Ferozepur News

ਹੈਰੋਇਨ ਅਤੇ ਡਰੱਗ ਮਨੀ ਸਮੇਤ ਚਾਰ ਸਮੱਗਲਰ ਗ੍ਰਿਫਤਾਰ

-ਪੁਲਿਸ ਨੇ ਕੀਤਾ ਚਾਰਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ
03 ਨਵੰਬਰ, ਫਿਰੋਜ਼ਪੁਰ: ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਭੁਪਿੰਦਰ ਸਿੰਘ ਵਲੋਂ ਨਸ਼ਾ ਤਸਕਰਾਂ ਅਤੇ ਲੁੱਟਾਂਖੋਹਾਂ ਕਰਨ ਵਾਲਿਆਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਹੈਰੋਇਨ ਅਤੇ ਡਰੱਗ ਮਨੀ ਦੇ ਸਮੇਤ ਚਾਰ ਸਮੱਗਲਰਾਂ ਨੂੰ ਨਾਕੇਬੰਦੀ ਦੇ ਦੌਰਾਨ ਕਾਬੂ ਕੀਤਾ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੇ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਸਹਾਇਕ ਸਬ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਬੀਤੀ ਸ਼ਾਮ ਗਸ਼ਤ ਦੇ ਸਬੰਧ ਵਿਚ ਬਸਤੀ ਭੱਟੀਆਂ ਵਾਲੀ ਵਿਖੇ ਮੌਜ਼ੂਦ ਸਨ ਤਾਂ ਇਸ ਦੌਰਾਨ ਪੁਲਿਸ ਪਾਰਟੀ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਤਿੰਨ ਸਮੱਗਲਰ ਜੋ ਫਿਰੋਜ਼ਪੁਰ ਤੋਂ ਹੈਰੋਇਨ ਲੈ ਕੇ ਅਲੱਗ ਅਲੱਗ ਹਿੱਸਿਆਂ ਵਿਚ ਸਪਲਾਈ ਕਰਦੇ ਹਨ ਉਹ ਹੁਣ ਵੀ ਫਿਰੋਜ਼ਪੁਰ ਸ਼ਹਿਰ ਤੋਂ ਹੈਰੋਇਨ ਲੈ ਕੇ ਜਾ ਰਹੇ ਹਨ ਜਿਨ੍ਹਾਂ ਦੇ ਕੋਲ ਕੁਝ ਡਰੱਗ ਮਨੀ ਵੀ ਹੈ। ਪੁਲਿਸ ਨੇ ਦੱਸਿਆ ਕਿ ਮੁਖਬਰ ਤੋਂ ਜਾਣਕਾਰੀ ਮਿਲਦਿਆ ਹੀ ਉਹ ਚਾਰੇ ਪਾਸੇ ਫੈਲ ਗਏ ਅਤੇ ਇਲਾਕੇ ਵਿਚ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਬਜ਼ਾਜ ਡੇਅਰੀ ਦੇ ਕੋਲ ਇਕ ਸ਼ੱਕੀ ਮੋਟਰਸਾਈਕਲ ਨੂੰ ਰੋਕਿਆ, ਜਿਸ ਤੇ ਤਿੰਨ ਵਿਅਕਤੀ ਸਵਾਰ ਸਨ। ਪੁਲਿਸ ਨੇ ਦੱਸਿਆ ਕਿ ਜਦੋਂ ਉਕਤ ਵਿਅਕਤੀਆਂ ਦੀ ਸ਼ੱਕ ਦੇ ਆਧਾਰ ਤੇ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਦੇ ਕੋਲੋਂ 10 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਡਰੱਗ ਮਨੀ ਦੇ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਮੌਕੇ ਤੇ ਉਕਤ ਤਿੰਨੇ ਸਮੱਗਲਰਾਂ ਨੂੰ ਕਾਬੂ ਕਰਕੇ ਜਦੋਂ ਥਾਣੇ ਲਿਆਂਦਾ ਗਿਆ ਤਾਂ ਉਕਤ ਤਿੰਨੇ ਵਿਅਕਤੀ ਮੰਨੇ ਕਿ ਉਹ ਹੈਰੋਇਨ ਸਪਲਾਇਰ ਹਨ ਅਤੇ ਉਹ ਪਹਿਲੋਂ ਵੀ ਕਈ ਹਿੱਸਿਆਂ ਵਿਚ ਹੈਰੋਇਨ ਸਪਲਾਈ ਕਰ ਚੁੱਕੇ ਹਨ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਰੋਕਸ਼ਨ ਉਰਫ ਰੌਕੀ ਪੁੱਤਰ ਮਹਿੰਦਰ, ਹਰਵਿੰਦਰ ਸਿੰਘ ਉਰਫ ਕਾਕਾ ਪੁੱਤਰ ਗੁਰਮੀਤ ਸਿੰਘ ਵਾਸੀਅਨ ਬਸਤੀ ਗੁਰਕਰਮ ਸਿੰਘ ਗੁਰੂਹਰਸਹਾਏ ਅਤੇ ਵਿਸ਼ਾਲ ਉਰਫ ਫੌਜ਼ੀ ਪੁੱਤਰ ਸੋਮੀ ਬਸਤੀ ਫਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ। ਇਸੇ ਤਰ੍ਹਾ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਏਐਸਆਈ ਇੰਦਰਜੀਤ ਸਿੰਘ ਨੇ ਬਸਤੀ ਆਵਾ ਵਿਖੇ ਨਾਕੇਬੰਦੀ ਦੇ ਦੌਰਾਨ ਇਕ ਵਿਅਕਤੀ ਨੂੰ ਦੋ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਦੀਪਕ ਉਰਫ ਉਰਫ ਗੋਗਾ ਪੁੱਤਰ ਅਸ਼ੋਕ ਕੁਮਾਰ ਵਾਸੀ ਬਸਤੀ ਆਵਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
 

Related Articles

Back to top button