ਸਾਰਾਗੜ੍ਹੀ ਮੈਮੋਰੀਅਲ ਨੂੰ ਵਿਕਸਿਤ ਕਰਨ ਅਤੇ ਸੁੰਦਰਤਾ ਦੇ ਲਈ ਡੇਢ ਕਰੋੜ ਰੁਪਏ ਦੇ ਪ੍ਰਾਜੈਕਟ ਦੀ ਸ਼ੁਰੂਆਤ, ਪੱਟੀ ਦੀ ਕੰਪਨੀ ਨੂੰ ਵਰਕ ਆਰਡਰ ਮਿਲਿਆ
ਪਾਰਕ, ਫੈਸਲੀਟੇਸ਼ਨ ਸੈਂਟਰ (ਸਹੂਲਤ ਕੇਂਦਰ), ਵਿਰਾਸਤੀ ਦਿੱਖ ਸਮੇਤ ਕਈ ਕੰਮਾਂ 'ਤੇ ਖਰਚੀ ਜਾਵੇਗੀ ਰਾਸ਼ੀ: ਵਿਧਾਇਕ ਪਿੰਕੀ
ਫਿਰੋਜ਼ਪੁਰ, 22 ਜੁਲਾਈ
ਫਿਰੋਜ਼ਪੁਰ ਸ਼ਹਿਰ ਦੇ ਵਿਕਾਸ ਲਈ ਇਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਇਤਿਹਾਸਕ ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਰਾਜ ਸਰਕਾਰ ਵੱਲੋਂ ਡੇਢ ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕਰਨ ਦਾ ਕੰਮ ਅਲਾਟ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਸਾਰਾਗੜ੍ਹੀ ਕੰਪਲੈਕਸ ਨੂੰ ਵਿਕਸਤ ਕਰਨ ਦਾ ਕੰਮ ਪੱਟੀ ਫਰਮ ਮੈਸਰਜ਼ ਚੰਦਨ ਅਰਵਿੰਦਰ ਕੰਸਟ੍ਰਕਸ਼ਨ ਕੰਪਨੀ ਨੂੰ ਦਿੱਤਾ ਗਿਆ ਹੈ, ਜੋ ਜਲਦੀ ਹੀ ਇਸ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰ ਦੇਵੇਗੀ।
ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਦੀ ਸਥਾਪਨਾ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਵਿੱਚ ਹੋਈ ਬ੍ਰਿਟਿਸ਼ ਫੌਜ ਦੇ ਸਿੱਖ ਸੈਨਿਕਾਂ ਅਤੇ ਅਫ਼ਗਾਨ ਕਬੀਲਿਆਂ ਦਰਮਿਆਨ ਹੋਈ ਭਿਆਨਕ ਲੜਾਈ ਵਿਚ ਸਿੱਖ ਜਵਾਨਾਂ ਦੁਆਰਾ ਦਰਸਾਈ ਗਈ ਸ਼ਕਤੀ ਅਤੇ ਬਹਾਦਰੀ ਦੇ ਪ੍ਰਤੀਕ ਵਜੋਂ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਇੱਥੇ ਰਾਜ ਪੱਧਰੀ ਸਮਾਗਮ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਇਸ ਲੜਾਈ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਸਾਰੇ 21 ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਬ੍ਰਿਟਿਸ਼ ਆਰਮੀ ਦਾ ਪ੍ਰਤੀਨਿਧੀ ਮੰਡਲ ਵੀ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਥੇ ਪਹੁੰਚਦਾ ਹੈ। ਇਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਕੀਤੀ ਗਈ ਹੈ।
ਵਿਧਾਇਕ ਪਿੰਕੀ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਾਡੇ ਬੱਚੇ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋਣ, ਜਿਸ ਦੇ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇੱਥੇ ਫੈਸਲੀਟੇਸ਼ਨ ਸੈਂਟਰ, ਪਾਰਕ ਅਤੇ ਸੁੰਦਰੀਕਰਨ ਦੇ ਕਈ ਕੰਮ ਕੀਤੇ ਜਾਣਗੇ ਤਾਂ ਜੋ ਸਥਲ ਵੀ ਇੱਕ ਵਿਸ਼ਾਲ ਸੈਰ-ਸਪਾਟਾ ਸਥਾਨ ਵਜੋਂ ਉਭਰ ਸਕੇ। ਉਨ੍ਹਾਂ ਕਿਹਾ ਕਿ ਮੈਮੋਰੀਅਲ ਟਰੱਸਟ ਕੋਲ ਪਹਿਲਾਂ ਹੀ ਦੋ ਕਰੋੜ ਰੁਪਏ ਆ ਚੁੱਕੇ ਹਨ, ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਜਾਰੀ ਕੀਤੇ ਗਏ ਸਨ। ਇਸ ਲਈ ਪੈਸੇ ਦੀ ਕੋਈ ਘਾਟ ਨਹੀਂ ਹੈ।
ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਦੇ ਵਿਕਾਸ ਲਈ ਸਰਕਾਰ ਵੱਲੋਂ 6.50 ਕਰੋੜ ਰੁਪਏ ਦੇ ਟੈਂਡਰ ਗੁਰੂਗ੍ਰਾਮ ਦੀ ਕੰਪਨੀ ਨੂੰ ਜਾਰੀ ਕੀਤੇ ਹਨ। ਇਨ੍ਹਾਂ ਦੋਵਾਂ ਥਾਵਾਂ ਦੇ ਸੈਰ-ਸਪਾਟਾ ਸਥਾਨਾਂ ਦੇ ਵਿਕਾਸ ਦੇ ਬਾਅਦ ਫਿਰੋਜ਼ਪੁਰ ਵਿੱਚ ਨਾ ਸਿਰਫ ਸੈਰ-ਸਪਾਟਾ ਦੀਆਂ ਗਤੀਵਿਧੀਆਂ ਵਧਣਗੀਆਂ, ਬਲਕਿ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਵੀ ਮਿਲੇਗਾ।