ਸਵ. ਮੋਹਨ ਲਾਲ ਭਾਸਕਰ ਦੀ ਯਾਦ ਵਿਚ ਕਰਵਾਏ ਸਮਾਗਮ ਵਿਚ ਦੋ ਪੁਸਤਕਾਂ ਦਾ ਲੋਕ ਅਰਪਨ
ਫਿਰੋਜ਼ਪੁਰ 27 ਨਵੰਬਰ (ਏ.ਸੀ.ਚਾਵਲਾ) ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਦੇਸ਼ ਭਗਤ, ਲੇਖਕ, ਵਿੱਦਿਅਕ ਮਾਹਿਰ ਸਵ. ਮੋਹਨ ਲਾਲ ਭਾਸਕਰ ਦੀ ਯਾਦ ਵਿਚ ਕਰਵਾਏ ਜਾ ਰਹੇ ਗਿਆਰਵੇਂ ਆਰਟ ਐਂਡ ਥੀਏਟਰ ਫੈਸਟੀਵਲ ਦੇ ਚੌਥੇ ਪੜਾਅ ਵਿਚ, ਸਰਗਰਮ ਸਾਹਿਤਕ ਸੰਸਥਾ ਕਲਾਪੀਠ ਮੰਚ. ਨਾਲ ਮਿਲ ਕੇ ਦੋ ਪੁਸਤਕਾਂ ਦਾ ਲੋਕ ਅਰਪਨ ਕਰਨ ਲਈ ਸਾਦਾ ਪਰ ਭਾਵਪੂਰਤ ਸਮਾਗਮ ਕਰਵਾਇਆ ਗਿਆ। ਸ਼੍ਰੀਮਤੀ ਪ੍ਰਭਾ ਭਾਸਕਰ, ਪ੍ਰੋ. ਜਸਪਾਲ ਘਈ, ਪ੍ਰੋ. ਗੁਰਤੇਜ਼ ਕੋਹਾਰਵਾਲਾ, ਪ੍ਰੋ. ਐਸ. ਐਨ. ਰੁਦਰਾ ਇਸ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ। ਗੋਰਵ ਭਾਸਕਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਹਿੰਦਿਆਂ ਦੱਸਿਆ ਕਿ ਫਾਊਂਡੇਸ਼ਨ ਵਲੋਂ ਕਰਵਾਏ ਜਾ ਰਹੇ ਗਿਆਰਵੇਂ ਫੈਸਟੀਵਲ ਦਾ ਥੀਮ 'ਵੱਡਿਆਂ ਦਾ ਸਤਿਕਾਰ' ਹੈ। ਪ੍ਰਧਾਨਗੀ ਮੰਡਲ ਵਲੋਂ ਮਰਹੂਮ ਗੁਰਦੇਵ ਭੁਪਾਲ ਦੇ ਪਰਿਵਾਰ ਨਾਲ ਰਲ ਕੇ ਮਰਹੂਮ ਦੀ ਕਾਵਿ ਕਿਤਾਬ 'ਗੋਰੀਆ ਰਾਤਾਂ ਕਾਲੇ ਦਿਨ' ਦਾ ਲੋਕ ਅਰਪਨ ਕੀਤਾ ਗਿਆ। ਪ੍ਰੋ. ਜਸਪਾਲ ਘਈ ਨੇ ਆਖਿਆ ਕਿ ਕਿਸੇ ਸ਼ਾਇਰ ਦੇ ਇਸ ਦੁਨੀਆਂ ਤੋਂ ਤੁਰ ਜਾਣ ਦੇ 24 ਸਾਲ ਬਾਅਦ ਉਸ ਦੀ ਕਿਤਾਬ ਦਾ ਛਪਣਾ ਸਬਦ ਦੀ ਸ਼ਕਤੀ ਅਤੇ ਸਦੀਵਤਾ ਵੱਲ ਇਸ਼ਾਰਾ ਕਰਦਾ ਹੈ ਅਤੇ ਦੂਜੇ ਪਾਸੇ ਪਰਿਵਾਰ ਵਲੋਂ ਆਪਣੇ ਬਜ਼ੁਰਗਾਂ ਦੀ ਪਾਲਣਾ ਨੂੰ ਸਾਂਭਣ ਸੰਭਾਲਣ ਅਤੇ ਬਜ਼ੁਰਗਾਂ ਨੂੰ ਸਤਿਕਾਰ ਦੇਣ ਦਾ ਪ੍ਰਤੀਕ ਵੀ ਹੈ। ਇਸ ਮੌਕੇ ਦੂਜੀ ਕਿਤਾਬ 12 ਵਰਿ•ਆ ਦੇ ਬਾਲ ਲੇਖਕ ਸਨਿਧੱਯ ਪ੍ਰਭਾਕਰ ਦੀ ਹਿੰਦੀ ਬਾਲ ਕਹਾਣੀਆਂ ਦੀ ਪਲੇਠੀ ਪੁਸਤਕ 'ਅਪਾਹਿਜ' ਵੀ ਰਿਲੀਜ਼ ਕੀਤੀ ਗਈ। ਪ੍ਰਧਾਨਗੀ ਮੰਡਲ ਦੇ ਨਾਲ ਪ੍ਰੋ. ਕੁਲਦੀਪ, ਸੁਰਿੰਦਰ ਕੰਬੋਜ਼, ਡਾ. ਸੁਨੀਤਾ ਸ਼ਰਮਾ, ਗੌਰਵ ਅਨਿਲ ਆਦਮ ਅਤੇ ਹਰਮੀਤ ਵਿਦਿਆਰਥੀ ਵੀ ਇਸ ਰਸਮ ਵਿਚ ਹਿੱਸੇਦਾਰ ਬਣੇ। ਇਸ ਕਿਤਾਬ ਬਾਰੇ ਬੋਲਦਿਆਂ ਅਨਿਲ ਆਦਮ ਨੇ ਕਿਹਾ ਕਿ ਇਹ ਕਹਾਣੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਬਾਲ ਮਨਾਂ ਵਿਚ ਕਲਪਨਾ ਸ਼ਕਤੀ ਅਤੇ ਸਿਰਜਣਾ ਸ਼ਕਤੀ ਦੀ ਘਾਟ ਨਹੀਂ ਹੁੰਦੀ। ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਇਸ ਸਮਾਗਮ ਤੇ ਖੁਸ਼ੀ ਪ੍ਰਗਟ ਕਰਦਿਆਂ ਸਨਿਧਯ ਨੂੰ ਮੁਬਾਰਕਬਾਦ ਦਿੱਤੀ ਅਤੇ ਗੁਰਦੇਵ ਭੁਪਾਲ ਦੇ ਪਰਿਵਾਰ ਦਾ ਸ਼ੁਕਰੀਆ ਅਦਾ ਕੀਤਾ ਕਿ ਉਨ•ਾਂ ਨੇ ਇਕ ਸ਼ਾਇਰ ਦੀ ਘਾਲਣਾ ਨੂੰ ਸੰਭਾਲ ਕੇ ਰੱਖਿਆ। ਮੰਚ ਸੰਚਾਲਨ ਹਰਮੀਤ ਵਿਦਿਆਰਥੀ ਨੇ ਕੀਤਾ। ਇਸ ਮੌਕੇ ਡਾ. ਜਸਵਿੰਦਰ ਜੋਧਾ, ਸੁਖਵਿੰਦਰ ਭੁੱਲਰ, ਸੰਦੀਪ ਚੌਧਰੀ, ਹਰਬੰਸ ਬੱਸੀ, ਸੰਤੋਖ ਸਿੰਘ ਐਸ. ਡੀ. ਓ., ਅਮਰਜੀਤ ਭੋਗਲ, ਝਲਕੇਸ਼ਵਰ ਭਾਸਕਰ ਅਤੇ ਹੋਰ ਕਈ ਨਾਮਵਰ ਹਸਤੀਆਂ ਹਾਜ਼ਰ ਹੋਈਆਂ। ਇਸ ਮੌਕੇ ਆਏ ਹੋਏ ਲੇਖਕਾਂ, ਮਹਿਮਾਨਾਂ ਦਾ ਧੰਨਵਾਦ ਕੀਤਾ।