ਸੇਵਾ ਕੇਂਦਰਾਂ 'ਚ ਮਿਲਣਗੀਆਂ ਪਾਸਪੋਰਟ ਅਪਲਾਈ ਕਰਨ ਅਤੇ ਟੈਲੀਫ਼ੋਨ (ਬੀ.ਐਸ.ਐਨ.ਐਲ) ਦੇ ਬਿੱਲ ਭਰਨ ਦੀਆਂ ਸੁਵਿਧਾਵਾਂ: ਡਿਪਟੀ ਕਮਿਸ਼ਨਰ
ਫ਼ਿਰੋਜ਼ਪੁਰ 09 ਮਈ 2017 ( ) ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰਾਂ ਤਹਿਤ ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਘੇਰਾ ਵਧਾਉਂਦੇ ਹੋਏ ਹੁਣ ਸੇਵਾ ਕੇਂਦਰਾਂ ਵਿੱਚ ਕੁੱਝ ਹੋਰ ਨਵੀਆਂ ਸੇਵਾਵਾਂ ਜਿਵੇਂ ਕਿ ਪਾਸਪੋਰਟ ਅਪਲਾਈ ਕਰਨ, ਬੀ.ਐਸ.ਐਨ.ਐਲ ਟੈਲੀਫ਼ੋਨ ਦੇ (ਬਰਾਡਬੈਂਡ ਅਤੇ ਲੈਂਡ ਲਾਈਨ) ਬਿੱਲ ਭਰਵਾਉਣ ਦੀਆਂ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਫ਼ਿਰੋਜ਼ਪੁਰ ਵਿਚ ਸ਼ਹਿਰੀ ਖੇਤਰਾਂ ਵਿੱਚ ਆਉਂਦੇ 12 ਸੇਵਾ ਕੇਂਦਰਾਂ ਅਤੇ ਪਿੰਡਾਂ ਵਿੱਚ ਖੋਲ੍ਹੇ ਗਏ 71 ਸੇਵਾ ਕੇਂਦਰਾਂ ਵਿੱਚ ਇਹ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਸਰਕਾਰੀ ਸੇਵਾਵਾਂ 'ਸੇਵਾ ਦਾ ਅਧਿਕਾਰ' ਐਕਟ ਅਧੀਨ ਆਉਂਦੀਆਂ ਹਨ ਅਤੇ ਲੋਕਾਂ ਨੂੰ ਇਸ ਐਕਟ ਅਧੀਨ ਸਮਾਂਬੱਧ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਨਾਗਰਿਕ ਨੂੰ ਇਹ ਸਰਕਾਰੀ ਸੇਵਾ ਲੈਣ ਲਈ ਕਿਸੇ ਹੋਰ ਦਫ਼ਤਰ ਵਿੱਚ ਜਾਣ ਦੀ ਜ਼ਰੂਰਤ ਨਹੀਂ, ਸਗੋਂ ਉਹ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿੱਚ ਜਾ ਕੇ ਹੀ ਇਹ ਸਾਰੀਆਂ ਜ਼ਰੂਰੀ ਸੇਵਾਵਾਂ ਜਿਵੇਂ ਕਿ ਪਾਸਪੋਰਟ ਅਪਲਾਈ ਕਰਨਾ, ਟੈਲੀਫ਼ੋਨ ਦੇ ਬਿੱਲ (ਬੀ.ਐਸ.ਐਨ.ਐਲ) ਭਰਨਾ, ਰਿਹਾਇਸ਼, ਜਾਤੀ, ਪੇਡੂ ਏਰੀਆ, ਜਨਮ ਅਤੇ ਮੌਤ ਸਰਟੀਫਿਕੇਟ, ਅਸਲਾ ਲਾਇਸੰਸ, ਨਕਲਾਂ, ਖੇਤੀਬਾੜੀ ਦੇ ਲਾਇਸੰਸ, ਹਲਫ਼ੀਆ ਬਿਆਨ ਤਸਦੀਕ, ਭਾਰ ਮੁਕਤ ਸਰਟੀਫਿਕੇਟ ਆਦਿ ਪ੍ਰਾਪਤ ਕਰ ਸਕਦਾ ਹੈ।