ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਸਰਕਾਰੀ ਕੰਨਿਆ ਸਮਾਰਟ ਸਕੂਲ ਜ਼ੀਰਾ ਵਿਖੇ 1 ਕਰੋੜ 25 ਲੱਖ ਰੁਪਏ ਦੀਆਂ ਬੁਨਿਆਦੀ ਸਹੂਲਤਾਂ ਦੇ ਕੀਤੇ ਉਦਘਾਟਨ
ਸਕੂਲ ਵਿਚ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੌਕੇ ਤੇ 10 ਲੱਖ ਰੁਪਏ ਦੇਣ ਦੀ ਵੀ ਕੀਤੀ ਘੋਸ਼ਣਾ
ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਸਰਕਾਰੀ ਕੰਨਿਆ ਸਮਾਰਟ ਸਕੂਲ ਜ਼ੀਰਾ ਵਿਖੇ 1 ਕਰੋੜ 25 ਲੱਖ ਰੁਪਏ ਦੀਆਂ ਬੁਨਿਆਦੀ ਸਹੂਲਤਾਂ ਦੇ ਕੀਤੇ ਉਦਘਾਟਨ
ਸਕੂਲ ਵਿਚ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੌਕੇ ਤੇ 10 ਲੱਖ ਰੁਪਏ ਦੇਣ ਦੀ ਵੀ ਕੀਤੀ ਘੋਸ਼ਣਾ
ਖੇਡ ਵਿੰਗਾਂ, ਕਮਰਿਆਂ ਅਤੇ ਸਟੇਡੀਅਮ ਦੀ ਅਪਗ੍ਰੇਡੇਸ਼ਨ ਲਈ ਵੀ ਐਸਟੀਮੇਟ ਅਨੁਸਾਰ ਹੋਰ ਲੱਖਾਂ ਰੁਪਏ ਦੀ ਰਾਸ਼ੀ ਦੇਣ ਦਾ ਦਿੱਤਾ ਭਰੋਸਾ
ਫਿਰੋਜ਼ਪੁਰ 3 ਅਕਤੂਬਰ ( ) ਸਕੂਲ ਸਿੱਖਿਆ, ਉੱਚ ਸਿੱਖਿਆ, ਖੇਡਾ ਤੇ ਯੁਵਕ ਸੇਵਾਵਾਂ ਅਤੇ ਐਨਆਰਆਈ ਮਾਮਲੇ ਸਬੰਧੀ ਵਿਭਾਗ ਇੱਕ ਦੂਜੇ ਨਾਲ ਜੁੜੇ ਹੋਏ ਹਨ।ਜਦ ਜੀਵਨ ਦੀ ਸ਼ਰੂਆਤ ਹੁੰਦੀ ਹੈ ਤਾਂ ਵਿਦਿਆਰਥੀ ਸਕੂਲੀ ਸਿੱਖਿਆ, ਉੱਚ ਸਿੱਖਿਆ, ਖੇਡਾਂ, ਯੁਵਕ ਸਬੰਧੀ ਗਤੀਵਿਧੀਆਂ ਦੇ ਨਾਲ-ਨਾਲ ਵਿਦੇਸ਼ ਜਾਣ ਸਬੰਧੀ ਸਾਰੀਆਂ ਗਤੀਵਿਧੀਆਂ ਨਾਲ ਜੁੜਦੇ ਹਨ। ਇਨ੍ਹਾਂ ਸਾਰੇ ਵਿਭਾਗਾਂ ਨੂੰ ਇੱਕਠਿਆਂ ਲੈਣ ਦਾ ਇਹੀ ਮਕਸਦ ਹੈ ਕਿ ਬੱਚਿਆਂ ਨੂੰ ਸਕੂਲੀ ਸਿੱਖਿਆ ਤੋਂ ਲੈ ਕੇ ਵਿਦੇਸ਼ ਜਾਣ ਤੱਕ ਸਾਰੀ ਗਤੀਵਿਧੀਆਂ ਦੇ ਯੋਗ ਬਣਾਇਆ ਜਾ ਸਕੇ। ਕੈਬਨਿਟ ਮੰਤਰੀ ਪਦਮਸ੍ਰੀ ਸ੍ਰ: ਪ੍ਰਗਟ ਸਿੰਘ ਨੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਮਾਰਟ ਸਕੂਲ, ਜ਼ੀਰਾ ਵਿਖੇ 1 ਕਰੋੜ 25 ਲੱਖ ਰੁਪਏ ਦੇ ਕਰੀਬ ਸਕੂਲ ਵਿਖੇ ਮੁਹੱਈਆ ਕਰਵਾਈਆਂ ਗਈਆਂ ਬੁਨਿਆਦੀ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਕੰਮਾਂ ਦਾ ਉਦਘਾਟਨ ਕਰਨ ਉਪਰੰਤ ਇਹ ਗੱਲ ਕਹੀ। ਸਕੂਲ ਪਹੁੰਚਣ ਤੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਵਿਧਾਇਕ ਜ਼ੀਰਾ ਕੁਲਬੀਰ ਜ਼ੀਰਾ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਵਿੰਦਰ ਸਿੰਘ ਵਿਸ਼ੇ਼ਸ਼ ਤੌਰ ਤੇ ਮੌਜੂਦ ਸਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਪਦਮਸ੍ਰੀ ਸ੍ਰ: ਪ੍ਰਗਟ ਸਿੰਘ ਨੇ ਸਕੂਲ ਵਿਖੇ 5 ਲੱਖ ਦੀ ਲਾਗਤ ਨਾਲ ਰੈਨੋਵੇਟ ਕੀਤੇ ਗਏ ਕਾਨਫਰੰਸ ਹਾਲ, 14 ਲੱਖ ਦੀ ਲਾਗਤ ਨਾਲ ਨਵੀਂ ਬਣੀ ਲੈਬ, 7 ਲੱਖ ਦੀ ਲਾਗਤ ਨਾਲ ਰੈਨੋਵੇਟ ਕੀਤੇੇ ਜਿੰਮਨੇਜੀਅਮ ਹਾਲ, 5 ਲੱਖ ਦੀ ਲਾਗਤ ਨਾਲ ਲਗਾਏ ਗਏ ਬਾਕਸਿੰਗ ਰਿੰਗ, 15 ਲੱਖ ਦੀ ਲਾਗਤ ਨਾਲ ਬਣੇ ਲਾਈਬਰੇਰੀ, 45 ਲੱਖ ਦੀ ਲਾਗਤ ਨਾਲ ਬਣੇ 6 ਕਮਰੇ, 2.7 ਲੱਖ ਦੀ ਲਾਗਤ ਨਾਲ ਬਣੀ ਵਾਲੀਵਾਲ ਗਰਾਊਂਡ, 1.25 ਲੱਖ ਨਾਲ ਬਣੇ ਬੈਡਮਿੰਟਨ ਕੋਰਟ, 30.4 ਲੱਖ ਨਾਲ ਬਣੇ ਸਮਾਰਟ ਕਲਾਸ ਰੂਮ ਸਮੇਤ ਕੁੱਲ 1 ਕਰੋੜ 25 ਲੱਖ ਦੇ ਕਰੀਬ ਦੀ ਲਾਗਤ ਨਾਲ ਅਪਗ੍ਰੇਡ ਕੀਤੇ ਗਏ ਬੁਨਿਆਦੀ ਢਾਂਚੇ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਸਕੂਲ ਵਰਗਾ ਕੋਈ ਵੀ ਸਰਕਾਰੀ ਸਕੂਲ ਰਾਜ ਵਿਚ ਨਹੀਂ ਹੈ। ਵਿਦਿਆਰਥੀਆਂ ਨੂੰ ਸਮੇਂ ਦਾ ਹਾਨੀ ਬਣਾਉਣ ਦੇ ਲਈ ਮਿਹਨਤ ਕਰਨ ਦੇ ਨਾਲ ਨਾਲ ਇਸੇ ਸਕੂਲ ਵਰਗੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ ਜਿਸ ਨੂੰ ਅਸੀਂ ਬਾਖੁਬੀ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਾਈਮਰੀ ਸਿੱਖਿਆ ਵੱਲ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ ਇਸ ਸਮੇਂ ਦੌਰਾਨ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਿਕ ਤੌਰ ਤੇ ਵਿਕਾਸ ਹੁੰਦਾ ਹੈ। ਇਸ ਲਈ ਜਿੱਥੇ 18 ਤੋਂ 20 ਹਜ਼ਾਰ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਉਥੇ ਵੱਖ ਵੱਖ ਵਿਸਿ਼ਆਂ ਨੂੰ ਪੜਾਉਣ ਦੇ ਲਈ ਲੋੜੀਂਦੇ ਅਧਿਆਪਕਾਂ ਦੀ ਭਰਤੀ ਕਰਨ ਸਬੰਧੀ ਯੋਜਨਾ ਵੀ ਉਲੀਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਨਆਰਆਈ ਸਕੂਲੀ ਸਿੱਖਿਆ ਦੇ ਬੁਨਿਆਦੀ ਢਾਂਚੇ ਲਈ ਵੱਡਮੁਲਾ ਯੋਗਦਾਨ ਪਾ ਸਕਦੇ ਹਨ ਇਸ ਲਈ ਸਾਰੇ ਐਨਆਰਆਈ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿੰਡਾ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣ ਲਈ ਸਹਿਯੋਗ ਦੇਣ ਤਾਂ ਜੋ ਸਕੂਲੀ ਸਿੱਖਿਆ ਨੂੰ ਹੋਰ ਵਧੀਆ ਬਣਾਇਆ ਜਾ ਸਕੇ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੋ੍ਰਗਰਾਮ ਵੀ ਪੇਸ਼ ਕੀਤੇ ਗਏ।
ਇਸ ਦੌਰਾਨ ਹਲਕੇ ਦੇ ਵਿਧਾਇਕ ਕੁਲਬੀਰ ਜ਼ੀਰਾ ਦੇ ਕਹਿਣ ਤੇ ਸਕੂਲ ਵਿਚ ਰਸਤਾ ਪੱਕਾ ਕਰਨ ਲਈ 5 ਲੱਖ, ਸਾਈਕਲ ਸਟੈਂਡ ਸ਼ੈੱਡ ਲਈ 5 ਲੱਖ ਦੇਣ ਦੀ ਘੋਸ਼ਨਾ ਵੀ ਕੀਤੀ ਤੇ ਨਾਲ ਹੀ ਸਕੂਲ ਵਿਚ ਖੇਡ ਵਿੰਗ, 8 ਕਮਰਿਆਂ ਦੇ ਨਿਰਮਾਨ ਅਤੇ ਸਕੂਲ ਦੇ ਖੇਡ ਗਰਾਊਂਡ ਦੀ ਅਪਗ੍ਰੇਡੇਸ਼ਨ ਲਈ ਐਸਟੀਮੇਟ ਅਨੁਸਾਰ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਵਾਇਆ। ਇਸ ਦੌਰਾਨ ਵਿਧਾਇਕ ਦੇ ਕਹਿਣ ਤੇ ਰਾਜ ਦੇ ਹਰ ਸਰਕਾਰੀ ਸਕੂਲ ਵਿਚ ਵਿਰਾਸਤ ਖੇਡ ਗਤਕਾ ਦੀ ਟੈਨਿੰਗ ਸਬੰਧੀ ਇੱਕ ਪੀਰੀਅਡ ਦੀ ਸ਼ੁਰੁਆਤ ਕਰਨ ਦਾ ਵਿਸ਼ਵਾਸ ਵੀ ਮੰਤਰੀ ਵੱਲੋਂ ਦਵਾਇਆ ਗਿਆ।
ਇਸ ਤੋਂ ਬਾਅਦ ਉਨ੍ਹਾਂ ਵੱਲੋਂ ਵੱਖ ਵੱਖ ਖੇਤਰਾਂ ਚ ਬੁਲੰਦੀਆਂ ਹਾਸਲ ਕਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਅਖੀਰ ਵਿਚ ਸਕੂਲ ਮੈਨਜਮੈਂਟ ਨੇ ਮੁੱਖ ਮਹਿਮਾਨ ਪਦਮਸ੍ਰੀ ਪ੍ਰਗਟ ਸਿੰਘ ਨੂੰ ਯਾਦਗਾਰੀ ਚਿੰਨ ਵੀ ਭੇਟ ਕੀਤਾ। ਇਸ ਮੌਕੇ ਡੀਈਓ ਰਾਜੀਵ ਛਾਬੜਾ, ਡਿਪਟੀ ਡੀਈਓ ਕਮਲ ਅਰੋੜਾ, ਡਿਪਟੀ ਡੀਈਓ ਸੁਖਵਿੰਦਰ ਸਿੰਘ, ਸਾਬਕਾ ਡੀਈਓ ਕੁਲਵਿੰਦਰ ਕੌਰ, ਰਿਟਾਇਰਡ ਆਈਏਐਸ ਅਸੋ਼ਕ ਗੁਪਤਾ, ਸ੍ਰ: ਪਰਵਿੰਦਰ ਸਿੰਘ ਢੀਂਢਸਾ, ਸ੍ਰ: ਸਰਬਦਿਆਲ ਸਿੰਘ, ਚੈਅਰਮੈਨ ਮਹਿੰਦਰਜੀਤ ਸਿੰਘ, ਕੁਲਬੀਰ ਸਿੰਘ ਟਿੱਮੀ, ਦਰਸ਼ਨ ਸਿੰਘ ਅਤੇ ਚੇਅਰਪਰਸਨ ਸਰਬਜੀਤ ਕੌਰ ਤੋਂ ਇਲਾਵਾ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਵੀ ਮੌਜੂਦ ਸਨ।