ਹੁਣ ਸੇਵਾ ਕੇਂਦਰ ਕਾਗਜ਼ੀ ਦੀ ਥਾਂ ਐੱਸ.ਐੱਮ.ਐੱਸ. ਰਾਹੀਂ ਭੇਜਣਗੇ ਰਸੀਦ – ਧੀਮਾਨ
- ਨਾਗਰਿਕਾਂ ਨੂੰ ਕਾਗਜ਼ੀ ਰਸੀਦਾਂ ਦੀ ਮੰਗ ਨਾ ਕਰਕੇ ਵਾਤਾਵਰਣ ਪੱਖੀ ਉਪਰਾਲੇ 'ਚ ਸਹਿਯੋਗ ਦੇਣ ਦੀ ਅਪੀਲ
ਹੁਣ ਸੇਵਾ ਕੇਂਦਰ ਕਾਗਜ਼ੀ ਦੀ ਥਾਂ ਐੱਸ.ਐੱਮ.ਐੱਸ. ਰਾਹੀਂ ਭੇਜਣਗੇ ਰਸੀਦ – ਧੀਮਾਨ
– ਨਾਗਰਿਕਾਂ ਨੂੰ ਕਾਗਜ਼ੀ ਰਸੀਦਾਂ ਦੀ ਮੰਗ ਨਾ ਕਰਕੇ ਵਾਤਾਵਰਣ ਪੱਖੀ ਉਪਰਾਲੇ ‘ਚ ਸਹਿਯੋਗ ਦੇਣ ਦੀ ਅਪੀਲ
ਫਿਰੋਜ਼ਪੁਰ, 18 ਮਈ 2023:
ਵਾਤਾਵਰਣ ਪੱਖੀ ਪਹਿਲਕਦਮੀ ਕਰਦਿਆਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਪੰਜਾਬ ਵੱਲੋਂ ਸੇਵਾ ਕੇਂਦਰਾਂ ਵਿੱਚ ਸਰਕਾਰੀ ਸੇਵਾਵਾਂ ਲਈ ਅਦਾ ਕੀਤੀਆਂ ਫੀਸਾਂ ਦੀਆਂ ਰਸੀਦਾਂ ਬਿਨੈਕਾਰਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ ’ਤੇ ਐਸ.ਐਮ.ਐਸ. ਰਾਹੀਂ ਭੇਜੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ।
ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 26 ਸੇਵਾ ਕੇਂਦਰਾਂ ’ਤੇ ਬਿਨੈਕਾਰਾਂ ਨੂੰ ਹੁਣ ਕਾਗਜ਼ੀ ਰਸੀਦਾਂ ਨਹੀਂ ਦਿੱਤੀਆਂ ਜਾਣਗੀਆਂ ਕਿਉਂਕਿ ਉਹ ਐੱਸ.ਐੱਮ.ਐੱਸ. ਰਾਹੀਂ ਆਪਣੇ ਭੁਗਤਾਨਾਂ ਦੀਆਂ ਰਸੀਦਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਡਿਜੀਟਲ ਰਸੀਦਾਂ ’ਤੇ ਆਮ ਕਾਗਜ਼ੀ ਰਸੀਦਾਂ ਵਾਲੀ ਸਾਰੀ ਜਾਣਕਾਰੀ ਉਪਲਬੱਧ ਹੋਵੇਗੀ।
ਉਨ੍ਹਾਂ ਕਿਹਾ ਜੇਕਰ ਬਿਨੈਕਾਰ ਕਾਗਜ਼ੀ ਰਸੀਦ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਵਾਧੂ ਖਰਚੇ ਤੋਂ ਹਸਤਾਖਰ ਅਤੇ ਮੋਹਰ ਵਾਲੀ ਰਸੀਦ ਦਿੱਤੀ ਜਾਵੇਗੀ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਾਗਜ਼ੀ ਰਸੀਦਾਂ ਦੀ ਮੰਗ ਨਾ ਕਰਕੇ ਪੰਜਾਬ ਸਰਕਾਰ ਦੇ ਵਾਤਾਵਰਣ ਪੱਖੀ ਇਸ ਉਪਰਾਲੇ ਦਾ ਹਿੱਸਾ ਬਣਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਸੀਦ ਦੀ ਦਫ਼ਤਰੀ ਕਾਪੀ ਬਿਨੈ-ਪੱਤਰ ਦੇ ਪਹਿਲੇ ਪੰਨੇ ਦੇ ਉਲਟ ਪਾਸੇ ਛਾਪੀ ਜਾਵੇਗੀ ਅਤੇ ਸੇਵਾ ਕੇਂਦਰਾਂ ਦੇ ਆਪਰੇਟਰਾਂ ਦੁਆਰਾ ਹਸਤਾਖਰ ਅਤੇ ਮੋਹਰ ਲਗਾਈ ਜਾਵੇਗੀ। ਫਾਰਮ ਰਹਿਤ ਸੇਵਾਵਾਂ ਵਿਚ ਸੇਵਾ ਕੇਂਦਰ ਸਿਸਟਮ ਜਨਰੇਟਿਡ ਫਾਰਮ ਦੇ ਪਿਛਲੇ ਪਾਸੇ ਲੋੜ ਪੈਣ ’ਤੇ ਰਸੀਦ ਪ੍ਰਿੰਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੇਪਰ ਰਹਿਤ ਫੀਸ ਰਸੀਦ ਪ੍ਰਣਾਲੀ ਨਾਲ ਸੇਵਾ ਪ੍ਰਦਾਤਾਵਾਂ ਅਤੇ ਖਪਤਕਾਰਾਂ ਦੋਵਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ ਕਿਉਂਕਿ ਇਸ ਨਾਲ ਸੇਵਾ ਕੇਂਦਰਾਂ ਦੇ ਕਾਊਂਟਰਾਂ ’ਤੇ ਰਸੀਦਾਂ ਦੀ ਛਪਾਈ ਦਾ ਸਮਾਂ ਵੀ ਬਚੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਵਿੰਦਰ ਸਿੰਘ, ਜ਼ਿਲ੍ਹਾ ਤਕਨੀਕੀ ਕੋਰਡੀਨੇਟਰ ਤਲਵਿੰਦਰ ਸਿੰਘ ਅਤੇ ਜ਼ਿਲ੍ਹਾ ਆਈ. ਟੀ. ਮੈਨੇਜਰ ਸ਼੍ਰੀ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।