ਜ਼ਿਲੇ ਅੰਦਰ 9 ਜੁਲਾਈ ਨੂੰ ਲਗਾਏ ਜਾਣਗੇ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ
ਫਿਰੋਜ਼ਪੁਰ 8 ਜੁਲਾਈ 2020 ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਜੁਗਲ ਕਿਸ਼ੋਰ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਪ੍ਰੋਗ੍ਰਾਮਾਂ ਨੂੰ ਲਾਗੂ ਕਰਨ ਲਈ ਲਗਾਤਾਰ ਢੁਕਵੀਆਂ ਕਾਰਵਾਈਆਂ ਜਾਰੀ ਹਨ। ਇਸੇ ਲੜੀ ਤਹਿਤ 9 ਜੁਲਾਈ 2020 ਨੂੰ ਜਿਲੇ ਅੰਦਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ ਲਗਾਏ ਜਾ ਰਹੇ ਹਨ।
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਉਲੀਕੇ ਗਏ ਇਸ ਪ੍ਰੋਗ੍ਰਾਮ ਵਿੱਚ 9 ਜੁਲਾਈ 2020 ਨੂੰ ਸੀ.ਐਚ.ਸੀ. ਮਖੂ ਵਿਖੇ ਜੱਚਾ ਬੱਚਾ ਰੋਗ ਮਾਹਿਰ ਡਾ:ਵਰਿੰਦਰਦੀਪ ਕੌਰ, ਪੀ.ਐਚ.ਸੀ.ਖਾਈ ਫੇਮੇ ਕੀ ਵਿਖੇ ਡਾ:ਰਿੱਚਾ ਪਸਰੀਚਾ ਅਤੇ ਅਰਬਨ ਪੀ.ਐਚ.ਸੀ. ਫਿਰੋਜ਼ਪੁਰ -01 ਵਿਖੇ ਡਾ:ਰਿੰਪਲ ਕੋਛੜ ਵੱਲੋਂ ਗਰਭਵਤੀ ਔਰਤਾਂ ਦੀ ਮੁਫਤ ਜਾਂਚ ਕੀਤੀ ਜਾਵੇਗੀ, ਮੌਕੇ ਤੇ ਲੈਬ ਟੈਸਟ ਕੀਤੇ ਜਾਣਗੇ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਵਿਸ਼ੇਸ਼ ਅਭਿਆਨ ਦਾ ਮੁੱਖ ਮੰਤਵ ਕਿਸੇ ਵੀ ਹਾਈ ਰਿਸਕ ਜਨੇਪੇ ਦੀ ਸ਼ਨਾਖਤ ਕਰਨਾ ਹੈ ਤਾਂ ਜੋ ਉਸ ਨੂੰ ਸਮੇਂ ਸਿਰ ਢੁਕਵੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਸਿਵਲ ਸਰਜਨ ਡਾ:ਜੁਗਲ ਕਿਸ਼ੋਰ ਵੱਲੋਂ ਜਿੱਥੇ ਲੋਕਾ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ,ਉੱਥੇ ਕੈਂਪਾਂ ਦੌਰਾਨ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸਿਹਤ ਸੰਸਥਾਵਾਂ ਵਿਖੇ ਮਾਸਕ ਪਹਿਣ ਕੇ ਆਉਣ ਦੀ ਅਪੀਲ ਵੀ ਕੀਤੀ ਹੈ ਤਾਂ ਕਿ ਕਰੋਨਾ ਰੋਗ ਦੇ ਫੈਲਣ ਤੋਂ ਬਚਾਅ ਕੀਤਾ ਜਾ ਸਕੇ।