ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਅੱਜ ਰੇਲ ਟਰੈਕ ਉੱਤੇ ਲੱਗੇ ਪੱਕੇ ਮੋਰਚੇ ਦੇ 8ਵੇਂ ਦਿਨ ਸ਼ਾਮਿਲ ਹੋ ਕੇ 5 ਅਕਤੂਬਰ ਤੱਕ ਧਰਨੇ ਜਾਰੀ ਰੱਖਣ ਦਾ ਐਲਾਨ
ਕਾਰਪੋਰੇਟ ਅੰਬਾਨੀਆਂ ਤੇ ਅਡਾਨੀਆਂ ਦੇ ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ
ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਅੱਜ ਰੇਲ ਟਰੈਕ ਉੱਤੇ ਲੱਗੇ ਪੱਕੇ ਮੋਰਚੇ ਦੇ 8ਵੇਂ ਦਿਨ ਸ਼ਾਮਿਲ ਹੋ ਕੇ 5 ਅਕਤੂਬਰ ਤੱਕ ਧਰਨੇ ਜਾਰੀ ਰੱਖਣ ਦਾ ਐਲਾਨ ਤੇ ਕਾਰਪੋਰੇਟ ਅੰਬਾਨੀਆਂ ਤੇ ਅਡਾਨੀਆਂ ਦੇ ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ ਗਏ।
ਫ਼ਿਰੋਜ਼ਪੁਰ, 1.10.2020: ਅੰਬਾਨੀਆਂ, ਅਡਾਨੀਆਂ, ਟਾਟਿਆਂ, ਬਾਟਿਆਂ ਤੇ ਉਹਨ੍ਹਾਂ ਦੀ ਕੱਟ ਪੁਤਲੀ ਮੋਦੀ ਸਰਕਾਰ ਵਿਰੁੱਧ ਹੱਲਾ ਬੋਲਦਿਆਂ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ (ਫ਼ਿਰੋਜ਼ਪੁਰ) ਉੱਤੇ ਲੱਗੇ ਪੱਕੇ ਮੋਰਚੇ ਦੇ 8ਵੇਂ ਦਿਨ ਭਰਵੀਂ ਸ਼ਮੂਲੀਅਤ ਕੀਤੀ ਤੇ ਕਾਰਪੋਰੇਟ ਅੰਬਾਨੀਆਂ ਤੇ ਅਡਾਨੀਆਂ ਦੇ ਪੁਤਲੇ ਰੇਲਵੇ ਲਾਈਨਾਂ ਉੱਤੇ ਫ਼ੂਕ ਕੇ ਰੋਸ ਮੁਜਾਹਰੇ ਕੀਤੇ ਤੇ ਕਾਰਪੋਰੇਟਾਂ ਦੀਆਂ ਬਣਾਈਆਂ ਵਸਤਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਸਬੀਰ ਸਿੰਘ ਪਿੱਦੀ,ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਸਲਵਿੰਦਰ ਸਿੰਘ ਜਾਣੀਆ, ਰਣਬੀਰ ਸਿੰਘ ਠੱਠਾ ਤੇ ਮੰਗਲ ਸਿੰਘ ਗੁੰਦੜਢੰਡੀ ਨੇ ਕਾਰਪੋਰੇਟ ਕੰਪਨੀਆਂ ਤੇ ਮੋਦੀ ਸਰਕਾਰ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੱਕਾ ਮੋਰਚਾ 5 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਕਾਰਪੋਰੇਟਾਂ ਦੇ ਏਜੰਟ ਦੱਸਦਿਆਂ ਕਿਹਾ ਕਿ ਇਹ ਪਾਰਟੀਆਂ ਪੰਜਾਬ ਵਿੱਚ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤਣ ਤੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਲਈ 1 ਅਕਤੂਬਰ ਤੇ 2 ਅਕਤੂਬਰ ਨੂੰ ਪੰਜਾਬ ਵਿੱਚ ਰੋਸ ਮਾਰਚ ਕਰਕੇ ਪੰਜਾਬ ਦੇ ਲੋਕਾਂ ਨਾਲ ਇੱਕ ਵਾਰ ਫਿਰ ਧੋਖਾ ਕਰ ਰਹੀਆਂ ਹਨ। ਜਿਵੇਂ ਅਕਾਲੀ ਦਲ ਲਗਾਤਾਰ ਖੇਤੀ ਆਰਡੀਨੈਸਾਂ ਨੂੰ ਸਹਿਮਤੀ ਦੇ ਕੇ ਤਿੰਨ ਮਹੀਨੇ ਇਨ੍ਹਾਂ ਬਿੱਲਾਂ ਦੀ ਵਕਾਲਤ ਕਰਦਾ ਰਿਹਾ ਹੈ ਤੇ ਹੁਣ ਆਪਣੇ ਸਾਮਰਾਜੀ ਅਕਾਵਾਂ ਨੂੰ ਖ਼ੁਸ਼ ਕਰਨ ਲਈ ਕਿਸਾਨ ਸੰਘਰਸ਼ ਨੂੰ ਖਿਡਾਉਣ ਦਾ ਕੰਮ ਕਰ ਰਿਹਾ ਹੈ। ਜਦਕਿ ਅਕਾਲੀ ਦਲ ਬਾਦਲ ਕਿਰਦਾ ਅਕਾਲ ਤਖਤ, ਸ਼੍ਰੋਮਣੀ ਕਮੇਟੀ ਢਾਹ ਲਾ ਕੇ ਹੁੰਦੀਆਂ ਧਾਰਮਿਕ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਰੋਲਣ ਦਾ ਭਾਗੀ ਹੈ। ਹੁਣ ਇਨ੍ਹਾਂ ਪਵਿੱਤਰ ਤਖ਼ਤਾਂ ਨੂੰ ਆਪਣੀ ਵੋਟ ਰਾਜਨੀਤੀ ਲਈ ਵਰਤ ਕੇ ਮੋਦੀ ਸਰਕਾਰ ਤੇ ਕਾਰਪੋਰੇਟ ਕੰਪਨੀਆਂ ਦੇ ਹੱਕ ਵਿੱਚ ਭੁਗਤ ਰਿਹਾ ਹੈ। ਕਿਸਾਨ ਆਗੂਆਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਕਾਂਗਰਸ ਪਾਰਟੀ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਲਾਗੂ ਕਰਨ ਦੀ ਜਨਮ ਦਾਤੀ ਹੈ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਵਿੱਚ ਵਿਪ ਜਾਰੀ ਨਹੀਂ ਕਰਕੇ ਵਿਰੋਧੀ ਪਾਰਟੀਆਂ ਦਾ ਬਹੁਮਤ ਹੋਣ ਦੇ ਬਾਵਜੂਦ ਉਕਤ ਖੇਤੀ ਆਰਡੀਨੈਂਸ ਪਾਸ ਕਰਵਾਏ ਹਨ ਤੇ ਹੁਣ ਰਾਹੁਲ ਗਾਂਧੀ 2 ਅਕਤੂਬਰ ਤੋਂ ਪੰਜਾਬ ਆ ਕੇ ਰੋਡ ਸ਼ੋਅ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਆਰਡੀਨੈਂਸਾਂ ਨੂੰ ਵਿਧਾਨ ਸਭਾ ਵਿੱਚ ਰੱਦ ਕਰਨ ਸਬੰਧੀ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਨਹੀਂ ਹੋ ਕੇ 6 ਮੁੱਖ-ਮੰਤਰੀਆਂ ਦੀ ਹਾਈ ਪਾਵਰ ਕਮੇਟੀ ਵਿੱਚ ਸ਼ਾਮਿਲ ਹੋ ਕੇ ਉਕਤ ਤਿੰਨੇ ਖੇਤੀ ਆਰਡੀਨੈਂਸਾਂ ਨੂੰ ਸਹਿਮਤੀ ਦਿੱਤੀ ਹੈ। ਕਿਸਾਨ ਆਗੂਆਂ ਨੇ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਨੂੰ ਸਖ਼ਤ ਤਾੜਨਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦਾ ਦੋਵਾਂ ਪਾਰਟੀਆਂ ਦਾ ਪਿਛਲਾ ਕਿਰਦਾਰ ਪਛਾਣ ਕੇ ਮੂੰਹ ਨਾ ਲਾਉਣ ਇਹਨ੍ਹਾਂ ਨੂੰ ਪਿੰਡਾਂ ਵਿੱਚੋਂ ਭਜਾਉਣ ਦਾ ਸੱਦਾ ਦਿੱਤਾ ਹੈ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਉਕਤ ਤਿੰਨੇ ਖੇਤੀ ਆਰਡੀਨੈਂਸ ਮੋਦੀ ਸਰਕਾਰ ਵਾਪਸ ਲਵੇ, ਪੰਜਾਬ ਸਰਕਾਰ ਵਿਧਾਨ ਸਭਾ ਸੱਦਣ ਦੀ ਤਰੀਕ ਦਾ ਐਲਾਨ ਕਰਕੇ ਉਕਤ ਆਰਡੀਨੈਂਸਾਂ ਨੂੰ ਰੱਦ ਕਰਨ ਦਾ ਕਾਨੂੰਨ ਪਾਸ ਕਰੇ ਤੇ 14-8-2017 ਨੂੰ A.P.M.C. ਐਕਟ ਵਿੱਚ ਨਿੱਜੀ ਮੰਡੀਆਂ ਬਣਾਉਣ ਦੀ ਖੁੱਲ੍ਹ ਦੇਣ ਦੀ ਸੋਧ ਰੱਦ ਕੀਤੀ ਜਾਵੇ, ਪਰਾਲੀ ਦੀ ਸਾਂਭ ਸੰਭਾਲ ਲਈ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤੇ ਕੰਬਾਈਨਾਂ ਉੱਤੇ M.S.S.ਲਗਾਉਣ ਦੀ ਸ਼ਰਤ ਹਟਾਈ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਜਲਾਲਾਬਾਦ, ਗੁਰਬਖ਼ਸ਼ ਸਿੰਘ ਪੰਜ ਗਰਾਈ, ਜਗਦੀਸ਼ ਸਿੰਘ ਮਨਸਾਂ, ਕੁਲਵੰਤ ਸਿੰਘ ਹਸਤਾ ਕਲਾਂ, ਗੁਰਦੀਪ ਸਿੰਘ ਠਾਰੇ ਵਾਲਾ, ਮੱਖਣ ਸਿੰਘ ਬਸਤੀ ਮੱਘਰ ਸਿੰਘ, ਖਿਲਾਰਾ ਸਿੰਘ ਪੰਨੂੰ, ਸਾਹਿਬ ਸਿੰਘ ਦੀਨੇਕੇ, ਇੰਦਰਜੀਤ ਸਿੰਘ ਬਾਠ, ਬਲਰਾਜ ਸਿੰਘ ਫੇਰੋਕੇ, ਸੁਖਵੰਤ ਸਿੰਘ ਲੋਹੁਕਾਂ, ਮੇਜਰ ਸਿੰਘ ਗਜਨੀ ਵਾਲਾ, ਫੁੰਮਣ ਸਿੰਘ ਰਾਉਕੇ ਨੇ ਵੀ ਸੰਬੋਧਨ ਕੀਤਾ।———ਬਲਜਿੰਦਰ ਤਲਵੰਡੀ