Ferozepur News
ਜ਼ਿਲ੍ਹੇ ਦੇ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਿਆਂ ਦੇ ਆਦੀ 607 ਵਿਅਕਤੀਆਂ ਨੇ ਇਨਡੋਰ ਤੇ ਆਊਟਡੋਰ ਰਾਹੀਂ ਕਰਵਾਇਆ ਇਲਾਜ : ਡਿਪਟੀ ਕਮਿਸ਼ਨਰ ਮੁੜ ਵਸੇਬਾ ਕੇਂਦਰ ਦਾ ਨਸ਼ਿਆਂ ਦੇ ਆਦੀ 13 ਵਿਅਕਤੀਆਂ ਨੇ ਲਿਆ ਲਾਭ ਓਟ ਕਲੀਨਿਕ ਵਿਖੇ 134 ਵਿਅਕਤੀਆਂ ਨੇ ਇਲਾਜ ਕਰਵਾਇਆ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ
ਫ਼ਿਰੋਜ਼ਪੁਰ 20 ਜੂਨ 2018 ( Manish Bawa )
ਫ਼ਿਰੋਜ਼ਪੁਰ ਵਿਖੇ ਸਥਿਤ ਨਸ਼ਾ ਛੁਡਾਊ ਕੇਂਦਰ ਤੋ ਜਨਵਰੀ 2018 ਤੋਂ ਮਈ 2018 ਤੱਕ 496 ਨਸ਼ਿਆਂ ਦੇ ਆਦੀ ਵਿਅਕਤੀਆਂ ਨੇ ਓ.ਪੀ.ਡੀ. ਰਾਹੀਂ ਇਲਾਜ ਕਰਵਾਇਆ ਹੈ ਜਦੋਂ ਕਿ 111 ਨਸ਼ਿਆਂ ਦੇ ਆਦੀ ਵਿਅਕਤੀਆਂ ਨੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਹੋ ਕੇ ਆਪਣਾ ਇਲਾਜ ਕਰਵਾਇਆ ਹੈ। ਇਲਾਜ ਕਰਵਾਉਣ ਉਪਰੰਤ ਜਿੱਥੇ ਇਹ ਲੋਕ ਮੁੱਖ ਧਾਰਾ ਵਿਚ ਪਰਤੇ ਹਨ, ਉੱਥੇ ਹੀ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਵੀ ਮਿਲੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਦਿੱਤੀ।
ਉਨ੍ਹਾਂ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਇਨ੍ਹਾਂ ਕੇਂਦਰਾਂ ਵਿਚ ਇਲਾਜ, ਕੌਂਸਲਿੰਗ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਉਹ ਇਲਾਜ ਉਪਰੰਤ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿਚੋਂ ਨਸ਼ਾ ਛੱਡਣ ਉਪਰੰਤ 13 ਵਿਅਕਤੀ ਮੁੜ ਵਸੇਬਾ ਕੇਂਦਰ ਦਾ ਲਾਭ ਉਠਾ ਚੁੱਕੇ ਹਨ, ਜਿੱਥੇ ਕਿ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਉਹ ਮੁੜ ਤੋਂ ਨਸ਼ਿਆਂ ਦੀ ਦਲਦਲ ਵਿਚ ਨਾ ਪੈਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ੇ ਅੱਜ ਦੇ ਦੌਰ ਵਿਚ ਸਭ ਤੋਂ ਗੰਭੀਰ ਵਿਸ਼ਾ ਹੈ ਜਿਸ ਦੇ ਖ਼ਾਤਮੇ ਲਈ ਸਾਨੂੰ ਸਭ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਲਹਿਰ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਸੂਬੇ ਵਿਚ ਲੋਕਾਂ ਨੂੰ ਤੰਦਰੁਸਤ ਬਣਾਉਣ, ਨਸ਼ਿਆਂ ਦੇ ਖ਼ਾਤਮੇ, ਵਾਤਾਵਰਨ ਦੀ ਸੰਭਾਲ ਲਈ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਸਬੰਧੀ ਵੱਡੀ ਪੱਧਰ ਤੇ ਸਰਕਾਰੀ ਵਿਭਾਗਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਨਾਲ ਪੰਜਾਬ ਤੰਦਰੁਸਤ ਵੀ ਹੋਵੇਗਾ ਤੇ ਖ਼ੁਸ਼ਹਾਲ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਗ਼ਲਤ ਸੰਗਤ ਵਿਚ ਪੈ ਕੇ ਨਸ਼ਿਆਂ ਦੀ ਦਲਦਲ ਵਿਚ ਫਸ ਜਾਂਦਾ ਹੈ ਤਾਂ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਨੂੰ ਫ਼ਿਰੋਜ਼ਪੁਰ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਲੈ ਕੇ ਆਈਏ ਜਿੱਥੇ ਕਿ ਮਾਹਿਰ ਡਾਕਟਰ ਵੱਲੋਂ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਨਸ਼ਾ ਛੁਡਾਊ ਕੇਂਦਰ ਦੀ ਇੰਚਾਰਜ ਡਾ: ਰਚਨਾ ਮਿੱਤਲ ਨੂੰ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਨਸ਼ਿਆਂ ਦੇ ਖ਼ਾਤਮੇ ਲਈ ਡੈਪੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਲਈ ਜਿਹੜੇ ਵਿਅਕਤੀਆਂ ਨੇ ਨਸ਼ੇ ਦਾ ਤਿਆਗ ਕੀਤਾ ਹੈ ਉਨ੍ਹਾਂ ਦੀ ਬਤੌਰ ਵਲੰਟੀਅਰ ਡੈਪੋ ਦੇ ਤੌਰ 'ਤੇ ਮਦਦ ਲਈ ਜਾਵੇ ਕਿਉਂਕਿ ਉਹ ਹੋਰਨਾਂ ਵਿਅਕਤੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਧੇਰੇ ਚੰਗੀ ਤਰ੍ਹਾਂ ਸਮਝਾ ਸਕਦੇ ਹਨ।
ਨਸ਼ਾ ਛੁਡਾਊ ਕੇਂਦਰ ਦੀ ਇੰਚਾਰਜ ਡਾ: ਰਚਨਾ ਮਿੱਤਲ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਮੱਖੂ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਖੋਲ੍ਹਿਆ ਗਿਆ ਓਟ ਕਲੀਨਿਕ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਈ 2018 ਤੱਕ 134 ਵਿਅਕਤੀ ਓਟ ਕਲੀਨਿਕ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਕਿਹਾ ਓਟ ਕਲੀਨਿਕ ਵਿਖੇ ਨਸ਼ਿਆਂ ਦੇ ਆਦੀ ਵਿਅਕਤੀਆਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾਂਦਾ ਹੈ ਤਾਂ ਜੋ ਉਹ ਵਿਅਕਤੀ ਨਸ਼ਿਆਂ ਦੀ ਲੱਤ ਤੋਂ ਦੂਰ ਰਹਿਣ।