ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਡਿਜੀਟਲ ਮਿਊਜ਼ੀਅਮ ਦੀ ਹੋਈ ਸ਼ੁਰੂਆਤ
2 ਫਰਵਰੀ ਤੱਕ ਚੱਲੇਗਾ ਡਿਜੀਟਲ ਮਿਊਜ਼ੀਅਮ
ਫ਼ਿਰੋਜ਼ਪੁਰ , 31 ਜਨਵਰੀ (ਪ੍ਰੀਤ)- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਗੁਰੂ ਜੀ ਦੇ ਜੀਵਨ, ਉਦਾਸੀਆਂ ਤੇ ਉਪਦੇਸ਼ਾਂ ਬਾਰੇ ਜਾਣੂੰ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਸ਼ਹਿਰ ਵਿਚ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਕਰਵਾਇਆ ਜਾ ਰਿਹਾ ਹੈ। ਜਿਸ ਦੀ ਅੱਜ ਸ਼ੁੱਕਰਵਾਰ ਸ਼ੁਰੂਆਤ ਹੋ ਚੁੱਕੀ ਹੈ। ਇਸੇ ਤਰ੍ਹਾਂ 1 ਅਤੇ 2 ਫਰਵਰੀ ਦੀ ਸ਼ਾਮ ਨੂੰ ਲਾਈਟ ਐਂਡ ਸਾਊਂਡ ਕਰਵਾਇਆ ਜਾਵੇਗਾ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਡਿਜੀਟਲ ਮਿਊਜ਼ੀਅਮ ਦੀ ਸ਼ੁਰੂਆਤ ਦੌਰਾਨ ਸ਼ਹਿਰ ਨਿਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਅਤਿ-ਆਧੁਨਿਕ ਤਕਨੀਕਾਂ ਵਾਲੇ ਇਸ ਮਿਊਜ਼ੀਅਮ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਜ਼ਰੀਏ ਦੇਖਿਆ। ਪੰਜਾਬ ਸਰਕਾਰ ਵੱਲੋਂ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਕਰਾ ਕੇ ਗੁਰੂ ਸਾਹਿਬ ਦੇ ਜੀਵਨ ਤੋਂ ਜਾਣੂ ਕਰਾਇਆ ਜਾ ਰਿਹਾ ਹੈ। ਇਹ ਡਿਜੀਟਲ ਮਿਊਜ਼ੀਅਮ 2 ਫਰਵਰੀ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਸ਼ਾਮ ਨੂੰ 6:15 ਤੋਂ 7:45 ਤੱਕ ਲਾਈਟ ਐਂਡ ਸਾਊਂਡ ਚੱਲੇਗਾ। ਇਸ ਰੰਗਦਾਰ ਦ੍ਰਿਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲੇ 45 ਮਿੰਟ ਦੇ ਲਾਈਟ ਐਂਡ ਸਾਊਂਡ ਅਦਭੁਤ ਨਜ਼ਾਰਾ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਸੱਦਾ ਹੈ ਕਿ ਉਹ ਇਸ ਵਿਲੱਖਣ ਨਜ਼ਾਰੇ ਦਾ ਗਵਾਹ ਬਣਨ ਲਈ ਹੁੰਮ-ਹੁੰਮਾ ਕੇ ਪਹੁੰਚਣ।
ਅੱਜ ਡਿਜੀਟਲ ਮਿਊਜ਼ੀਅਮ ਵਿੱਚ ਵੱਖ-ਵੱਖ ਸਕਰੀਨਾਂ ਰਾਹੀਂ ਮਲਟੀਮੀਡੀਆ ਤਕਨੀਕ ਨਾਲ ਗੁਰੂ ਸਾਹਿਬ ਦੇ ਜੀਵਨ ਉੱਪਰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਮਿਊਜ਼ੀਅਮ ਵਿੱਚ ਇੱਕ ਸਮੇਂ 35 ਵਿਅਕਤੀ ਦਾਖਲ ਹੋ ਸਕਦੇ ਹਨ ਅਤੇ ਉਸ ਤੋਂ ਬਾਅਦ ਦੂਸਰਾ ਬੈਚ ਇਸ ਮਿਊਜ਼ੀਅਮ ਨੂੰ ਦੇਖਦਾ ਹੈ। ਮਿਊਜ਼ੀਅਮ ਵਿੱਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਮਾਡਲ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮਿਊਜ਼ੀਅਮ ਦੇ ਅੰਦਰ ਅਤੇ ਬਾਹਰ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਮਿਊਜ਼ੀਅਮ ਦੇਖਣ ਆਈਆਂ ਸੰਗਤਾਂ ਇੱਕ ਅਨੋਖੇ ਵਿਸਮਾਦ ਦਾ ਅਹਿਸਾਸ ਕਰ ਰਹੀਆਂ ਹਨ ਅਤੇ ਸੰਗਤਾਂ ਵੱਲੋਂ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਅੱਜ ਸ਼ੁੱਕਰਵਾਰ ਨੂੰ ਦਸਮੇਸ਼ ਪਬਲਿਕ ਸੀ.ਸੈ. ਸਕੂਲ ਫ਼ਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਇਸ ਮਿਊਜ਼ੀਅਮ ਵਿਚ ਹਿੱਸਾ ਲਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।