Ferozepur News
ਸਿੱਖਿਆ ਮਾਡਲ ਦੀ ਉਸਾਰੀ ਲਈ ਖਾਲੀ ਅਸਾਮੀਆਂ ਭਰੀਆਂ ਜਾਣ: ਚਰਨ ਸਿੰਘ
ਸਕੂਲ ਉਡੀਕਦੇ ਪ੍ਰਿੰਸੀਪਲਾਂ ਨੂੰ, ਹੈੱਡਮਾਸਟਰ ਉਡੀਕਦੇ ਤਰੱਕੀ ਨੂੰ
![ਸਿੱਖਿਆ ਮਾਡਲ ਦੀ ਉਸਾਰੀ ਲਈ ਖਾਲੀ ਅਸਾਮੀਆਂ ਭਰੀਆਂ ਜਾਣ: ਚਰਨ ਸਿੰਘ ਸਿੱਖਿਆ ਮਾਡਲ ਦੀ ਉਸਾਰੀ ਲਈ ਖਾਲੀ ਅਸਾਮੀਆਂ ਭਰੀਆਂ ਜਾਣ: ਚਰਨ ਸਿੰਘ](https://ferozepuronline.com/wp-content/uploads/2025/02/IMG-20250212-WA0017-300x140.jpg)
ਸਿੱਖਿਆ ਮਾਡਲ ਦੀ ਉਸਾਰੀ ਲਈ ਖਾਲੀ ਅਸਾਮੀਆਂ ਭਰੀਆਂ ਜਾਣ: ਚਰਨ ਸਿੰਘ
ਸਕੂਲ ਉਡੀਕਦੇ ਪ੍ਰਿੰਸੀਪਲਾਂ ਨੂੰ, ਹੈੱਡਮਾਸਟਰ ਉਡੀਕਦੇ ਤਰੱਕੀ ਨੂੰ
ਫਿਰੋਜ਼ਪੁਰ, 12 ਫਰਵਰੀ, 2025: ਸਿੱਖਿਆ ਵਿਭਾਗ ਪੰਜਾਬ ਵਿੱਚ ਪ੍ਰਿੰਸੀਪਲਾਂ ਦੀ ਖਾਲੀ ਅਸਾਮੀਆਂ ਦੇਖ ਕੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਹੋਈ ਸ਼ਾਨਦਾਰ ਤਰੱਕੀ ਦੇ ਕੀਤੇ ਵਾਅਦਿਆਂ ਦੀ ਫੂਕ ਨਿਕਲਦੀ ਦਿਖ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹੈੱਡਮਾਸਟਰਜ਼ ਐਸੋਸੀਏਸ਼ਨ, ਪੰਜਾਬ ਦੀ ਫਿਰੋਜ਼ਪੁਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਵੱਲੋਂ ਸਮੁੱਚੀ ਜ਼ਿਲ੍ਹਾ ਕਮੇਟੀ ਨਾਲ਼ ਫਿਰੋਜ਼ਪੁਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਵਿੱਚ ਉਹਨਾਂ ਵੱਲੋਂ ਖੁਲਾਸਾ ਕੀਤਾ ਗਿਆ ਕਿ ਪੰਜਾਬ ਦੇ ਲਗਭਗ 45 ਫੀਸਦੀ ਸਕੂਲ ਪ੍ਰਿੰਸੀਪਲ ਤੋਂ ਬਿਨਾਂ ਚੱਲ ਰਹੇ ਹਨ ਅਤੇ ਇਹਨਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆ ਦਾ ਭਵਿੱਖ ਸੁਰੱਖਿਅਤ ਨਹੀਂ ਨਜ਼ਰ ਆ ਰਿਹਾ।
ਜਿੱਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਦੂਜੇ ਪਾਸੇ ਹਾਈ ਸਕੂਲਾਂ ਦੇ ਹੈਡ ਮਾਸਟਰ ਤਰੱਕੀ ਲਈ ਯੋਗ ਹੋਣ ਦੇ ਬਾਵਜੂਦ ਵੀ ਪਦਉੱਨਤ ਨਹੀਂ ਕੀਤੇ ਜਾ ਰਹੇ। ਇਸ ਮੌਕੇ ਸਟੇਟ ਕਮੇਟੀ ਮੈਂਬਰ ਹੈੱਡਮਾਸਟਰ ਬੇਅੰਤ ਸਿੰਘ ਅਤੇ ਉਮੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਹੀ ਬਤੌਰ ਡੀ ਡੀ ਓ ਕੰਮ ਕਰ ਰਹੇ ਹੈੱਡਮਾਸਟਰ, ਪ੍ਰਿੰਸੀਪਲ ਦੀ ਪੋਸਟ ਲਈ ਸਭ ਤੋਂ ਵੱਧ ਅਤੇ ਯੋਗ ਦਾਅਵੇਦਾਰ ਹਨ, ਉਨ੍ਹਾਂ ਦਾ ਬੈਕਲੌਗ ਵੀ ਬਹੁਤ ਪੈਂਡਿੰਗ ਹੈ ਅਤੇ ਨਿਯਮਾਂ ਮੁਤਾਬਿਕ 4 ਸਾਲ ਤੋਂ ਬਾਅਦ ਹੈਡਮਾਸਟਰ ਨੂੰ ਬਤੌਰ ਪ੍ਰਿੰਸੀਪਲ ਤਰੱਕੀ ਦੇਣੀ ਹੁੰਦੀ ਹੈ। ਪਰ ਸਿੱਖਿਆ ਵਿਭਾਗ ਦੇ ਅਧਿਕਾਰੀ ਅਪਣੇ ਆਪ ਨੂੰ ਨਿਯਮਾਂ ਤੋਂ ਉੱਪਰ ਸਮਝਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਦੀ ਐਸੋਸੀਏਸ਼ਨ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਵਿਭਾਗ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਵਿਭਾਗ ਵੱਲੋਂ ਹੈੱਡ ਮਾਸਟਰ ਕੇਡਰ ਤੋਂ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਕੀਤੀਆਂ ਜਾਣ ਤਾਂ ਜੋ ਮੁੱਖ ਮੰਤਰੀ ਦਾ ਸਿੱਖਿਆ ਮਾਡਲ ਦਾ ਸੁਪਨਾ ਸਾਕਾਰ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ਼ ਹੈੱਡਮਾਸਟਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਅਹੁਦੇਦਾਰ ਮੈਂਬਰਾਂ ਵਿੱਚੋਂ ਵਿਸ਼ੇਸ਼ ਸਚਦੇਵਾ, ਜੋਗਿੰਦਰ ਸਿੰਘ, ਜਸਪ੍ਰੀਤ ਸਿੰਘ, ਕੰਵਲਜੀਤ ਸਿੰਘ, ਅਰਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।