ਸਿੱਖਿਆ ਸਕੱਤਰ ਨੇ ਕਾਲੂ ਵਾੜਾ ਟਾਪੂ ਬੇੜੀ ਰਾਹੀਂ ਪਹੁੰਚੇ, ਸਰਕਾਰੀ ਸਕੂਲਾਂ ‘ਚ ਪੜ੍ਹਦੇ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਵਿਦਿਆਰਥੀਆਂ ਦੀ ਸਾਰ ਲੈਣ
ਸਿੱਖਿਆ ਸਕੱਤਰ ਨੇ ਕਾਲੂ ਵਾੜਾ ਟਾਪੂ ਬੇੜੀ ਰਾਹੀਂ ਪਹੁੰਚੇ, ਸਰਕਾਰੀ ਸਕੂਲਾਂ ‘ਚ ਪੜ੍ਹਦੇ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਵਿਦਿਆਰਥੀਆਂ ਦੀ ਸਾਰ ਲੈਣ
Ferozepur, 12.1.2020: ਹਿੰਦ-ਪਾਕਿ ਸਰਹੱਦ ‘ਤੇ ਪੈਂਦੇ ਸਤਲੁਜ ਦਰਿਆ ਦੇ ਕੰਢੇ ਸਥਿਤ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਵਿਦਿਆਰਥੀਆਂ ਦੀ ਸਾਰ ਲੈਣ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਖ਼ੁਦ ਪਹੁੰਚੇ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਕੁਝ ਵਿਦਿਆਰਥੀ 6 ਕਿੱਲੋਮੀਟਰ ਪੈਦਲ ਚੱਲ ਕੇ ਸਤਲੁਜ ਦਰਿਆ ਬੇੜੀ ਖ਼ੁਦ ਚਲਾ ਕੇ ਸਕੂਲ ਪਹੁੰਚਦੇ ਹਨ ਤਾਂ ਉਹ ਖ਼ੁਦ ਪਹਿਲਾਂ ਮੋਟਰਸਾਈਕਲ ‘ਤੇ, ਫਿਰ 4 ਕਿੱਲੋਮੀਟਰ ਪੈਦਲ ਚੱਲ ਕੇ ਸਤਲੁਜ ਦਰਿਆ ਦੇ ਵਿਚ ਬੇੜੀ ਖ਼ੁਦ ਚਲਾ ਕੇ ਕਾਲੂ ਵਾੜਾ ਟਾਪੂ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਲਈ ਪਹੁੰਚੇ ਅਤੇ ਪਿੰਡ ਵਾਸੀਆਂ ਦੀਆਂ ਗੱਲਾਂ ਸੁਣ ਕੇ ਅਤੇ ਪਿੰਡ ਦੀ ਸਥਿਤੀ ਜੋ ਤਿੰਨ ਪਾਸੋਂ ਤੋਂ ਸਤਲੁਜ ਦਰਿਆ ਨਾਲ ਅਤੇ ਇਕ ਪਾਸੇ ਸਰਹੱਦੀ ਕੰਡਿਆਲੀ ਤਾਰ ਹੈ, ਹਾਲਾਤ ਦੇਖ ਕੇ ਬੇਹੱਦ ਭਾਵੁਕ ਹੋਏ ਅਤੇ ਸਰਹੱਦੀ ਲੋਕਾਂ ਦੀਆਂ ਸਮੱਸਿਆਵਾਂ ਦਾ ਸਰਕਾਰ ਕੋਲ ਪਹੁੰਚ ਕਰਕੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ।
ਜਦੋਂ ਦਰਿਆ ਪਾਰ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਮਿਲੀ ਤਾਂ ਕ੍ਰਿਸ਼ਨ ਕੁਮਾਰ ਆਪ ਉਨ੍ਹਾਂ ਦੇ ਘਰ-ਘਰ ਪਹੁੰਚ ਕੇ ਉਨ੍ਹਾਂ ਦੀ ਮੰਗ ਅਨੁਸਾਰ ਪਿੰਡ ਵਿਚ ਸਰਕਾਰੀ ਸਕੂਲ ਖੋਲ੍ਹਣ ਲਈ ਪੰਜਾਬ ਸਰਕਾਰ ਤੱਕ ਗੱਲ ਪਹੁੰਚਾ ਕੇ ਮੰਗ ਪੂਰੀ ਕਰਨ ਦੀ ਗੱਲ ਕੀਤੀ। ਸਰਹੱਦੀ ਖੇਤਰ ਦੇ ਲੋਕਾਂ ਲਈ ਅਜਿਹੇ ਉੱਚ ਪੱਧਰ ਦੇ ਅਧਿਕਾਰੀ ਦਾ ਪਿੰਡ ਵਿਚ ਸਿੱਖਿਆ ਨਾਲ ਸਬੰਧਿਤ ਅਧਿਕਾਰੀ ਦਾ ਸਾਰ ਲੈਣ ਲਈ ਪਹੁੰਚਣਾ ਇਲਾਕੇ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਖਿਆ ਵਿਭਾਗ ਪੰਜਾਬ ਦੇ ਬੁਲਾਰੇ ਰਜਿੰਦਰ ਸਿੰਘ ਚਾਨਣਾ ਨੇ ਦੱਸਿਆ ਕਿ ਸਰਹੱਦੀ ਖੇਤਰ ਦੀ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ, ਸਰਕਾਰੀ ਐਲੀਮੈਂਟਰੀ ਸਕੂਲ ਰਾਜੋ ਕੇ ਉਸਪਾਰ ਅਤੇ ਐਲੀਮੈਂਟਰੀ ਸਕੂਲ ਟੇਂਡੀ ਵਾਲਾ ਦਾ ਸਿੱਖਿਆ ਸਕੱਤਰ ਵਲੋਂ ਦੌਰਾ ਕੀਤਾ ਗਿਆ ਅਤੇ ਕਾਲੂ ਵਾੜਾ ਟਾਪੂ ਦੇ ਵਾਸੀ ਮਲਕੀਤ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ, ਕਰਨੈਲ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਇਸ ਪਿੰਡ ਦੇ ਬੇਹੱਦ ਮੁਸ਼ਕਿਲ ਹਾਲਾਤ ਵਿਚ ਪਹਿਲੀ ਵਾਰ ਕੋਈ ਅਧਿਕਾਰੀ ਇੱਥੇ ਪਹੁੰਚਿਆ ਹੈ ਅਤੇ ਸਾਡੀ ਗੱਲ ਸੁਣੀ ਹੈ।
ਪਿੰਡ ਵਾਸੀਆਂ ਤੋਂ ਇਲਾਵਾ ਪ੍ਰਿੰਸੀਪਲ ਡਾ: ਸਤਿੰਦਰ ਸਿੰਘ ਨੇ ਇਲਾਕੇ ਦੀਆਂ ਸਿੱਖਿਆ ਨਾਲ ਸਬੰਧਿਤ ਸਮੱਸਿਆਵਾਂ ਸਬੰਧੀ ਵਿਸਥਾਰ ਸਹਿਤ ਜਾਣੂੰ ਕਰਵਾਇਆ ਅਤੇ ਇਸ ਖੇਤਰ ਦੇ ਸਕੂਲਾਂ ਨੂੰ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਬੀ. ਐੱਸ. ਐੱਫ਼. ਵਲੋਂ ਪਾਏ ਜਾ ਰਹੇ ਸਹਿਯੋਗ ਤੋਂ ਜਾਣੂੰ ਕਰਵਾਇਆ। ਕ੍ਰਿਸ਼ਨ ਕੁਮਾਰ ਨੇ ਸਰਹੱਦੀ ਖੇਤਰ ਦੇ ਸਕੂਲਾਂ ਦੀ ਸਥਿਤੀ ‘ਤੇ ਤਸੱਲੀ ਪ੍ਰਗਟ ਕਰਦਿਆਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਸਹਿਯੋਗ ਦੇ ਰਹੀਆਂ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਅਤੇ ਸਮੱਸਿਆਵਾਂ ਦਾ ਹੱਲ ਪਹਿਲਾ ਦੇ ਆਧਾਰ ‘ਤੇ ਕਰਨ ਦਾ ਵਿਸ਼ਵਾਸ ਪ੍ਰਗਟਾਇਆ।