Ferozepur News
ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾਣ-ਸਵਾਮੀ ਸਦਾਨੰਦ ਮਹਾਰਾਜ ਡਿਪਟੀ ਕਮਿਸ਼ਨਰ ਨੇ ਸਫ਼ਾਈ ਕਰਮਚਾਰੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ ਤੇ ਸਮੱਸਿਆਵਾਂ ਹੱਲ ਕਰਨ ਦਾ ਦਿਵਾਇਆ ਵਿਸ਼ਵਾਸ ਸੀਵਰੇਜ ਦੀ ਸਫ਼ਾਈ ਦੌਰਾਨ ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਯੋਗ ਮੁਆਵਜ਼ਾ -ਡਿਪਟੀ ਕਮਿਸ਼ਨਰ ਰਾਸ਼ਟਰੀ ਕਮਿਸ਼ਨ ਸਫ਼ਾਈ ਕਰਮਚਾਰੀ ਦੇ ਮੈਂਬਰ ਵੱਲੋਂ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ
ਫ਼ਿਰੋਜ਼ਪੁਰ 6 ਜੂਨ 2018 (Manish Bawa ) ਸਫ਼ਾਈ ਕਰਮਚਾਰੀਆਂ ਸਮੇਤ ਇਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਦੇ ਮਕਸਦ ਨਾਲ ਰਾਸ਼ਟਰੀ ਕਮਿਸ਼ਨ ਸਫ਼ਾਈ ਕਰਮਚਾਰੀ ਦੇ ਮੈਂਬਰ ਸਵਾਮੀ ਸਦਾਨੰਦ ਮਹਾਰਾਜ ਨੇ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਅਤੇ ਐਸ.ਐਸ.ਪੀ ਫ਼ਿਰੋਜ਼ਪੁਰ ਸ੍ਰ: ਪ੍ਰੀਤਮ ਸਿੰਘ ਵੀ ਹਾਜ਼ਰ ਸਨ।
ਸਵਾਮੀ ਸਦਾਨੰਦ ਮਹਾਰਾਜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਾਈ ਕਰਮਚਾਰੀ ਸਾਡੇ ਸਮਾਜ ਦਾ ਮਹੱਤਵਪੂਰਨ ਅੰਗ ਹਨ, ਇਸ ਲਈ ਸਮੂਹ ਅਧਿਕਾਰੀ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਅਤੇ ਇਨ੍ਹਾਂ ਦੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਸਫ਼ਾਈ ਕਰਮਚਾਰੀਆਂ ਨਾਲ ਹਮਦਰਦੀ ਵਾਲਾ ਵਰਤਾਓ ਕਰਦੇ ਹੋਏ ਉਨ੍ਹਾਂ ਦੀ ਭਲਾਈ ਲਈ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਸਮੂਹ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਸਫ਼ਾਈ ਸੇਵਕਾਂ ਦੀ ਗਿਣਤੀ ਅਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਫ਼ਾਈ ਕਰਮਚਾਰੀਆਂ ਲਈ ਹਰ ਤਿੰਨ ਮਹੀਨੇ ਬਾਅਦ ਸਿਹਤ ਕੈਂਪ ਲਗਾ ਕੇ ਉਨ੍ਹਾਂ ਦਾ ਮੈਡੀਕਲ ਚੈੱਕਅਪ ਕਰਵਾਉਣਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਸਫ਼ਾਈ ਕਰਮਚਾਰੀਆਂ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਕੈਂਪ ਲਗਾ ਕੇ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ, ਤਾਂ ਜੋ ਉਨ੍ਹਾਂ ਦੇ ਬੱਚੇ ਚੰਗੀ ਸਿੱਖਿਆ ਹਾਸਲ ਸਕਣ। ਇਸ ਮੌਕੇ ਉਨ੍ਹਾਂ ਸਫ਼ਾਈ ਸੇਵਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਅਧਿਕਾਰੀਆਂ ਨੂੰ ਇਨ੍ਹਾਂ ਮੁਸ਼ਕਲਾਂ ਦਾ ਜਲਦੀ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ।
ਇਸ ਤੋਂ ਇਲਾਵਾ ਉਨ੍ਹਾਂ 3 ਮਈ 2018 ਨੂੰ ਪੁਲਸ ਲਾਈਨ ਵਿਚ ਸੀਵਰੇਜ ਦੀ ਸਫ਼ਾਈ ਦੌਰਾਨ ਮਾਰੇ ਗਏ 2 ਸਫ਼ਾਈ ਸੇਵਕਾਂ ਅਤੇ 1 ਕਾਂਸਟੇਬਲ ਦੇ ਪਰਿਵਾਰਾਂ ਲਈ ਮੁਆਵਜ਼ੇ ਸਬੰਧੀ ਜਾਣਕਾਰੀ ਵੀ ਹਾਸਲ ਵੀ ਕੀਤੀ। ਉਨ੍ਹਾਂ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ/ਵਾਟਰ ਟੈਂਕ ਆਦਿ ਦੀ ਸਫ਼ਾਈ ਕਰਨ ਵੇਲੇ ਪੂਰੀ ਮਸ਼ੀਨਰੀ ਤੇ ਲੋੜੀਂਦੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀ ਕੋਈ ਦੁਰਘਟਨਾ ਨਾ ਵਾਪਰੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਜ਼ਿਲ੍ਹੇ ਦੇ ਸਫ਼ਾਈ ਕਰਮਚਾਰੀਆਂ ਨੂੰ ਬਣਦੀਆਂ ਸਹੂਲਤਾਂ ਅਤੇ ਉਨ੍ਹਾਂ ਦੀਆਂ ਸਮੱਸਿਆ ਦਾ ਹੱਲ ਕਰਨ ਦਾ ਵਿਸ਼ਵਾਸ ਦਵਾਇਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫਾਈ ਦੌਰਾਨ ਮਾਰੇ ਗਏ ਸਫ਼ਾਈ ਸੇਵਕਾਂ ਦੇ ਪਰਿਵਾਰਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਬਣਦਾ ਯੋਗ ਮੁਆਵਜ਼ਾ ਦਵਾਇਆ ਜਾਵੇਗਾ।
ਸ੍ਰ: ਪ੍ਰੀਤਮ ਸਿੰਘ ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਲਾਈਨ ਵਿਚ ਸੀਵਰੇਜ ਦੀ ਸਫ਼ਾਈ ਦੌਰਾਨ ਜੋ ਮੰਦਭਾਗੀ ਘਟਨਾ ਵਾਪਰੀ ਹੈ, ਉਸ ਬਾਰੇ ਸਥਾਨਕ ਵਿਧਾਇਕ ਦੁਆਰਾ ਮੁੱਖ ਮੰਤਰੀ ਨਾਲ ਯੋਗ ਮੁਆਵਜ਼ੇ ਦੀ ਗਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਰੇ ਗਏ ਪੁਲਿਸ ਕਾਂਸਟੇਬਲ ਦੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਪੁਲਿਸ ਵੱਲੋਂ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਇਸ ਮੌਕੇ ਐਸ.ਡੀ.ਐਮ ਫ਼ਿਰੋਜ਼ਪੁਰ ਸ੍ਰ: ਹਰਜੀਤ ਸਿੰਘ ਸੰਧੂ, ਸਹਾਇਕ ਕਮਿਸ਼ਨਰ (ਜਨ.) ਸ੍ਰ: ਰਣਜੀਤ ਸਿੰਘ, ਐਸ.ਪੀ.ਐਚ ਸ੍ਰ: ਅਮਰਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।