ਜ਼ਿਲ੍ਹੇ ਵਿਚ ਕੰਮ ਕਰ ਰਹੇ ਟਰੈਵਲ ਏਜੰਟ, ਆਈਲੈਟਸ ਇੰਸਟੀਚਿਊਟ ਆਦਿ ਆਪਣੀ ਰਜਿਸਟ੍ਰੇਸ਼ਨ ਤੁਰੰਤ ਕਰਵਾਉਣ-ਡਿਪਟੀ ਕਮਿਸ਼ਨਰ।
ਫਿਰੋਜ਼ਪੁਰ 21 ਜੂਨ 2017 ( ): ਡਿਪਟੀ ਕਮਿਸ਼ਨਰ -ਕਮ-ਜਿਲ੍ਹਾ ਮੈਜਿਸਟ੍ਰੇਟ ਸ੍ਰੀ ਰਾਮਵੀਰ ਨੇ ਜ਼ਿਲ੍ਹੇ 'ਚ ਟਰੈਵਲ ਏਜੰਟਸ, ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ, ਕੰਨਸਲਟੈਂਸੀਜ, ਟਿਕਟਿੰਗ ਏਜੰਟ ਅਤੇ ਜਨਰਲ ਸੇਲਜ਼ ਏਜੰਟ ਦਾ ਕੰਮ ਕਰਨ ਵਾਲਿਆਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਜਿੰਨਾਂ ਇੰਸਟੀਚਿਊਟਸ /ਏਜੰਟਸ ਵੱਲੋਂ ਹਾਲੇ ਤੱਕ ਰਜਿਸਟਰੇਸ਼ਨ ਨਹੀਂ ਕਰਵਾਈ ਗਈ ਹੈ। ਉਹ ਜਲਦ ਤੋਂ ਜਲਦ ਰਜਿਸਟਰੇਸ਼ਨ ਕਰਵਾ ਲੈਣ। ਰਜਿਸਟਰੇਸ਼ਨ ਨਾ ਕਰਵਾਉਣ ਦੀ ਸੂਰਤ 'ਚ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਕਾਨੂੰਨ ਵਿਦੇਸ ਜਾਣ ਤੇ ਨਾਂਅ ਤੇ ਹੋਣ ਵਾਲੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਜੇਕਰ ਕੋਈ ਵੀ ਅਦਾਰਾ ਬਿਨ੍ਹਾਂ ਰਜਿਸਟ੍ਰੇਸ਼ਨ ਦੇ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਿਲ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਵਲ ਮਾਨਤਾ ਪ੍ਰਾਪਤ ਟ੍ਰੇਵਲ ਏਂਜਟਾਂ, ਆਇਲੈਟਸ ਇੰਸਟੀਚਿਊਟ ਆਦਿ ਤੋਂ ਸੇਵਾਵਾਂ ਲੈਣ ਤਾਂ ਜੋ ਕਿਸੇ ਵੀ ਪ੍ਰਕਾਰ ਦੇ ਫਰਾਡ ਤੋਂ ਬੱਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਇੰਨ੍ਹਾਂ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਇੰਨ੍ਹਾਂ ਦੀ ਰਜਿਸਟ੍ਰੇਸ਼ਨ ਦੀ ਪੜਤਾਲ ਕਰ ਲੈਣ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਅਧੀਨ ਸਕੱਤਰ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਤੋਂ ਪ੍ਰਾਪਤ ਪੱਤਰ ਅਨੁਸਾਰ ਜ਼ਿਲ੍ਹੇ ਦੇ ਉਪ ਮੰਡਲ ਦਫ਼ਤਰਾਂ ਵਿੱਚ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 ਤੇ ਰੂਲਜ਼ 2013 ਅਤੇ ਸੋਧ ਐਕਟ/ਰੂਲਜ਼ 2014 ਜੋ ਕਿ ਹੁਣ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ 2012 ਹੈ, ਦੇ ਤਹਿਤ ਟਰੈਵਲ ਏਜੰਟ, ਕੋਚਿੰਗ ਇੰਸਟੀਚਿਊਟਸ ਆਫ਼ ਆਈਲੈਟਸ, ਕੰਨਸਲਟੈਂਸੀਜ਼, ਟਿਕਟਿੰਗ ਏਜੰਟਸ ਲਈ ਰਜਿਸਟਰਡ ਕੀਤੇ ਜਾਣੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰੈਵਲ ਏਜੰਟਸ, ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ, ਕੰਨਸਲਟੈਂਸੀਜ਼ ਆਦਿ ਜਿੰਨੇ ਵੀ ਅਦਾਰੇ ਚੱਲ ਰਹੇ ਹਨ। ਉਨ੍ਹਾਂ ਦੀ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਸਬੰਧਿਤ ਉਪ ਮੰਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਸਬੰਧੀ ਜਲਦ ਕਾਰਵਾਈ ਅਮਲ 'ਚ ਲਿਆਉਣ।