ਹਿੰਦ-ਪਾਕਿ ਸਰਹੱਦ ਤੋਂ ਬੀ. ਐਸ. ਐਫ. ਨੇ 6 ਕਿਲੋ ਹੈਰੋਇਨ ਕੀਤੀ ਬਰਾਮਦ
ਫਿਰੋਜ਼ਪੁਰ 6 ਜਨਵਰੀ (ਏ.ਸੀ.ਚਾਵਲਾ ) ਹਿੰਦ-ਪਾਕਿ ਸਰਹੱਦ ਫਿਰੋਜ਼ਪੁਰ ਸੈਕਟਰ ਤੇ ਸਰਹੱਦੀ ਚੌਂਕੀ ਐਮ ਪੀ ਬੇਸ ਨੇੜੇ ਬੀਤੀ ਰਾਤ ਤਸਕਰਾਂ ਦੇ ਮਨਸੂਬਿਆਂ ਤੇ ਪਾਣੀ ਫੇਰਦਿਆਂ ਬੀ ਐਸ ਐਫ ਦੀ 191 ਬਟਾਲੀਅਨ ਦੇ ਜਵਾਨਾਂ ਵਲੋਂ 6 ਕਿਲੋ ਹੈਰੋਇਨ ਸਮੇਤ ਇਕ ਮੋਬਾਈਲ ਇਕ ਪਾਕਿਸਤਾਨੀ ਸਿਮ ਬਰਾਮਦ ਕੀਤੇ ਜਾਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਾਸ਼ਟਰੀ ਬਜਾਰ ਵਿਚ ਕਰੀਬ 30 ਕਰੋੜ ਰੁਪਏ ਹੈ। ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਬੀ.ਐਸ.ਐਫ. ਫਿਰੋਜਪੁਰ ਆਰ.ਕੇ. ਥਾਪਾ ਨੇ ਦੱਸਿਆ ਕਿ ਬੀ.ਐਸ.ਐਫ. ਦੀ 191 ਬਟਾਲੀਅਨ ਅਧੀਨ ਆਉਂਦੀ ਮਹਿੰਦੀਪੁਰ ਬੀ.ਓ.ਪੀ. ਦੇ ਇਲਾਕੇ ਵਿਚ ਬੀਤੀ ਰਾਤ ਪਾਕਿਸਤਾਨ ਵਲੋਂ ਸਮੱਗਲਰਾਂ ਨੇ ਫੈਸਿੰਗ ਦੇ ਰਸਤੇ ਪਲਾਸਟਿਕ ਦੀ ਇਕ ਪਾਈਪ ਲਗਾ ਕੇ ਹੈਰੋਇਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਬੀ.ਐਸ.ਐਫ. ਦੇ ਜਵਾਨਾਂ ਵਲੋਂ ਲਲਕਾਰਨ 'ਤੇ ਪਾਕਿ ਸਮੱਗਲਰਾਂ ਨੇ ਬੀ.ਐਸ.ਐਫ. 'ਤੇ ਗੋਲੀ ਚਲਾਈ ਅਤੇ ਬੀ.ਐਸ.ਐਫ. ਵਲੋਂ ਜਵਾਬੀ ਫਾਈਰਿੰਗ ਕਰਨ 'ਤੇ ਪਾਕਿ ਸਮੱਗਲਰ ਪਾਈਪ ਵਿਚੋਂ ਸਮਾਨ ਸੁੱਟ ਕੇ ਉਥੋ ਫਰਾਰ ਹੋ ਗਏ। ਥਾਪਾ ਨੇ ਦੱਸਿਆ ਕਿ ਜਦੋਂ ਬੀ.ਐਸ.ਐਫ. ਜਵਾਨਾਂ ਵਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਤਾਂ ਉਥੋਂ 6 ਪੈਕਟ ਹੈਰੋਇਨ, ਇਕ ਮੋਬਾਈਲ ਅਤੇ ਇਕ ਪਾਕਿ ਸਿੰਮ ਬਰਾਮਦ ਹੋਈ ਹੈ।