ਸਿੱਖਿਆ ਸਕੱਤਰ ਪੰਜਾਬ ਵੱਲੋਂ ਸਰਹੱਦੀ ਖੇਤਰ ਦੇ ਸਕੂਲਾਂ ਦਾ ਕੀਤਾ ਦੌਰਾ
ਕਾਲੂਵਾਲਾ ਟਾਪੂ ਤੇ ਬਣੇ ਨਵੇਂ ਸਕੂਲ ਦੀ ਇਮਾਰਤ ਦਾ ਕੀਤਾ ਨਿਰੀਖਣ
ਸਿੱਖਿਆ ਸਕੱਤਰ ਪੰਜਾਬ ਵੱਲੋਂ ਸਰਹੱਦੀ ਖੇਤਰ ਦੇ ਸਕੂਲਾਂ ਦਾ ਕੀਤਾ ਦੌਰਾ
ਕਾਲੂਵਾਲਾ ਟਾਪੂ ਤੇ ਬਣੇ ਨਵੇਂ ਸਕੂਲ ਦੀ ਇਮਾਰਤ ਦਾ ਕੀਤਾ ਨਿਰੀਖਣ
ਫ਼ਿਰੋਜ਼ਪੁਰ( )ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਆਈ ਏ ਐਸ ਵੱਲੋਂ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਕਾਲੂਵਾਲਾ, ਸਰਕਾਰੀ ਮਿਡਲ ਸਕੂਲ ਨਿਹਾਲਾ ਕਿਲਚਾ ,ਸਰਕਾਰੀ ਹਾਈ ਸਕੂਲ ਦੁਲਚੀ ਕੇ ਅਤੇ ਡਾਈਟ ਫਿਰੋਜ਼ਪੁਰ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਅਤੇ ਸਕੂਲੀ ਅਧਿਆਪਕਾਂ ਨੂੰ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਪ੍ਰੇਰਿਤ ਕੀਤਾ ਅਤੇ 8ਵੀ 10ਵੀ ਅਤੇ 12ਵੀ ਜਮਾਤਾਂ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਵਿੱਚ ਚੰਗੇ ਨਤੀਜੇ ਲਿਆਉਣ ਦੀ ਗੱਲ ਕਹੀ। ਉਨ੍ਹਾਂ ਨੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਹੋਰ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।
ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਇਮਤਿਹਾਨਾਂ ਦੇ ਨਜ਼ਦੀਕ ਹੋਣ ਕਾਰਨ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਕਾਲੂਵਾਲਾ ਟਾਪੂ ਜੋ ਕਿ ਤਿੰਨ ਪਾਸੇ ਤੋਂ ਸਤਲੁਜ ਦਰਿਆ ਅਤੇ ਇੱਕ ਪਾਸੇ ਤੋਂ ਹਿੰਦ ਪਾਕਿ ਸਰਹੱਦ ਨਾਲ ਘਿਰਿਆ ਹੈ ਉੱਥੇ ਨਵੇਂ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਨਿਰੀਖਣ ਕੀਤਾ ਅਤੇ ਸਕੂਲ ਦੀ ਇਮਾਰਤ ਦੇ ਨਿਰਮਾਣ ਦੇ ਕੰਮ ਦੀ ਤਸੱਲੀ ਪ੍ਰਗਟਾਉਂਦਿਆਂ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਅਤੇ ਸਟਾਫ ਦੀ ਸ਼ਲਾਘਾ ਕੀਤੀ ।ਉਨ੍ਹਾਂ ਕਿਹਾ ਕਿ ਇਸ ਪਿੰਡ ਵਿਚ ਸਕੂਲ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਨੂੰ ਸਤਲੁਜ ਦਰਿਆ ਬੇੜੀ ਰਾਹੀਂ ਪਾਰ ਕਰਕੇ ਜਾਣ ਤੋਂ ਬਹੁਤ ਵੱਡੀ ਰਾਹਤ ਮਿਲੇਗੀ ।
ਇਸ ਮੌਕੇ ਉਨ੍ਹਾਂ ਨਾਲ ਡਾ ਸਤਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ,ਮਨਦੀਪ ਸਿੰਘ ਮੁੱਖ ਦਫਤਰ ਮੋਹਾਲੀ , ਪ੍ਰਿਤਪਾਲ ਸਿੰਘ ਸਟੇਟ ਅਵਾਰਡੀ,ਪਰਮਿੰਦਰ ਸਿੰਘ ਸੋਢੀ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।