Ferozepur News

ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਨੇ ਅਖ਼ਬਾਰ ਵੰਡਣ ਵਾਲਿਆਂ ਨੂੰ ਨਵੇਂ ਸਾਈਕਲ, ਗਰਮ ਜਾਕਟਾਂ ਦੇ ਕੇ ਕੀਤਾ ਸਨਮਾਨਿਤ

ਪਹਿਲੀ ਵਾਰ ਮਿਲੇ ਸਨਮਾਨ ਅਤੇ ਤੋਹਫਿਆਂ ਨਾਲ ਭਾਵੁਕ ਹੋਏ ਅਖ਼ਬਾਰ ਵੰਡਣ ਵਾਲੇ

ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਨੇ ਅਖ਼ਬਾਰ ਵੰਡਣ ਵਾਲਿਆਂ ਨੂੰ ਨਵੇਂ ਸਾਈਕਲ, ਗਰਮ ਜਾਕਟਾਂ ਦੇ ਕੇ ਕੀਤਾ ਸਨਮਾਨਿਤ

ਅਖ਼ਬਾਰਾਂ ਵੰਡਣ ਵਾਲਿਆਂ ਨੂੰ ਮਿਲੀ ਨਵੀਂ ਉਡਾਣ‘‘

ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਨੇ ਅਖ਼ਬਾਰ ਵੰਡਣ ਵਾਲਿਆਂ ਨੂੰ ਨਵੇਂ ਸਾਈਕਲ, ਗਰਮ ਜਾਕਟਾਂ ਦੇ ਕੇ ਕੀਤਾ ਸਨਮਾਨਿਤ

ਪਹਿਲੀ ਵਾਰ ਮਿਲੇ ਸਨਮਾਨ ਅਤੇ ਤੋਹਫਿਆਂ ਨਾਲ ਭਾਵੁਕ ਹੋਏ ਅਖ਼ਬਾਰ ਵੰਡਣ ਵਾਲੇ

ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ

ਰਹਿ ਗਏ ਅਖ਼ਬਾਰ ਵੰਡਣ ਵਾਲਿਆਂ ਦਾ ਭਵਿੱਖ ਵਿੱਚ ਹੋਵੇਗਾ ਸਨਮਾਨ – ਸਿੰਘਲ

 

ਫ਼ਿਰੋਜ਼ਪੁਰ, 8 ਫਰਵਰੀ 2023:

ਫ਼ਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਜਦੋਂ ਪਹਿਲੀ ਵਾਰ ਅਖਬਾਰ ਵੰਡਣ ਵਾਲੇ ਵਿਅਕਤੀਆਂ ਦਾ ਸਨਮਾਨ ਹੋਇਆ ਤਾਂ ਬਹੁਤ ਸਾਰੇ ਸਨਮਾਨ ਲੈ ਕੇ ਖੁਸ਼ੀ ਨਾਲ ਭਾਵੁਕ ਹੋ ਗਏ। ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ, ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਅਖਬਾਰ ਵੰਡਣ ਵਾਲਿਆਂ ਦਾ ਨਵੇਂ ਸਾਈਕਲ, ਗਰਮ ਜਾਕਟ ਅਤੇ ਪਾਣੀ ਵਾਲੀ ਬੋਤਲ ਨਾਲ ਸਨਮਾਨ ਕੀਤਾ।

ਇਸ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਤੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਤੇ ਰਕਸ਼ਾ ਫਾਊਂਡੇਸ਼ਨ ਵੱਲੋਂ ਇਹ ਵੱਡਾ ਉਪਰਾਲਾ ਕਰਕੇ ਸਮਾਜ ਵੱਲੋਂ ਅਣਗੌਲੇ ਮਿਹਨਤੀ ਤੇ ਸਿਰੜੀ ਅਖ਼ਬਾਰ ਵੰਡਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਦਾ ਗਰੁੱਪ ਬੀਮਾ ਵੀ ਕਰਵਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਇਸ ਮੌਕੇ ਕਿਹਾ ਕਿ ਅਖ਼ਬਾਰਾਂ ਵੰਡਣ ਵਾਲੇ ਬਿਨਾਂ ਛੁੱਟੀ ਦੇ ਸਵੇਰੇ ਚਾਰ ਵਜੇ ਦੇ ਕਰੀਬ ਉੱਠ ਕੇ ਆਪਣੇ ਵਿਅਕਤੀਗਤ ਸੁੱਖ ਨੂੰ ਛੱਡ ਕੇ ਅੱਤ ਦੀ ਸਰਦੀ, ਗਰਮੀ ਤੇ ਖਰਾਬ ਮੌਸਮ ਵਿੱਚ ਵੀ ਘਰਾਂ / ਦਫ਼ਤਰਾਂ ਤਕ ਬਿਨਾ ਨਾਗਾ ਅਖਬਾਰ ਪਹੁੰਚਾਉਣ ਦਾ ਕਾਰਜ ਕਰਦੇ ਹਨ। ਪਰੰਤੂ ਲੋਕਾਂ ਨੂੰ ਇਨ੍ਹਾਂ ਦੇ ਨਾਮ ਦਾ ਵੀ ਪਤਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਣਥੱਕ ਤੇ ਮਿਹਨਤੀ ਵਿਅਕਤੀਆਂ ਦਾ ਮੁੱਖ ਧਰਮ ਇਨ੍ਹਾਂ ਦੀ ਮਿਹਨਤ ਹੀ ਹੈ। ਉਨ੍ਹਾਂ ਬਾਕੀ ਲੋਕਾਂ ਨੂੰ ਵੀ ਇਨ੍ਹਾਂ ਦੀ ਮਿਹਨਤ ਤੇ ਸਿਰੜ ਤੋਂ ਪ੍ਰੇਰਿਤ ਹੋਣ ਦਾ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਮਿਹਨਤ ਤੇ ਜਜ਼ਬੇ ਨੂੰ ਸਲਾਮ ਕਰਦਿਆਂ ਇਨ੍ਹਾਂ ਦਾ ਸਨਮਾਨ ਕਰਕੇ ਇਹ ਨਿਗੁਣਾ ਉਪਰਾਲਾ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਮਿਹਨਤੀ ਲੋਕਾਂ ਦਾ ਸਨਮਾਨ ਕਰਨ ਦਾ ਮਕਸਦ ਉਨ੍ਹਾਂ ਨੂੰ ਹੌਸਲਾ ਤੇ ਹੱਲਾਸ਼ੇਰੀ ਦੇ ਨਾਲ ਸਤਿਕਾਰ ਦੇਣਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਦਿੰਦਿਆਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸ੍ਰੀ ਧੀਮਾਨ ਨੇ ਦੱਸਿਆ ਕਿ ਸਨਮਾਨ ਵਜੋਂ ਅੱਜ ਅਖ਼ਬਾਰ ਵੰਡਣ ਵਾਲਿਆਂ ਨੂੰ ਸਾਈਕਲ, ਗਰਮ ਜੈਕਟਾਂ, ਪਾਣੀ ਵਾਲੀ ਬੋਤਲ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਇਹ ਸਨਮਾਨ ਭਵਿੱਖ ਵਿੱਚ ਵੀ ਜਾਰੀ ਰਹੇਗਾ। ਉਨ੍ਹਾਂ ਇਸ ਕਾਰਜ ਵਿੱਚ ਸਹਿਯੋਗ ਲਈ ਰਕਸ਼ਾ ਫਾਊਂਡੇਸ਼ਨ ਦੇ ਐਡਵੋਕੇਟ ਗਗਨਦੀਪ ਸਿੰਘਲ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੇ ਵਧੀਆ ਕਾਰਜਾਂ ਲਈ ਹੋਰ ਦਾਨੀ ਸੱਜਣਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।

ਸਨਮਾਨਤ ਕੀਤੇ ਗਏ ਅਖ਼ਬਾਰ ਵੰਡਣ ਵਾਲੇ 10 ਸਾਲ ਤੋਂ ਲੈ ਕੇ 40 ਸਾਲ ਤੱਕ ਰੋਜ਼ਾਨਾ ਫ਼ਿਰੋਜ਼ਪੁਰ ਸ਼ਹਿਰ, ਫ਼ਿਰੋਜ਼ਪੁਰ ਛਾਉਣੀ ਅਤੇ ਨਜ਼ਦੀਕ ਦੇ ਪੱਚੀ ਕਿਲੋਮੀਟਰ ਤੋਂ ਵੱਧ ਪਿੰਡਾਂ ਵਿਚ ਅਖਬਾਰਾਂ ਵੰਡਣ ਦਾ ਕਾਰਜ ਨਿਭਾ ਰਹੇ ਹਨ। ਪਿਛਲੇ ਲਗਭਗ 45 ਸਾਲ ਤੋਂ 60 ਕਿਲੋਮੀਟਰ ਸਾਈਕਲ ਚਲਾ ਕੇ ਅਖਬਾਰਾਂ ਵੰਡਣ ਦਾ ਕੰਮ ਕਰਨ ਵਾਲੇ ਕਰਨਵੀਰ ਚੌਧਰੀ ਦਾ ਕਹਿਣਾ ਸੀ ਕਿ ਉਹ ਲੰਮੇ ਸਮੇਂ ਤੋਂ ਅਖ਼ਬਾਰ ਵੰਡਣ ਦਾ ਕਾਰਜ ਕਰ ਰਿਹਾ ਹੈ, ਪਰ ਅੱਜ ਪਹਿਲੀ ਵਾਰ ਡਿਪਟੀ ਕਮਿਸ਼ਨਰ ਜੀ ਵੱਲੋਂ ਉਨ੍ਹਾਂ ਨੂੰ ਏਨਾ ਮਾਣ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਨੂੰ ਨਵੀਂ ਉਡਾਣ ਮਿਲੀ ਹੈ। ਅਖਬਾਰ ਵੰਡਣ ਦੇ ਕਈ ਸਾਲਾਂ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਪਰਿਵਾਰ ਲਈ ਖੁਸ਼ੀਆਂ ਭਰਿਆ ਦਿਨ ਤੇ ਮਾਣ ਵਾਲੇ ਪਲ ਹਨ ਜਿਨ੍ਹਾਂ ਦਾ ਡਿਪਟੀ ਕਮਿਸ਼ਨਰ ਸ਼੍ਰੀ ਧੀਮਾਨ ਤੇ ਰਕਸ਼ਾ ਫਾਂਊਡੇਸ਼ਨ ਨੇ ਇੰਨਾ ਮਾਣ-ਸਨਮਾਨ ਕੀਤਾ ਹੈ।

ਅਖਬਾਰ ਵੰਡਣ ਦੇ ਕਿੱਤੇ ਨਾਲ ਪਿਛਲੇ ਕਈ ਸਾਲਾਂ ਤੋਂ ਜੁੜੇ ਮੰਗਤ ਰਾਮ, ਅਨਿਲ ਕੁਮਾਰ, ਪਰਵੀਨ ਗੋਇਲ, ਰਜਿੰਦਰ ਕੁਮਾਰ, ਮੁਕੇਸ਼ ਕੁਮਾਰ, ਰਕੇਸ਼ ਕੁਮਾਰ, ਵਿਕਾਸ, ਕੁਲਦੀਪ, ਸੰਦੀਪ, ਪਰਮਜੀਤ ਆਦਿ ਨੇ ਇਸ ਉੱਦਮ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਸਨਮਾਨ ਲੈਣ ਮੌਕੇ ਬਹੁਤ ਸਾਰੇ ਅਖ਼ਬਾਰ ਵੰਡਣ ਵਾਲੇ ਭਾਵੁਕ ਹੁੰਦੇ ਵੀ ਵੇਖੇ ਗਏ। ਇਸ ਮੌਕੇ ਸੰਜੇ, ਪਵਨ, ਕਮਲ, ਯਸ਼ਪਾਲ, ਸਤੀਸ਼, ਕ੍ਰਿਸ਼ਨ, ਅਮਿਤ, ਰਿਤਿਸ਼, ਪਵਨ, ਵਿਕਰਮ, ਇੰਦਰਜੀਤ ਸਮੇਤ ਕਰੀਬ 40 ਅਖ਼ਬਾਰ ਵੰਡਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।

ਰਕਸ਼ਾ ਫਾਊਂਡੇਸ਼ਨ ਦੇ ਐਡਵੋਕੇਟ ਗਗਨਦੀਪ ਸਿੰਘਲ ਨੇ ਕਿਹਾ ਕਿ ਇਸ ਫਾਊਂਡੇਸ਼ਨ ਨੂੰ ਇਸ ਉਪਰਾਲੇ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਵੱਲੋਂ ਉਤਸ਼ਾਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਕਰਕੇ ਫਾਂਊਡੇਸ਼ਨ ਦੇ ਸਮੁੱਚੇ ਮੈਂਬਰਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਅਤੇ ਭਵਿੱਖ ਵਿੱਚ ਰਹਿ ਗਏ ਅਖ਼ਬਾਰ ਵੰਡਣ ਵਾਲਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਸ. ਜਗਦੀਪ ਸਿੰਘ ਸੰਧੂ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਸੀ.ਈ.ਓ. ਡੀ.ਸੀ.ਐਮ. ਗਰੁੱਪ ਆਫ ਸਕੂਲ ਸ੍ਰੀ ਅਨਿਰੁੱਧ ਗੁਪਤਾ, ਚੇਅਰਮੈਨ ਵਿਵੇਕਾਨੰਦ ਵਰਲਡ ਸਕੂਲ ਸ੍ਰੀ ਗੌਰਵ ਭਾਸਕਰ, ਸ. ਕਿੱਕਰ ਸਿੰਘ ਕੁਤਬੇ ਵਾਲਾ, ਸ. ਰੌਬੀ ਸੰਧੂ, ਸ. ਰਾਜ ਬਹਾਦਰ ਸਿੰਘ ਗਿੱਲ ਅਤੇ ਹੋਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button