ਸਰਕਾਰੀ ਸੀਨੀ. ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਇਆ ਪ੍ਰੋਗਰਾਮ
ਫ਼ਿਰੋਜ਼ਪੁਰ 10 ਮਈ 2018 ( ) ਸਰਹੱਦੀ ਇਲਾਕੇ ਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ।ਇਹ ਪ੍ਰੋਗਰਾਮ ਵਾਤਾਵਰਨ ਦੀ ਸੰਭਾਲ ਅਤੇ ਨਸ਼ਿਆਂ ਦੀ ਬੁਰਾਈ ਤੇ ਆਧਾਰਿਤ ਸੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਹਾਇਕ ਕਮਿਸ਼ਨਰ ਸ੍ਰ. ਰਣਜੀਤ ਸਿੰਘ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਜੀ ਆਇਆ ਨੂੰ ਗੀਤ ਵਜੋਂ ਗਾ ਕੇ ਕੀਤੀ ਗਈ ਅਤੇ ਇਸ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਨ, ਨਸ਼ਿਆਂ ਵਿਰੋਧੀ ਤੇ ਸਰ ਜੀਨ ਹੈਨਰੀ ਡਿਊਨਾ ਬਾਰੇ ਵਿਚਾਰ ਪੇਸ਼ ਕਰਦੇ ਹੋਏ ਗੀਤਾਂ ਰਾਹੀਂ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਸਕੂਲ ਵਿੱਚ ਪੋਸਟਰ ਮੁਕਾਬਲੇ ਵੀ ਕਰਵਾਏ ਗਏ।
ਸਹਾਇਕ ਕਮਿਸ਼ਨਰ ਸ੍ਰ. ਰਣਜੀਤ ਸਿੰਘ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਤੇ ਸਟਾਫ਼ ਦੀ ਮਿਹਨਤ ਸਦਕਾ ਸਕੂਲ ਤਰੱਕੀ ਕਰ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਵਾਤਾਵਰਨ ਸਬੰਧੀ ਚੇਤਨਾ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਆਉਣ ਵਾਲਾ ਭਵਿੱਖ ਹਨ, ਇਸ ਲਈ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਆਪਣੀ ਜ਼ਿੰਦਗੀ ਵਿੱਚ ਕੋਈ ਨਿਸ਼ਾਨਾ ਮਿੱਥ ਕੇ ਉਸ ਨਿਸ਼ਾਨੇ ਨੂੰ ਪੂਰਾ ਕਰਨ ਵਿੱਚ ਪੂਰੀ ਮਿਹਨਤ ਕਰਕੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸ੍ਰ. ਰਣਜੀਤ ਸਿੰਘ, ਅਸ਼ੋਕ ਬਹਿਲ ਤੇ ਡਾ. ਸਤਿੰਦਰ ਸਿੰਘ ਨੇ ਵਾਤਾਵਰਨ ਦੀ ਸੰਭਾਲ ਤੇ ਨਸ਼ਿਆਂ ਦੀ ਬੁਰਾਈ ਨੂੰ ਰੋਕਣ ਲਈ ਪਿੰਡ ਵਿੱਚ ਰੈਲੀ ਕੱਢੀ ਗਈ, ਜਿਸ ਨੂੰ ਸ੍ਰ. ਰਣਜੀਤ ਸਿੰਘ ਸਹਾਇਕ ਕਮਿਸ਼ਨਰ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ (ਨੈਸ਼ਨਲ ਐਵਾਰਡੀ) ਨੇ ਸਾਰਿਆ ਨੂੰ ਜੀ ਆਇਆ ਕਹਿੰਦੇ ਹੋਏ ਸਕੂਲ ਦੇ ਕੰਮਾਂ ਤੇ ਵਧੀਆ ਨਤੀਜੇ ਬਾਰੇ ਜਾਣਕਾਰੀ ਦਿੱਤੀ।ਡਾ. ਰਾਮੇਸ਼ਵਰ ਸਿੰਘ ਨੇ ਵਾਤਾਵਰਨ ਦੀ ਸੰਭਾਲ ਅਤੇ ਨਸ਼ਿਆਂ ਕਾਰਨ ਹੋ ਰਹੀ ਬਰਬਾਦੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸ੍ਰੀ. ਹਰੀਸ਼ ਮੌਂਗਾ ਉੱਘੇ ਸਮਾਜ ਸੇਵਕ ਵੱਲੋਂ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ ਗਈ।
ਸਮਾਗਮ ਵਿੱਚ ਜੇਤੂ ਵਿਦਿਆਰਥੀ ਅਤੇ 82 ਪ੍ਰਤੀਸ਼ਤ ਤੱਕ ਨੰਬਰ ਲੈ ਕੇ ਚੰਗਾ ਨਤੀਜਾ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਸਟਾਫ਼ ਤੇ ਪੰਚਾਇਤ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਸ੍ਰੀ. ਅਸ਼ੋਕ ਬਹਿਲ ਸੈਕਟਰੀ ਰੈੱਡ ਕਰਾਸ ਨੇ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਮੋਬਾਇਲ ਦੀ ਗ਼ਲਤ ਵਰਤੋਂ ਤੋਂ ਸੁਚੇਤ ਹੋਣ ਬਾਰੇ ਕਿਹਾ ਤੇ ਰੈੱਡ ਕਰਾਸ ਦੇ ਕੰਮਾਂ ਦੀ ਜਾਣਕਾਰੀ ਦਿੱਤੀ।