Ferozepur News

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅਧਿਆਪਕ-ਮਾਪੇ ਮਿਲਣੀ ਹਫਤੇ ਦੀ ਸ਼ੁਰੂਆਤ ਅੱਜ ਤੋਂ- ਬੀ.ਪੀ.ਈ.ਓ ਰਣਜੀਤ ਸਿੰਘ

ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤਾਂ ਦੇ ਬੱਚਿਆਂ ਦੇ ਮਾਪਿਆਂ , ਸਕੂਲ ਅਧਿਆਪਕਾਂ ਨਾਲ ਆਨਲਾਈਨ ਕਰਨਗੇ ਮਿਲਣੀ-ਬੀ.ਅੈੱਮ.ਟੀ. ਰਣਜੀਤ ਸਿੰਘ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅਧਿਆਪਕ-ਮਾਪੇ ਮਿਲਣੀ ਹਫਤੇ ਦੀ ਸ਼ੁਰੂਆਤ ਅੱਜ ਤੋਂ- ਬੀ.ਪੀ.ਈ.ਓ ਰਣਜੀਤ ਸਿੰਘ

ਫ਼ਿਰੋਜ਼ਪੁਰ 13 ਸਤੰਬਰ 

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ  ਬਾਰ੍ਹਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਰਪ੍ਰਸਤਾਂ ਨਾਲ ਭਲਕੇ 14 ਤੋਂ 19 ਸਤੰਬਰ 2020 ਤੱਕ ਵਰਚੂਅਲ ਮਾਪੇ ਅਧਿਆਪਕ-ਮਿਲਣੀ ਹਫ਼ਤਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ-3 ਸ.ਰਣਜੀਤ ਸਿੰਘ, ਬਲਾਕ ਮਾਸਟਰ ਟਰੇਨਰ ਸ.ਰਣਜੀਤ ਸਿੰਘ ਨੇ  ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਅੈ.ਸਿੱ) ਸ਼੍ਰੀ ਰਾਜੀਵ ਛਾਬੜਾ ਜੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਖਵਿੰਦਰ ਸਿੰਘ, ਪਪਪਪ ਕੋਆਰਡੀਨੇਟਰ ਸ਼੍ਰੀ ਮਹਿੰਦਰ ਸਿੰਘ ਸ਼ੈਲੀ ਦੀ ਅਗਵਾਈ ਹੇਠ ਹਫ਼ਤਾ ਭਰ ਚੱਲਣ ਵਾਲੀ ਇਸ ਆਨ-ਲਾਈਨ ਮਾਪੇ ਅਧਿਆਪਕ ਮਿਲਣੀ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਟੈਲੀਫੋਨ ਅਤੇ ਸੋਸ਼ਲ਼ ਮੀਡੀਆ ਵੀਡੀਓ ਐਪਸ ਰਾਹੀਂ  ਵਿਦਿਆਰਥੀਆਂ ਵੱਲੋਂ  ਲਾਕ-ਡਾਊਨ ਦੌਰਾਨ ਕੀਤੀ ਪੜ੍ਹਾਈ ਦੇ ਮੁਲਾਂਕਣ  ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਦਾ ਔਖੇ ਸਮੇਂ ਵਿੱਚ ਅਧਿਆਪਕਾਂ ਦਾ ਸਾਥ ਦੇਣ ਦੇ ਨਾਲ-ਨਾਲ ਬੱਚਿਆਂ  ਦਾ ਹੌਸਲਾ  ਬਣਾਈ ਰੱਖਣ ਸਬੰਧੀ ਵੀ ਵਿਚਾਰ ਚਰਚਾ ਹੋਵੇਗੀ। ਇਸ ਸਬੰਧੀ ਮਾਪੇ ਤੇ ਅਧਿਆਪਕ ਬੱਚਿਆਂ  ਲਈ ਉਤਸ਼ਾਹੀ ਅਤੇ ਪ੍ਰੇਰਨਾਦਾਇਕ ਸੰਵਾਦ ਰਚਾਉਣਗੇ।

ਉਹਨਾਂ ਨੇ ਦੱਸਿਆ ਕਿ ਮਾਪੇ-ਅਧਿਆਪਕ ਮਿਲਣੀ ਵਿੱਚ ਅਧਿਆਪਕਾਂ ਨੂੰ ਮਾਪਿਆਂ  ਨਾਲ ਗੱਲਬਾਤ ਕਰਨ ਲਈ ਖੁੱਲ੍ਹਾ ਸਮਾਂ  ਮਿਲਿਆ ਹੈ ਅਤੇ ਉਹ ਸਮੇਂ  ਦੀ ਸਹੂਲਤ ਨਾਲ ਇੱਕ ਉਚਿਤ ਰੂਪ-ਰੇਖਾ ਬਣਾ ਕੇ ਮਾਪਿਆਂ ਨਾਲ ਗੱਲਬਾਤ ਕਰਨਗੇ। ਇਸ ਗੱਲਬਾਤ ਵਿੱਚ ਵਿਦਿਆਰਥੀਆਂ ਦੀ ਪੰਜਾਬ ਪ੍ਰਾਪਤੀ ਸਰਵੇਖਣ (ਪੈਸ) 2020 ਦੀ ਤਿਆਰੀ ਲਈ ਸਿੱਖਿਆ ਵਿਭਾਗ ਦੇ ਵੱਲੋਂ  ਭੇਜੀ ਜਾ ਰਹੀ ਸਿੱਖਣ-ਸਹਾਇਕ ਸਮੱਗਰੀ ਅਤੇ ਅਭਿਆਸ ਕੁਇਜ਼ਾ  ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ  ਨੇ ਕਿਹਾ ਕਿ ਇਸ ਵਾਰ 21 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੈਸ ਸਬੰਧੀ ਲਏ ਜਾਣ ਵਾਲੇ ਟੈਸਟ ਪੈਸ ਤੇ ਮਹੀਨਾਵਾਰ ਟੈਸਟਾਂ ਦਾ ਸੁਮੇਲ ਹੋਣਗੇ। ਜਿਸ ਦਾ ਭਾਵ ਹੈ ਕਿ ਪੈਸ ਦੇ ਨਾਲ-ਨਾਲ ਬੱਚਿਆਂ  ਦੀ ਪਾਠਕ੍ਰਮ ਸਬੰਧੀ ਕੀਤੀ ਪੜ੍ਹਾਈ ਦਾ ਵੀ ਮੁਲਾਂਕਣ ਨਾਲੋ-ਨਾਲ ਕੀਤਾ ਜਾਵੇਗਾ। ਜਿਸ ਕਾਰਨ ਮਿਲਣੀ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਦਾ ਸੌ ਫੀਸਦੀ ਭਾਗ ਲੈਣਾ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ।

ਬੀ.ਪੀ.ਈ.ਓ ਰਣਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਅੇਜੂਕੇਅਰ ਐਪ ਬਣਾਈ ਗਈ ਹੈ ਜੋ ਕਿ ਵਿਦਿਆਰਥੀਆਂ ਅਤੇ ਮਾਪਿਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਵਰਚੁਅਲ ਮਾਪੇ ਅਧਿਆਪਕ ਮਿਲਣੀ ਵਿੱਚ ਮਾਪਿਆਂ  ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ  ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ ਪਾਠਕ੍ਰਮ ਦੀਆਂ  ਕਿਤਾਬਾਂ , ਮਿਡ ਡੇ ਮੀਲ ਦੀ ਵੰਡ, ਦਾਖਲਿਆਂ  ਵਿੱਚ ਹੋਏ ਵਾਧੇ ਅਤੇ ਹੋਰ ਮਹੱਤਵਪੂਰਨ ਮੁੱਦਿਆਂ  ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੇ ਆਦੇਸ਼ ਅਨੁਸਾਰ ਹਫਤਾ ਭਰ ਚੱਲਣ ਵਾਲੀ ਵਰਚੂਅਲ ਮਿਲਣੀ ਮੁੱਖ ਰੁਪ ‘ਚ ਬੱਚਿਆਂ ਦੀ ਪੜ੍ਹਾਈ ‘ਤੇ ਕੇਂਦਰਿਤ ਹੋਵਗੇ। ਵਿਭਾਗ ਵੱਲੋਂ ਆਨ-ਲਾਈਨ ਘਰ ਬੈਠੇ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ  ਜਿਵੇਂ  ਕਿ ਦੂਰਦਰਸ਼ਨ ਦੇ ਡੀਡੀ ਪੰਜਾਬੀ ਅਤੇ ਈ-ਵਿੱਦਿਆ ਚੈਨਲ ਅਤੇ ਆਲ-ਇੰਡੀਆ ਰੇਡੀਓ 100.2 ਐੱਫ.ਐੱਮ. ‘ਤੇ ਪ੍ਰਸਾਰਿਤ ਕੀਤੇ ਜਾ ਸਮੂਹ ਜਮਾਤਾਂ ਦੇ ਲੈਕਚਰਾਂ ਬਾਰੇ ਅਤੇ ਬੱਚਿਆਂ  ਨੂੰ ਸਮਾਂ ਸਾਰਣੀ ਅਨੁਸਾਰ ਲਗਾਤਾਰ ਨਾਲ ਜੋੜਕੇ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਕੋਵਿਡ-19 ਲਾਗ ਦੀ ਬਿਮਾਰੀ ਤੋਂ ਬਚਾਅ ਅਤੇ ਸਿਹਤ ਸੰਭਾਲ ਲਈ ਵਰਤੀ ਜਾਣ ਵਾਲੀਆਂ  ਸਾਵਧਾਨੀਆਂ  ਬਾਰੇ ਵੀ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ  ਸ਼੍ਰੀਮਤੀ ਗੁਰਮੀਤ ਕੌਰ, ਸੀ.ਅੈੱਚ.ਟੀ ਸ਼੍ਰੀ ਸੰਜੀਵ ਹਾਂਡਾ, ਸ਼੍ਰੀ ਰਾਜਨ ਨਰੂਲਾ,ਸ. ਗੁਰਪ੍ਰੀਤ ਸਿੰਘ, ਸ਼੍ਰੀ ਪਾਰਸ ਖੁੱਲਰ, ਸ਼੍ਰੀ ਰਾਜੇਸ਼ ਕੁਮਾਰ ਹਾਜਰ ਸਨ |

Related Articles

Leave a Reply

Your email address will not be published. Required fields are marked *

Back to top button