ਸਹਾਇਕ ਕਮਿਸ਼ਨਰ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੱਤਵਾਦ ਅਤੇ ਹਿੰਸਾ ਦਾ ਡਟ ਕੇ ਵਿਰੋਧ ਕਰਨ ਦਾ ਪ੍ਰਣ ਦਿਵਾਇਆ
ਫ਼ਿਰੋਜ਼ਪੁਰ 19 ਮਈ 2017 (ਹਰੀਸ਼ ਮੌਂਗਾ) ਅੱਜ ਅੱਤਵਾਦ ਵਿਰੋਧੀ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ (ਜ.) ਸ੍ਰ. ਰਣਜੀਤ ਸਿੰਘ ਦੀ ਅਗਵਾਈ ਹੇਠ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਸਮੂਹ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਿੰਸਾ ਅਤੇ ਅੱਤਵਾਦ ਦਾ ਡਟ ਕੇ ਵਿਰੋਧ ਕਰਨ ਦਾ ਪ੍ਰਣ ਦਿਵਾਇਆ।
ਉਨ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ ਕਿ ਅਸੀਂ ਸਮੂਹ ਭਾਰਤਵਾਸੀ, ਜਿਨ੍ਹਾਂ ਨੂੰ ਅਹਿੰਸਾ ਅਤੇ ਸਹਿਣਸ਼ੀਲਤਾ ਦੀਆਂ ਸ਼ਾਨਦਾਰ ਰਵਾਇਤਾਂ ਵਿੱਚ ਅਟੁੱਟ ਵਿਸ਼ਵਾਸ ਹੈ, ਆਪਣੀ ਪੂਰੀ ਸ਼ਕਤੀ ਨਾਲ ਹਿੰਸਾ ਅਤੇ ਅੱਤਵਾਦ ਦਾ ਡਟ ਕੇ ਵਿਰੋਧ ਕਰਦੇ ਹਾਂ। ਉਨ੍ਹਾਂ ਪ੍ਰਣ ਵੀ ਦਿਵਾਇਆ ਕਿ ਅਸੀਂ ਸਮੂਹ ਮਾਨਵਤਾ ਵਿੱਚ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਨੂੰ ਪ੍ਰਫੁੱਲਿਤ ਕਰਾਂਗੇ ਅਤੇ ਸਮੁੱਚੇ ਮਨੁੱਖੀ ਭਾਈਚਾਰੇ ਨੂੰ ਇੱਕ ਸਮਾਨ ਸਮਝਾਂਗੇ। ਉਨ੍ਹਾਂ ਇਹ ਪ੍ਰਣ ਵੀ ਦਿਵਾਇਆ ਕਿ ਅਸੀਂ ਅਜਿਹੀਆਂ ਸਮੂਹ ਢਾਹੂ ਤਾਕਤਾਂ ਵਿਰੁੱਧ ਲੜਾਂਗੇ ਜਿਨ੍ਹਾਂ ਤੋਂ ਮਨੁੱਖੀ ਜਾਨਾਂ ਅਤੇ ਕਦਰਾਂ ਕੀਮਤਾਂ ਨੂੰ ਖ਼ਤਰਾ ਹੋਵੇ।
ਸਹਾਇਕ ਕਮਿਸ਼ਨਰ ਨੇ ਅੱਤਵਾਦ ਅਤੇ ਹਿੰਸਾ ਵਿਰੁੱਧ ਪ੍ਰਣ ਦਿਵਾਉਣ ਬਾਅਦ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮਾਂ-ਕਾਰਾਂ ਲਈ ਆਉਣ ਵਾਲੇ ਅੱਤਵਾਦ ਪੀੜਤਾਂ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਪੂਰਨ ਮਾਣ-ਸਤਿਕਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਜਾਵੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰ. ਨੇਕ ਸਿੰਘ, ਪਲੇਸਮੈਂਟ ਅਫਸਰ ਸ੍ਰ. ਗੁਰਜੰਟ ਸਿੰਘ, ਸ੍ਰੀ. ਪ੍ਰਦੀਪ ਕੁਮਾਰ, ਸ੍ਰੀ. ਚੇਤਨ ਕੁਮਾਰ ਸਮੇਤ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।