ਸਾਂਝੇ ਅਧਿਆਪਕ ਮੋਰਚੇ ਵਲੋਂ ਫੂਕੀ ਗਈ ਸਰਕਾਰ ਦੀ ਅਰਥੀ।
Ferozepur, October 23, 2017 : ਪੰਜਾਬ ਸਰਕਾਰ ਵਲੋਂ 800 ਪ੍ਰਾਇਮਰੀ ਸਕੂਲਾਂ ਨੂੰ ਵਿਦਿਆਰਥੀਆਂ ਦੀ ਘੱਟ ਗਿਣਤੀ ਦੇ ਬਹਾਨੇ ਬੰਦ ਕਰਨ ਦੇ ਫੈਸਲੇ ਦੇ ਵਿਰੋਧ ਵਜੋਂ ਅੱਜ ਸਾਂਝੇ ਅਧਿਆਪਕ ਮੋਰਚਾ, ਫਿਰੋਜ਼ਪੁਰ ਵਲੋਂ ਡੀ ਸੀ ਦਫਤਰ ਸਾਹਮਣੇ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਮੌਕੇ ਬੋਲਦਿਆਂ ਗੌਰਮਿੰਟ ਟੀਚਰਜ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਕਿਹਾ ਕਿ ਸਰਕਾਰ ਸਕੂਲਾਂ ਨੂੰ ਬੰਦ ਕਰਨ ਦੇ ਰਾਹ ਵੱਲ ਤੁਰ ਪਈ ਹੈ ਜੱਦ ਕਿ ਸਰਕਾਰ ਨਸ਼ਾ ਬੰਦ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ। ਨੀਰਜ ਯਾਦਵ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਹਰ ਘਰ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਪਰ ਇਹਨਾਂ ਸਕੂਲਾਂ ਨੂੰ ਬੰਦ ਕਰ ਕੇ ਸਰਕਾਰ ਮਿਡ-ਡੇ-ਮੀਲ ਵਰਕਰਾਂ ਦਾ ਰੋਜ਼ਗਾਰ ਖਤਮ ਕਰ ਰਹੀ ਹੈ। ਇਸ ਦੇ ਨਾਲ ਹੀ ਹਜਾਰਾਂ ਦੀ ਗਿਣਤੀ ਵਿਚ ਅਧਿਆਪਕਾਂ ਦੀਆਂ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਅੱਧਾ ਸੈਸ਼ਨ ਖਤਮ ਹੋਣ ਨੂੰ ਆਈਆਂ ਪਰ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਮਿਲਿਆ, ਸਰਕਾਰ ਦੀਆਂ ਅਜਿਹੀਆਂ ਗਲਤ ਨੀਤੀਆਂ ਕਾਰਨ ਹੀ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਇਹਨਾਂ ਸਕੂਲਾਂ ਨੂੰ ਬੰਦ ਕਰਨ ਨਾਲ ਕੋਈ ਸੁਧਾਰ ਨਹੀਂ ਹੋਣਾ ਸਗੋਂ ਬੱਚਿਆਂ ਦੀ ਗਿਣਤੀ ਸਕੂਲਾਂ ਵਿੱਚ ਹੋਰ ਘਟੇਗੀ ਕਿਉਂਕਿ ਛੋਟੇ ਵਿਦਿਆਰਥੀ ਦੂਜੇ ਪਿੰਡ ਦੇ ਸਕੂਲ ਵਿਚ ਪੜ੍ਹਨ ਜਾਣ ਤੋਂ ਅਸਮਰੱਥ ਹੋਣਗੇ। ਸਰਕਾਰ ਦੇ ਅਧਿਕਾਰੀ ਚਾਹੇ ਜਿਨ੍ਹਾਂ ਮਰਜ਼ੀ ਇਸ ਫੈਸਲੇ ਨੂੰ ਸਹੀ ਸਾਬਤ ਕਰਨ ਲਈ ਇਸ ਸਿੱਖਿਆ ਵਿਰੋਧੀ ਫੈਸਲੇ ਦਾ ਗੁਣਗਾਨ ਕਰੀ ਜਾਣ।
ਪਸਸਫ ਦੇ ਪ੍ਰਧਾਨ ਮਹਿੰਦਰ ਸਿੰਘ ਧਾਲੀਵਾਲ, ਜਨਰਲ ਸਕੱਤਰ ਕ੍ਰਿਸ਼ਨਚੰਦ ਜਾਗੋਵਾਲੀਆ,ਗੌਰਮਿੰਟ ਸਕੂਲ ਟੀਚਰਜ ਯੂਨੀਅਨ ਦੇ ਪ੍ਰਧਾਨ ਨਵੀਨ ਕੁਮਾਰ, ਜਗਸੀਰ ਸਿੰਘ ਪ੍ਰਧਾਨ ਐਸ ਐਸ ਏ /ਰਮਸਾ ਯੂਨੀਅਨ, ਜਸਬੀਰ ਸਿੰਘ ਪ੍ਰਧਾਨ ਐਜੂਕੇਸ਼ਨ ਪ੍ਰੋਵਾਇਡਰ ਯੂਨੀਅਨ, ਕੁਲਵੰਤ ਸਿੰਘ ਤਹਿਸੀਲ ਪ੍ਰਧਾਨ ਪਸਸਫ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਮਜਦੂਰਾਂ ਤੇ ਗਰੀਬ ਪਰਿਵਾਰਾਂ ਦੇ ਬੱਚੇ ਪੜਦੇ ਹਨ ਤੇ ਸਰਕਾਰ ਇਨ੍ਹਾਂ ਸਕੂਲਾਂ ਨੂੰ ਬੰਦ ਕਰਕੇ ਗਰੀਬ ਵਿਦਿਆਰਥੀਆਂ ਤੋਂ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਖੋਹ ਰਹੀ ਹੈ ਤੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ, ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਰਕਾਰ ਦਾ ਇਹ ਫੈਸਲਾ ਅਸਿੱਧੇ ਰੂਪ ਵਿਚ ਪ੍ਰਾਈਵੇਟ ਸੈਕਟਰ ਨੂੰ ਫਾਇਦਾ ਪਹੁੰਚਾਉਣ ਵਾਲਾ ਹੈ। ਸਰਕਾਰ ਦੇ ਇਸ ਫੈਸਲੇ ਖਿਲਾਫ ਸੰਘਰਸ਼ ਫੈਸਲਾ ਵਾਪਸੀ ਤੱਕ ਜਾਰੀ ਰਹੇਗਾ ਤੇ 25 ਤਰੀਕ ਨੂੰ ਮੋਰਚੇ ਵਲੋਂ ਸਰਕਾਰ ਖਿਲਾਫ ਜਿਸ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਉਸ ਵਿਚ ਸਾਰੀਆਂ ਜੱਥੇਬੰਦੀਆਂ ਵੱਧ ਚੜ੍ਹ ਕੇ ਭਾਗ ਲੈਣ ਗਿਆ। ਇਸ ਮੌਕੇ ਸੰਜੀਵ ਟੰਡਨ, ਗੌਰਵ ਮੁੰਜਾਲ, ਸੰਦੀਪ ਟੰਡਨ, ਨਵੀਨ ਸੈਮ, ਰਜਿੰਦਰ ਸਿੰਘ ਰਾਜਾ, ਸੁਖਵਿੰਦਰ ਸਿੰਘ, ਸਹਿਨਾਜ, ਬਲਵਿੰਦਰ ਬਹਿਲ, ਅਮਿਤ ਸੋਨੀ ਗੌਰਮਿੰਟ ਟੀਚਰਜ ਯੂਨੀਅਨ, ਅਨਵਰ, ਸੁਰਜੀਤ, ਹਰਜਿੰਦਰ ਸਿੰਘ ਸਿੱਖਿਆ ਪ੍ਰੋਵਾਇਡਰ ਯੂਨੀਅਨ, ਬਹਾਦਰ ਪੰਚਾਇਤੀ ਰਾਜ, ਇੰਦਰ ਸਿੰਘ, ਜਰਨੈਲ ਸਿੰਘ ਜੰਗਲਾਤ ਵਿਭਾਗ,ਅਮਿਤ ਸ਼ਰਮਾ, ਕਵਲਜੀਤ ਸਿੰਘ, ਹਰੀਸ਼ ਕੁਮਾਰ, ਸੰਦੀਪ ਸਹਿਗਲ, ਫਰਾਂਸੀਸ, ਸੰਦੀਪ ਕੁਮਾਰ ਐਸ ਐਸ ਰਮਸਾ ਯੂਨੀਅਨ, ਬਲਵਿੰਦਰ ਚੱਬਾ, ਭੁਪਿੰਦਰ ਸਿੰਘ, ਗੁਰਮੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।