ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਵੱਖ ਵੱਖ ਡੇਅਰੀਆਂ ਦੀ ਚੈਕਿੰਗ ਦੌਰਾਨ ਭਰੇ ਸੈਂਪਲ
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਵੱਖ ਵੱਖ ਡੇਅਰੀਆਂ ਦੀ ਚੈਕਿੰਗ ਦੌਰਾਨ ਭਰੇ ਸੈਂਪਲ
ਫਿਰੋਜ਼ਪੁਰ 22 ਅਗਸਤ 2022 – ਕਮਿਸ਼ਨਰ ਫੂਡ ਡਾ. ਅਭਿਨਵ ਤ੍ਰਿਖਾ ਦੇ ਹੁਕਮਾਂ ‘ਤੇ ਸਿਵਲ ਸਰਜਨ ਫਿਰੋਜ਼ਪੁਰ ਡਾ. ਅਨਿਲ ਕੁਮਾਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਹਰਕੀਰਤ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਵੱਲੋਂ ਦੁੱਧ ਵਿੱਚ ਮਿਲਾਵਟ ਨੂੰ ਰੋਕਣ ਲਈ 22 ਅਗਸਤ 2022 ਨੂੰ ਫਿਰੋਜ਼ਪੁਰ ਸ਼ਹਿਰ ਅਤੇ ਮਮਦੋਟ ਵਿਚ ਵੱਖ-ਵੱਖ ਡੇਅਰੀਆਂ ਦੀ ਚੈਕਿੰਗ ਕੀਤੀ ਗਈ ਅਤੇ ਦੁੱਧ ਦੇ ਕੁੱਲ 05 ਸੈਂਪਲ ਲਏ ਗਏ। ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਮੂਨੇ ਵਿਸ਼ਲੇਸ਼ਣ ਲਈ ਪ੍ਰਯੋਗਸ਼ਾਲਾ ਵਿੱਚ ਭੇਜੇ ਜਾਣਗੇ। ਪ੍ਰਯੋਗਸ਼ਾਲਾ ਤੋਂ ਨਮੂਨਿਆਂ ਦੇ ਨਤੀਜਿਆਂ ‘ਤੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਅਭਿਆਨ 26 ਅਗਸਤ ਤੱਕ ਪੂਰੇ ਪੰਜਾਬ ਵਿੱਚ ਜਾਰੀ ਰਹੇਗਾ ਜਿਸ ਵਿੱਚ ਦੁੱਧ ਵਿੱਚ ਮਿਲਾਵਟ ਨੂੰ ਨੱਥ ਪਾਉਣ ਲਈ ਦੁੱਧ ਦੇ ਸੈਂਪਲ ਲਏ ਜਾਣਗੇ। ਜੇਕਰ ਕੋਈ ਦੁੱਧ ਵਿੱਚ ਮਿਲਾਵਟ ਕਰਦਾ ਪਾਇਆ ਗਿਆ ਤਾਂ ਫੂਡ ਸੇਫਟੀ ਐਕਟ, 2006 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੁੱਧ ਵਿੱਚ ਮਿਲਾਵਟ ਕਰਨ ਵਾਲੇ ਵਿਅਕਤੀ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਦੱਸੀ ਜਾਵੇਗੀ।ਜਿਹੜੇ ਫੂਡ ਬਿਜ਼ਨਸ ਆਪਰੇਟਰਾਂ ਕੋਲ FSSAI ਰਜਿਸਟ੍ਰੇਸ਼ਨ ਜਾਂ ਲਾਇਸੈਂਸ ਨਹੀਂ ਹੈ, ਉਹ ਇਸ ਲਈ ਅਰਜ਼ੀ ਦੇਣ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ।
ਫ਼ੂਡ ਸੇਫਟੀ ਅਫਸਰ ਨੇ ਦੱਸਿਆ ਕਿ ਇਸ ਸਾਲ ਦੌਰਾਨ ਜਨਵਰੀ 2022 ਤੋਂ ਜੁਲਾਈ 2022 ਤੱਕ, ਕੁੱਲ 86 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 19 ਫੇਲ੍ਹ ਹੋਏ ਸਨ। ਹਾਲਾਂਕਿ 60 ਸੈਂਪਲ ਪਾਸ ਹੋ ਚੁੱਕੇ ਹਨ ਜਦਕਿ 7 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਹੁਣ ਤੱਕ ਵੱਖ-ਵੱਖ ਮਾਮਲਿਆਂ ਵਿੱਚ 73,000 ਰੁਪਏ ਜੁਰਮਾਨਾ ਕੀਤਾ ਜਾ ਚੁੱਕਾ ਹੈ।