ਸੰਤੁਲਿਤ ਆਹਾਰ ਹੀ ਸਿਹਤ ਦਾ ਆਧਾਰ – ਸਿਵਲ ਸਰਜਨ
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਪੋਸ਼ਨ ਮਾਹ ਦੌਰਾਨ ਗਤੀਵਿਧੀਆਂ ਜਾਰੀ
ਫਿਰੋਜ਼ਪੁਰ, 16 ਸਤੰਬਰ, 2022: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਪ੍ਰਭਾਰੀ ਸਿਵਲ ਸਰਜਨ ਡਾ. ਰਾਜਿੰਦਰ ਮਨਚੰਦਾ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਿਹਤ ਵਿਭਾਗ ਵੱਲੋਂ ਪੋਸ਼ਨ ਮਾਹ ਦੌਰਾਨ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸੰਤੁਲਿਤ ਖੁਰਾਕ ਦੀ ਅਹਿਮੀਅਤ ਬਾਰੇ ਚਰਚਾ ਕਰਦਿਆਂ ਡਾ. ਮਨਚੰਦਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੁਆਰਾ ਖਾਧੀ ਗਈ ਖੁਰਾਕ ਦਾ ਉਸਦੀ ਸਿਹਤ ਨਾਲ ਸਿੱਧਾ ਸਬੰਧ ਹੁੰਦਾ ਹੈ ਅਤੇ ਸੰਤੁਲਿਤ ਆਹਾਰ ਹੀ ਸਾਡੀ ਸਿਹਤ ਦਾ ਆਧਾਰ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਸਾਡੀ ਸਿਹਤ ਇਸ ਗੱਲ ‘ਤੇ ਬਹੁਤ ਨਿਰਭਰ ਕਰਦੀ ਹੈ ਕਿ ਅਸੀਂ ਆਪਣੀ ਖੁਰਾਕ ਵਿੱਚ ਕਿਹੜੇ-ਕਿਹੜੇ ਖਾਧ ਪਦਾਰਥ ਸ਼ਾਮਿਲ ਕਰਦੇ ਹਾਂ, ਖਾਣਾ ਕਿੰਨੇ ਵਕਫੇ ਬਾਅਦ ਖਾਂਦੇ ਹਾਂ ਅਤੇ ਖਾਣਾ ਬਨਾਉਣ ਦੇ ਸਾਡੇ ਢੰਗ-ਤਰੀਕੇ ਕਿਹੜੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵਿਅਕਤੀ ਦੇ ਭੋਜਨ ਵਿੱਚ ਉਸਦੀ ਉਮਰ/ਲਿੰਗ ਦੇ ਹਿਸਾਬ ਨਾਲ ਢੁਕਵੀਂ ਮਾਤਰਾ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ, ਫੈਟ, ਮਿਨਰਲਜ਼ ਅਤੇ ਵਿਟਾਮਿਨ ਆਦਿ ਸ਼ਾਮਿਲ ਹੋਣੇ ਚਾਹੀਦੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇੱਕ ਖਾਣੇ ਤੋਂ ਦੂਜੇ ਖਾਣੇ ਦਾ ਵਕਫਾ ਘੱਟੋ-ਘੱਟ ਚਾਰ ਘੰਟੇ ਦਾ ਜ਼ਰੂਰ ਹੋਵੇ ਤਾਂ ਕਿ ਖਾਧਾ ਹੋਇਆ ਭੋਜਨ ਪੂਰੀ ਤਰਾਂ ਸ਼ਰੀਰ ਵਿੱਚ ਹਜਮ ਹੋ ਸਕੇ। ਉਨ੍ਹਾਂ ਕਿਹਾ ਕਿ ਖਾਣਾ ਬਨਾਉਣ ਵੇਲੇ ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਹੀ ਧੋਤਾ ਜਾਵੇ ਕਿਉਂਕਿ ਬਾਅਦ ਵਿੱਚ ਧੋਣ ਨਾਲ ਪੌਸ਼ਟਿਕ ਤੱਤ ਪਾਣੀ ਵਿੱਚ ਰੁੜ ਜਾਂਦੇ ਹਨ।
ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਵਿੱਚ ਸਥਾਨਕ ਅਰਬਣ ਪੀ.ਐਚ.ਸੀ ਫਿਰੋਜ਼ਪੁਰ ਕੈਂਟ ਵਿਖੇ ਵੀ ਅਜਿਹੀ ਹੀ ਇੱਕ ਜਾਗਰੂਕਤਾ ਸਭਾ ਮੌਕੇ ਮਾਸ ਮੀਡੀਆ ਅਫਸਰ ਰੰਜੀਵ ਨੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਖੁਰਾਕ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਸ੍ਰੀ ਰੰਜੀਵ ਨੇ ਕਿਹਾ ਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਆਪਣੀ ਖੁਰਾਕ ਸੰਤੁਲਿਤ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਵਿਭਾਗ ਵੱਲੋਂ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਆਇਰਨ, ਫੌਲਿਕ ਐਸਿਡ ਦੀਆਂ ਘੱਟੋ-ਘੱਟ 100 ਗੋਲੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਇਸੇ ਸਭਾ ਵਿੱਚ ਹੀ ਏ.ਐਨ.ਐਮ. ਰਿਬਿਕਾ ਨੇ ਬੱਚਿਆਂ ਦੀ ਖੁਰਾਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਸੰਪੂਰਣ ਖੁਰਾਕ ਹੈ। ਇਸ ਲਈ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਜਿੰਨਾ ਜਲਦੀ ਹੋ ਸਕੇ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਮਾਂ ਦਾ ਪਹਿਲਾ ਗਾੜਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਕਿਉਂਕਿ ਇਹ ਬੱਚੇ ਨੂੰ ਉਮਰ ਭਰ ਲਈ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਦਿੰਦਾ ਹੈ। ਇਸ ਮੌਕੇ ਸਟਾਫ ਕ੍ਰਿਸ਼ਨਾ, ਰਮਨਦੀਪ ਸਿੰਘ ਅਤੇ ਸਬੰਧਤ ਆਸ਼ਾ ਵਰਕਰਜ਼ ਵੀ ਹਾਜ਼ਰ ਸਨ।