Ferozepur News

ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਦੁਕਾਨਾਂ/ਸਟੋਰਾਂ ਦੀ ਚੈਕਿੰਗ ਚੈਕਿੰਗ ਦੌਰਾਨ ਮਿਲਾਵਟੀ ਵਸਤੂਆਂ, ਕੈਮੀਕਲ ਨਾਲ ਪਕਾਏ ਫਲਾਂ ਆਦਿ ਦੇ ਲਏ ਸੈਂਪਲ ਪਿਛਲੇ 2 ਦਿਨਾਂ ਤੋਂ ਫਲਾਂ, ਸਬਜ਼ੀਆਂ, ਮੀਟ, ਪਨੀਰ, ਦਹੀਂ ਆਦਿ ਦੇ ਲਏ 10 ਤੋਂ ਵੱਧ ਸੈਂਪਲ

ਫ਼ਿਰੋਜ਼ਪੁਰ 14 ਜੂਨ 2018 (Manish Bawa ) ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਰੱਖਦਿਆਂ ਅਤੇ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਐਸ.ਡੀ.ਐਮ ਜ਼ੀਰਾ ਸ਼੍ਰੀ ਅਮਿੱਤ ਗੁਪਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਫ਼ਿਰੋਜ਼ਪੁਰ ਅਤੇ ਜ਼ੀਰਾ ਦੀ  ਸਬਜ਼ੀ ਮੰਡੀਆਂ, ਵੱਖ-ਵੱਖ ਬਜ਼ਾਰਾਂ  ਸਮੇਤ ਵੱਖ-ਵੱਖ ਸਟੋਰਾਂ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਫੂਡ ਇੰਸਪੈਕਟਰ ਸ਼੍ਰੀ ਮਨਜਿੰਦਰ ਢਿੱਲੋਂ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਜੀ ਦੇ ਆਦੇਸ਼ਾਂ ਤੇ  ਸਿਹਤ ਵਿਭਾਗ ਦੀ ਟੀਮ ਜਿਸ ਵਿਚ ਸ੍ਰ: ਬਲਵੀਰ ਚੰਦ, ਸ੍ਰ: ਗੁਰਮੀਤ ਸਿੰਘ ਅਤੇ ਸ੍ਰ: ਗੁਰਵਿੰਦਰ ਸਿੰਘ ਵੱਲੋਂ ਵੱਖ-ਵੱਖ ਦੁਕਾਨਾਂ/ਸਟੋਰਾਂ ਦੀ ਚੈਕਿੰਗ ਕਰਕੇ ਮਿਲਾਵਟੀ ਵਸਤੂਆਂ ਤੇ ਕੈਮੀਕਲ ਨਾਲ ਪਕਾਏ ਫਲਾਂ ਦੇ ਸੈਂਪਲ ਲਏ ਗਏ ਹਨ। ਜਿਸ ਵਿਚੋਂ ਮਿਲਕਲਾਈਨ ਡੇਅਰੀ ਜ਼ੀਰਾ ਤੋਂ ਪਨੀਰ ਤੇ ਦਹੀਂ ਦੇ ਸੈਂਪਲ, ਕੋਛੜ ਮੀਟ ਦੁਕਾਨ ਤੇ ਚੌਧਰੀ ਮੀਟ ਦੀ ਦੁਕਾਨ ਜ਼ੀਰਾ ਤੋਂ ਮੀਟ ਦੇ ਸੈਂਪਲ  ਲਏ ਗਏ ਹਨ। ਇਸ ਤੋਂ ਇਲਾਵਾ ਚਮਨ ਲਾਲ ਫਰੂਟ ਕੰਪਨੀ ਦਾਨਾ ਮੰਡੀ ਜ਼ੀਰਾ, ਮਹਾ ਲੱਛਮੀ ਫਰੂਟ ਕੰਪਨੀ ਮਖੂ ਤੋਂ ਫਲਾਂ ਦੇ ਸੈਂਪਲ ਲਏ ਗਏ ਹਨ।  ਉਨ੍ਹਾਂ ਦੱਸਿਆ ਕਿ ਲਏ ਗਏ ਸੈਂਪਲਾਂ ਦਾ ਨਿਰੀਖਣ ਕਰਨ ਲਈ ਚੰਡੀਗੜ੍ਹ ਲੈਬਾਰਟਰੀ ਭੇਜ ਦਿੱਤਾ ਗਿਆ ਹੈ, ਜੇਕਰ ਇਨ੍ਹਾਂ ਵਿਚ ਕੋਈ ਮਿਲਾਵਟ ਪਾਈ ਜਾਂਦੀ ਹੈ ਤਾਂ ਇਨ੍ਹਾਂ ਦੁਕਾਨਦਾਰਾਂ/ਫ਼ਰਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ  ਦੁਕਾਨਦਾਰਾਂ  ਨੂੰ ਸਖ਼ਤ ਹਦਾਇਤਾਂ ਹਨ ਕਿ  ਕੈਮੀਕਲ ਨਾਲ ਪਕਾਏ ਫਲ/ਸਬਜ਼ੀਆਂ ਅਤੇ ਹੋਰ ਮਿਲਾਵਟੀ ਵਸਤੂਆਂ ਦੀ ਵਿੱਕਰੀ ਨਾ ਕੀਤੀ ਜਾਵੇ।  ਜੇਕਰ ਫਿਰ ਵੀ ਕੋਈ ਦੁਕਾਨਦਾਰ ਅਜਿਹਾ ਕਰਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪਿਛਲੇ 2 ਦਿਨਾਂ ਤੋਂ ਫਲਾਂ, ਸਬਜ਼ੀਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੇ 10 ਤੋਂ ਵੱਧ ਸੈਂਪਲ ਲਏ ਗਏ ਹਨ।  ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਦੁਕਾਨਾਂ, ਸਬਜ਼ੀ ਮੰਡੀਆਂ ਅਤੇ ਸਟੋਰਾਂ ਆਦਿ ਦੀ ਚੈਕਿੰਗ ਕੀਤੀ ਜਾਵੇਗੀ।

Related Articles

Back to top button