ਸਰਕਾਰੀ ਹਾਈ ਸਕੂਲ ਚੱਕ ਘੁਬਾਈ ਵਿਖੇ ਲਗਾਇਆ ਗਿਆ ਕਾਨੂੰਨੀ ਸਿੱਖਿਆ ਸਬੰਧੀ ਸੈਮੀਨਾਰ
ਸਰਕਾਰੀ ਹਾਈ ਸਕੂਲ ਚੱਕ ਘੁਬਾਈ ਵਿਖੇ ਲਗਾਇਆ ਗਿਆ ਕਾਨੂੰਨੀ ਸਿੱਖਿਆ ਸਬੰਧੀ ਸੈਮੀਨਾਰ
ਫਿਰੋਜ਼ਪੁਰ, ਸਤੰਬਰ 9, 2024: ਹਮੇਸ਼ਾ ਦੀ ਤਰ੍ਹਾਂ ਸਰਕਾਰੀ ਹਾਈ ਸਕੂਲ ਚੱਕ ਘੂਬਾਈ ਦੇ ਸਕੂਲ ਮੁਖੀ ਸ਼੍ਰੀਮਤੀ ਸ਼ਿਵਾਨੀ ਮੋਂਗਾ ਜੀ ਵੱਲੋਂ ਵੱਖਰੀ ਪਹਿਲ ਕਦਮੀ ਕਰਦੇ ਹੋਏ ਸਕੂਲ ਵਿੱਚ ਸਮੇਂ -ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸੈਮੀਨਾਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ।ਇਸੇ ਤਹਿਤ ਕਾਨੂੰਨ ਦੇ ਖੇਤਰ ਵਿੱਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੀ ਅਗਵਾਈ ਲਈ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ।ਇਸ ਮੌਕੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਕੰਮ ਕਰਦੇ ਵਕੀਲ ਸ਼੍ਰੀ ਸੁਮਿਤ ਹਾਂਡਾ ਜੀ ਅਤੇ ਸ੍ਰੀ ਜਤਨ ਹਾਂਡਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ।
ਇਸ ਮੌਕੇ ਸਰਕਾਰੀ ਹਾਈ ਸਕੂਲ ਕੜਮਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ।ਉਹ ਵੀ ਇਸ ਮੌਕੇ ਤੇ ਸਰਕਾਰੀ ਹਾਈ ਸਕੂਲ ਚੱਕ ਘੁਬਾਈ ਵਿਖੇ ਹਾਜ਼ਰ ਹੋਏ ।ਸ੍ਰੀ ਜਤਿਨ ਹਾਂਡਾ ਜੀ ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਦੇ ਕਾਨੂੰਨੀ ਢਾਂਚੇ ਬਾਰੇ ਬਹੁਤ ਹੀ ਭਾਵਪੂਰਤ ਜਾਣਕਾਰੀ ਦਿੱਤੀ ਗਈ ।ਇਸ ਤੋਂ ਇਲਾਵਾ ਕਾਨੂੰਨੀ ਖੇਤਰ ਦੀਆਂ ਵੱਖ ਵੱਖ ਅਸਾਮੀਆਂ ਦੀ ਚੋਣ ਪ੍ਰਕਿਰਿਆ ਅਤੇ ਮੁਢਲੀਆਂ ਯੋਗਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ।ਸ੍ਰੀ ਸੁਮਿਤ ਹਾਂਡਾ ਜੀ ਵੱਲੋਂ ਵੀ ਉਪਰੋਕਤ ਵਿਸ਼ੇ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਵੀ ਦਿੱਤੀ ਗਈ ।ਇਸ ਮੌਕੇ ਸ੍ਰੀ ਸੁਮਿਤ ਹਾਂਡਾ ਜੀ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ ਕਿ ਕਾਨੂੰਨ ਦੇ ਖੇਤਰ ਵਿੱਚ ਜਾਣ ਲਈ ਟੈਸਟ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲੇ ਸਾਲ ਦੀ ਪੜ੍ਹਾਈ ਦਾ ਸਾਰਾ ਖਰਚਾ ਉਹਨਾਂ ਵੱਲੋਂ ਮੁਹੱਈਆ ਕਰਵਾਇਆ
ਜਾਵੇਗਾ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਕਾਨੂੰਨ ਦੇ ਵਿਸ਼ੇ ਨਾਲ ਸਬੰਧਤ ਪੁੱਛੇ ਗਏ ਸਵਾਲਾਂ ਦਾ ਜਵਾਬ ਵੀ ਦਿੱਤਾ ਗਿਆ ।ਇਸ ਯਾਦਗਾਰੀ ਸੈਮੀਨਾਰ ਦੀ ਸਮਾਪਤੀ ਮੌਕੇ ਸਕੂਲ ਮੁਖੀ ਸ਼੍ਰੀਮਤੀ ਸ਼ਿਵਾਨੀ ਮੋਂਗਾ ਜੀ ਨੇ ਸਕੂਲ ਵੱਲੋਂ ਉਪਰੋਕਤ ਸ਼ਖਸ਼ੀਅਤਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ।