਐਚ.ਸੀ, 1 ਫਿਰੋਜ਼ਪੁਰ ਕੈਂਟ ਤੋਂ ਇਲਾਵਾ ਜ਼ੀਰਾ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਰਾਜ ਦੇ ਸਿਹਤ ਖੇਤਰ ਵਿੱਚ ਵੱਡੀ ਪੁਲਾਂਘ ਹੈ ਤੇ ਪੰਜਾਬ ਸਰਕਾਰ ਵੱਲੋਂ ਰਾਜ ਦੇ ਆਮ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨਜ਼ਦੀਕ ਆਮ ਆਦਮੀ ਕਲੀਨਿਕਾਂ ਵਿਖੇ ਬਿਹਤਰੀਨ ਸਿਹਤ ਸਹੂਲਤਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਸਟਾਫ ਦੀ ਤਾਇਨਾਤੀ ਅਤੇ ਦਵਾਈਆਂ ਦਾ ਸਟਾਕ ਪੂਰਾ ਹੋਣ ‘ਤੇ ਅੰਤਿਮ ਛੋਹ ਦੇ ਕੇ ਆਗਾਮੀ 26 ਜਨਵਰੀ ਨੂੰ ਆਮ ਆਦਮੀ ਕਲੀਨਿਕਾਂ ਨੂੰ ਲੋਕ ਅਰਪਿਤ ਕੀਤਾ ਜਾਵੇਗਾ।