ਸਰਕਾਰੀ ਸੀਨੀ. ਸੈ. ਸਕੂਲ ਰੁਕਨਾ ਬੇਗੂ ਵਿਖੇ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਦਾ ਆਯੋਜਨ
ਫ਼ਿਰੋਜ਼ਪੁਰ 12 ਅਕਤੂਬਰ 2017 ( ) ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਸ੍ਰ. ਮਲਕੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਕਨਾ ਬੇਗੂ ਫ਼ਿਰੋਜ਼ਪੁਰ ਵਿਖੇ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਮਕਸਦ ਲੜਕੀਆਂ ਦੇ ਰੁਤਬੇ ਨੂੰ ਉੱਚਾ ਚੁੱਕਣਾ ਅਤੇ ਬੇਟੀ ਦਾ ਸਮਾਜ ਵਿੱਚ ਬਣਦਾ ਸਤਿਕਾਰ ਦਵਾਉਣਾ ਹੈ। ਇਸ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਐਸ.ਐਸ.ਪੀ. ਭੁਪਿੰਦਰ ਸਿੰਘ ਅਤੇ ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ੍ਰੀ ਪ੍ਰਗਟ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਲੜਕੀ ਅਤੇ ਲੜਕੇ ਵਿੱਚ ਕੋਈ ਭੇਦ-ਭਾਵ ਨਹੀਂ ਕਰਨਾ ਚਾਹੀਦਾ ਹੈ ਅਤੇ ਲੜਕੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਇੱਕ ਸਮਾਨ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੜਕੀਆਂ ਸਿੱਖਿਅਤ ਹੋਣਗੀਆਂ ਤਾਂ ਹੀ ਉਹ ਉੱਚ ਮੁਕਾਮ ਹਾਸਲ ਕਰ ਕੇ ਦੇਸ਼ ਦੀ ਤਰੱਕੀ 'ਚ ਵਡਮੁੱਲਾ ਯੋਗ ਪਾ ਸਕਣਗੀਆਂ।
ਇਸ ਮੌਕੇ ਸ੍ਰ: ਭੁਪਿੰਦਰ ਸਿੰਘ ਨੇ ਭਰੂਣ ਹੱਤਿਆ ਅਤੇ ਦਾਜ-ਦਹੇਜ ਜਿਹੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਵਿਚਾਰ ਪ੍ਰਗਟ ਕਰਦੇ ਹੋਏ ਇਨ੍ਹਾਂ ਸਮਾਜਿਕ ਬੁਰਾਈਆਂ ਨਾਲ ਇੱਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ ਅਤੇ ਲੜਕੀਆਂ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਵੀ ਦਿੱਤੀ।
ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵੱਲੋਂ ਭਰੂਣ ਹੱਤਿਆ ਦੇ ਖ਼ਿਲਾਫ਼ ਅਤੇ ਧੀਆਂ ਦੇ ਜਨਮਦਿਨ ਤੇ ਖ਼ੁਸ਼ੀਆਂ ਮਨਾਉਣ ਦਾ ਸੰਦੇਸ਼ ਦਿੰਦੀਆਂ ਸਕਿੱਟਾਂ, ਨਾਟਕ, ਕੋਰੀਓਗ੍ਰਾਫੀ, ਭੰਗੜਾ, ਗਿੱਧਾ ਅਤੇ ਹੋਰ ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦੌਰਾਨ 5 ਨਵ-ਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰ: ਗੁਰਕਰਨ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸਰਪੰਚ ਸ. ਅੰਗਰੇਜ਼ ਸਿੰਘ, ਐਸ.ਐਮ.ਸੀ. ਚੇਅਰਮੈਨ ਸ. ਨਿਰੰਜਨ ਸਿੰਘ, ਸ੍ਰੀ ਨਵਪ੍ਰੀਤ ਸਿੰਘ, ਸ੍ਰੀਮਤੀ ਰਵਿੰਦਰ ਕੌਰ ਸਮੇਤ ਕਮੇਟੀ ਮੈਂਬਰ ਅਤੇ ਵੱਖ-ਵੱਖ ਸਕੂਲਾਂ ਦੇ ਮੁਖੀ ਹਾਜ਼ਰ ਸਨ।