ਸ਼ਿਵਰਾਜ ਚੌਹਾਨ ਦੇ ਬਿਆਨ ਦੀ ਦਿੱਲੀ ਅੰਦੋਲਨ 2 ਵੱਲੋਂ ਸ਼ੰਭੂ ਮੋਰਚੇ ਤੋਂ ਨਿਖੇਧੀ, ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਤੇ ਹੋਣਗੇ ਵੱਡੇ ਇਕੱਠ
ਸ਼ਿਵਰਾਜ ਚੌਹਾਨ ਦੇ ਬਿਆਨ ਦੀ ਦਿੱਲੀ ਅੰਦੋਲਨ 2 ਵੱਲੋਂ ਸ਼ੰਭੂ ਮੋਰਚੇ ਤੋਂ ਨਿਖੇਧੀ, ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਤੇ ਹੋਣਗੇ ਵੱਡੇ ਇਕੱਠ
ਫਿਰੋਜ਼ਪੁਰ(ਸ਼ੰਬੂ ਬਾਰਡਰ), ਫਰਵਰੀ 7, 2025: ਫਰਵਰੀ 13, 2024 ਤੋਂ ਸ਼ੰਭੂ ਖਨੌਰੀ ਅਤੇ ਰਤਨਪੁਰਾ ਰਾਜਸਥਾਨ ਬਾਰਡਰਾਂ ਤੇ ਜਾਰੀ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ.
ਇਸ ਮੌਕੇ ਸ਼ੰਬੂ ਬਾਰਡਰ ਤੋਂ ਮੀਡੀਆ ਨੂੰ ਸੰਬੋਧਨ ਕਰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਡਿਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਬਜ਼ਟ ਤੇ ਚਰਚਾ ਦੌਰਾਨ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਕਿਸਾਨ ਮੋਬਾਇਲ ਰਾਹੀਂ ਘਰੋਂ ਫਸਲ ਦੀ ਫੋਟੋ ਖਿੱਚ ਕੇ ਐਪ ਤੇ ਪਾ ਕੇ ਫ਼ਸਲ ਦਾ ਵਧੀਆ ਰੇਟ ਵੱਧ ਲੱਗ ਜਾਵੇਗਾ, ਉਹਨਾਂ ਦਾ ਇਹ ਇਸ਼ਾਰਾ ਪ੍ਰਾਈਵੇਟ ਮੰਡੀ ਵੱਲ ਹੀ ਹੈ।
ਉਹਨਾਂ ਕਿਹਾ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੀ ਮੰਗ ਇਸੇ ਕਾਰਨ ਕੀਤੀ ਜਾ ਰਹੀ ਹੈ ਕਿ ਸਰਕਾਰ ਕਿਸਾਨਾਂ ਨੂੰ ਵਰਗਲਾ ਕੇ ਖੁਦ ਜਿੰਮੇਵਾਰੀ ਤੋਂ ਭੱਜਣਾ ਚਾਹੁੰਦੀ ਹੈ ਅਤੇ ਕਿਸਾਨਾਂ ਨੂੰ ਮਾਰਕੀਟ ਦੇ ਆਸਰੇ ਛੱਡ ਦੇਣਾ ਚਾਹੁੰਦੀ ਹੈ, ਸੋ ਇਸ ਕਰਕੇ ਉਹਨਾਂ ਦਾ ਹਰ ਬਿਆਨ ਪ੍ਰਾਈਵੇਟ ਮੰਡੀ ਨੂੰ ਵਡਿਆਉਣ ਵਾਲਾ ਆ ਰਿਹਾ ਹੈ।
ਉਹਨਾਂ ਕਿਹਾ ਕਿ ਸਬਜ਼ੀਆਂ, ਫਲ, ਦਾਲਾਂ, ਤੇਲ ਬੀਜ਼ ਵਰਗੀਆਂ ਬਹੁਤ ਸਾਰੀਆਂ ਹੋਰ ਫਸਲਾਂ ਜ਼ੋ ਪ੍ਰਾਈਵੇਟ ਖੇਤਰ ਤੇ ਹੀ ਵਿਕ ਰਹੀਆਂ ਹਨ, ਉਹਨਾਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਵੀ ਬਾਰੇ ਹਾਲਾਤਾਂ ਵਿੱਚ ਹਨ ਅਤੇ ਕਰਜ਼ੇ ਦੀ ਮਾਰ ਹੇਠ ਹਨ। ਉਹਨਾ ਕਿਹਾ ਕਿ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ 13 ਫਰਵਰੀ ਨੂੰ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ ਜਿਸ ਦੌਰਾਨ ਭਰਵੀਂ ਸਰਦੀ ਤੋਂ ਲੈ ਕੇ ਭਰਮੀ ਗਰਮੀ ਅਤੇ ਫਿਰ ਤੋਂ ਕੜਕਦੀ ਸਰਦੀ ਦੀ ਮਾਰ ਝੱਲਦੇ ਹੋਏ ਦੇਸ਼ ਦੇ ਕਿਸਾਨ ਮਜ਼ਦੂਰ ਵੱਖ-ਵੱਖ ਮੋਰਚਿਆਂ ਤੇ ਡਟੇ ਹੋਏ ਹਨ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਭੁਲੇਖਾ ਦੂਰ ਕਰ ਲਵੇ ਕਿ ਲੰਬਾ ਚੱਲਣ ਕਾਰਨ ਇਹ ਅੰਦੋਲਨ ਮੱਠਾ ਪਵੇਗਾ ਜਾਂ ਲੋਕਾਂ ਵਿੱਚੋਂ ਉਤਸ਼ਾਹ ਦੀ ਘਾਟ ਦਿਖੇਗੀ ਜਿਵੇਂ ਜਿਵੇਂ ਅੰਦੋਲਨ ਅੱਗੇ ਵੱਧ ਰਿਹਾ ਹੈ ਤਿਵੇਂ ਤਿਵੇਂ ਹੋਰ ਲੋਕਾਂ ਨੂੰ ਜਾਗਰਿਤ ਕਰ ਰਿਹਾ ਹੈ ਅਤੇ ਲਗਾਤਾਰ ਵਿਸਤਾਰ ਲੈ ਰਿਹਾ ਹੈ ਅਤੇ 13 ਫਰਵਰੀ ਨੂੰ ਮੋਰਚੇ ਤੇ ਵਿਸ਼ਾਲ ਇੱਕਠ ਕੀਤੇ ਜਾਣਗੇ।
ਉਹਨਾਂ ਅਮਰੀਕਾ ਵੱਲੋਂ ਡੀਪੋਟਰ ਕੀਤੇ ਨੌਜਵਾਨਾਂ ਬਾਰੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਨੇ ਵਿਦੇਸ਼ਾਂ ਨੂੰ ਹਿਜਰਤ ਕੀਤੀ ਅਤੇ ਉਥੋਂ ਹੁਣ ਕੈਦੀਆਂ ਵਾਂਗ ਨੌਜਵਾਨ ਕੁੜੀਆਂ ਨੂੰ ਵੀ ਬੇੜੀਆਂ ਪਾ ਕੇ ਏਧਰ ਭੇਜਿਆ ਗਿਆ ਹੈ, ਜਿਸ ਤੇ ਨਾ ਕੌਮਾਂਤਰੀ ਮਾਨਵ ਅਧਿਕਾਰ ਕਮਿਸ਼ਨ ਨੇ ਅਮਰੀਕਾ ਤੋਂ ਜਵਾਬ ਤਲਬੀ ਕੀਤੀ ਹੈ ਅਤੇ ਨਾ ਭਾਰਤ ਸਰਕਾਰ ਆਪਣੀ ਸਥਿਤੀ ਸਪਸ਼ਟ ਕਰ ਰਹੀ ਹੈ।
ਉਹਨਾਂ ਅੱਗੇ ਕਿਹਾ ਕਿ ਭਾਰਤੀਆਂ ਨੂੰ ਅਮਰੀਕਾ ਵੱਲੋਂ ਡੀਪੋਰਟ ਕਰਨ ਵੇਲੇ ਅਪਣਾਏ ਗਏ ਗੈਰਮਾਨਵੀ ਤਰੀਕੇ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੁਆਰਾ ਦਿੱਤਾ ਗਿਆ ਗੋਲ ਮੋਲ ਬਿਆਨ ਨੇ ਦੇਸ਼ ਦੇ ਸਵੈਮਾਣ ਨੂੰ ਸੱਟ ਮਾਰਨ ਵਾਲਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕਮਜ਼ੋਰ ਵਿਦੇਸ਼ ਨੀਤੀ ਕਾਰਨ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੇ ਸਵੈਮਾਣ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ।
ਉਹਨਾਂ ਹਰਿਆਣਾ ਸਰਕਾਰ ਵੱਲੋਂ ਅਮਰੀਕਾ ਤੋਂ ਵਾਪਿਸ ਆਏ ਹਰਿਆਣੇ ਦੇ ਵਸਨੀਕਾਂ ਨੂੰ ਕੈਦੀਆਂ ਵਾਲੀਆਂ ਗੱਡੀਆਂ ਵਿੱਚ ਲਿਜਾਏ ਜਾਣ ਦੀ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਇਸ ਵੇਲੇ ਰੁਪਈਆ ਡਾਲਰ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਤੇ 87.56 ਤੇ ਜਾ ਖੜ੍ਹਾ ਹੈ, ਸਰਕਾਰ ਵੱਲੋਂ ਖੇਤੀ, ਸਿਹਤ ਅਤੇ ਸਿੱਖਿਆ ਬਜਟ ਘੱਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਦੇਸ਼ ਬਰਬਾਦੀ ਦੀ ਰਾਹ ਵੱਲ ਜਾ ਰਿਹਾ ਹੈ। ਉਹਨਾ ਵਿਦੇਸ਼ ਤੋਂ ਪਰਤੇ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਰਲ ਕੇ ਅੰਦੋਲਨ ਕੀਤਾ ਜਾਵੇ ਅਤੇ ਖੇਤੀ ਸੈਕਟਰ ਅਤੇ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾਵੇ। ਜਿੰਨਾ ਏਜੰਟਾਂ ਨੇ ਨੌਜਵਾਨਾਂ ਨੇ ਠੱਗੀਆਂ ਮਾਰੀਆਂ ਸਾਰੇ ਜੇਲਾਂ ਵਿੱਚ ਸੁੱਟਿਆ ਜਾਵੇ। ਉਹਨਾਂ ਕਿਹਾ ਕਿ ਦੇਸ਼ ਵਿੱਚ ਖੇਤੀ ਸੈਕਟਰ, ਕਾਰੋਬਾਰ, ਰੁਜ਼ਗਾਰ ਪੂਰੀ ਤਰ੍ਹਾਂ ਫੇਲ ਹੋ ਰਹੇ ਹਨ ਅਤੇ ਲੋਕਾਂ ਚ ਨਿਰਾਸ਼ਤਾ ਲਈ ਸਾਡੀਆਂ ਸਰਕਾਰਾ ਜਿੰਮੇਵਾਰ ਹਨ।
ਉਹਨਾਂ ਕਿਹਾ ਕਿ ਮੋਰਚੇ ਵਿੱਚ ਕਿਸਾਨਾਂ ਮਜਦੂਰਾਂ ਦੀ ਭਰਵੀਂ ਸ਼ਮੂਲੀਅਤ ਦੇਖ ਕੇ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਆਪਣੇ ਹੱਕ ਲਏ ਬਗੈਰ ਮੁੜਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਲੈਣ ਅਤੇ ਸਾਰੀਆਂ ਫ਼ਸਲਾਂ ਦੀ ਖਰੀਦ ਐਮ ਐਸ ਪੀ ਤੇ ਕਰਨ ਦਾ ਗਰੰਟੀ ਕਾਨੂੰਨ ਬਣਨ, ਮਜਦੂਰਾਂ ਲਈ ਮਨਰੇਗਾ ਸਕੀਮ ਤਹਿਤ 200 ਦਿਨ ਪ੍ਰਤੀ ਸਾਲ ਕੰਮ ਅਤੇ ਦਿਹਾੜੀ 700 ਰੁਪਏ ਕਰਨ, ਫ਼ਸਲੀ ਬੀਮਾ ਯੋਜਨਾ, ਕਿਸਾਨ ਅਤੇ ਖੇਤ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰਨ ਅਤੇ ਆਦਿਵਾਸੀ ਵਰਗ ਦੇ ਜਲ਼ ਜੰਗਲ ਜ਼ਮੀਨ ਦੇ ਅਧਿਕਾਰ ਦੀ ਰਾਖੀ ਲਈ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਦੇ ਸਾਰਥਕ ਹੱਲ ਤੱਕ ਇਹ ਸੰਘਰਸ਼ ਇਸੇ ਜ਼ੋਸ਼ ਨਾਲ ਜਾਰੀ ਰਹੇਗਾ।
ਇਸ ਮੌਕੇ ਜਰਮਨਜੀਤ ਸਿੰਘ ਬੰਡਾਲਾ, ਬਾਜ਼ ਸਿੰਘ ਸਾਰੰਗੜਾ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਕੰਵਰ ਦਲੀਪ ਸੈਦੋ ਲੇਹਲ, ਯੁਗਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਸ਼ੰਭੂ ਮੋਰਚੇ ਤੇ ਹਾਜ਼ਿਰ ਰਹੇ ।