Ferozepur News

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ ਦਾ ਆਯੋਜਨ

ਫ਼ਿਰੋਜ਼ਪੁਰ 22 ਮਈ 2018 (Vikramditya Sharma/ Manish Bawa ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਮੀਟਿੰਗ  ਕਮੇਟੀ ਦੇ ਚੇਅਰਮੈਨ-ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ. ਐੱਸ. ਕੇ. ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਸ੍ਰ. ਪ੍ਰੀਤਮ ਸਿੰਘ ਐੱਸ.ਐੱਸ.ਪੀ. ਫ਼ਿਰੋਜ਼ਪੁਰ, ਸ੍ਰ. ਗੁਰਨਾਮ ਸਿੰਘ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਮੈਡਮ ਤ੍ਰਿਪਤਜੋਤ ਕੌਰ ਸੀ.ਜੇ.ਐੱਮ,  ਸ੍ਰ. ਬਲਜਿੰਦਰ ਸਿੰਘ ਮਾਨ ਸੀ.ਜੇ.ਐੱਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਬਤੌਰ ਮੈਂਬਰ ਸ਼ਾਮਲ ਹੋਏ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਰਗ ਦੇ ਲੋਕਾਂ, ਘੱਟ ਆਮਦਨ ਵਾਲੇ ਗ਼ਰੀਬ ਲੋਕਾਂ, ਵਿਧਵਾ, ਯਤੀਮ ਬੱਚਿਆਂ, ਬੇਸਹਾਰਾ ਅਤੇ ਗ਼ਰੀਬੀ ਦੇ ਮਾਰੇ ਲੋਕਾਂ ਦੀ ਹਮੇਸ਼ਾ ਸਹਾਇਤਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਵਰਗਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂੰ ਕਰਵਾਉਣ ਲਈ ਸਮੇਂ ਸਮੇਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਮੀਨਾਰਾਂ ਅਤੇ ਕੈਂਪ ਲਗਾ ਕੇ ਜਾਗਰੂਕ  ਵੀ ਕੀਤਾ ਜਾ ਰਿਹਾ ਹੈ । 
ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਜੇਲ੍ਹ ਅੰਦਰ ਸੁਚੱਜੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ  ਦੱਸਿਆ ਕਿ ਜੇਲ੍ਹ ਵਿਚ 25 ਮਈ 2018 ਨੂੰ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਕੈਦੀਆਂ ਦੀ ਸਿਹਤ ਦਾ ਪੂਰਾ ਚੈੱਕਅਪ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੋਰਤ ਕੈਦੀਆਂ ਲਈ ਜੇਲ੍ਹ ਵਿਚ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਸਲਾਈ/ਕਢਾਈ ਆਦਿ ਦੀ ਸਿਖਲਾਈ ਵੀ ਦਿੱਤੀ ਜਾਵੇਗੀ।  ਮੀਟਿੰਗ ਵਿਚ ਲੋਕ ਅਦਾਲਤਾਂ, ਨੈਸ਼ਨਲ ਲੋਕ ਅਦਾਲਤਾਂ, ਨਾਲਸਾ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ  ਲੀਗਲ ਏਡ, ਪੈਰਾ ਲੀਗਲ ਵਲੰਟੀਅਰ ਬਾਰੇ ਵਿਚਾਰ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੋਰਟਾਂ ਵਿੱਚ ਚੱਲ ਰਹੇ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਲਈ ਅਤੇ ਲੋਕਾਂ ਨੂੰ ਜਲਦੀ ਇਨਸਾਫ਼ ਦੇਣ ਲਈ ਲੋਕ ਅਦਾਲਤਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਨੂੰ ਕਿਹਾ ਕਿ ਜਿਹੜੇ ਕੇਸਾਂ ਵਿਚ ਰਾਜ਼ੀਨਾਮੇ ਦੀ ਗੁਜਾਇੰਸ਼ ਹੋਵੇ ਉਨ੍ਹਾਂ ਕੇਸਾਂ ਨੂੰ ਮਿਡੀਏਸ਼ਨ ਸੈਂਟਰ ਵਿਖੇ ਭੇਜਿਆ ਜਾਵੇ ਤਾਂ ਜੋ ਲੋਕ ਅਦਾਲਤੀ ਝਗੜੇ ਤੋਂ ਬਚ ਸਕਣ।
ਇਸ ਮੌਕੇ  ਡਿਪਟੀ ਸੁਪਰਡੈਂਟ ਜੇਲ੍ਹ ਸ੍ਰੀ. ਬਲਦੇਵ ਸਿੰਘ ਕੰਗ, ਸ੍ਰ. ਭੁਪਿੰਦਰ ਸਿੰਘ ਜ਼ਿਲ੍ਹਾ ਅਟਾਰਨੀ,  ਸ੍ਰ. ਜਸਦੀਪ ਸਿੰਘ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਸ਼੍ਰੀ ਸੰਜੀਵ ਗੁਪਤਾ ਸਹਾਇਕ ਸਿਵਲ ਸਰਜਨ ਆਦਿ ਵੀ ਹਾਜ਼ਰ ਸਨ। 

Related Articles

Back to top button