ਸਰਕਾਰੀ ਕੰਨਿਆ ਸੈਕੰਡਰੀ ਸਕੂਲ ਫਿਰੋਜ਼ਪੁਰ ਦੇ ਦੋ ਕਾਮਰਸ ਲੈਕਚਰਾਰਾਂ ਦੀ ਹੋਈ ਤਰੱਕੀ
ਫਿਰੋਜ਼ਪੁਰ: ਸਰਕਾਰੀ ਕੰਨਿਆ ਸੈਕੰਡਰੀ ਸਕੂਲ ਫਿਰੋਜ਼ਪੁਰ ਦੇ ਕਾਮਰਸ ਵਿਭਾਗ ਨੂੰ ਰਾਜ ਪੱਧਰੀ ਪਛਾਣ ਦੇਣ ਵਾਲੇ ਸੂਬੇ ਦੀ ਪਹਿਲੀ ਕਾਮਰਸ ਲੈਬ ਨਿੱਜੀ ਯਤਨਾ ਸਦਕਾ ਤਿਆਰ ਕਰਕੇ ਨਾਮਣਾ ਖੱਟਣ ਵਾਲੇ ਲੈਕਚਰਾਰ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਦਰਸ਼ਨ ਲਾਲ ਸ਼ਰਮਾ ਨੂੰ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਤਰੱਕੀ ਦੇ ਕੇ ਪੀਈਐੱਸ ਗਰੁੱਪ ਏ (ਸਕੂਲ ਅਤੇ ਇੰਸਪੈਕਸ਼ਨ) ਕੇਡਰ ਵਿਚ ਪ੍ਰਿੰਸੀਪਲ ਨਿਯੁਕਤ ਕੀਤਾ ਹੈ। ਇਨ੍ਹਾਂ ਨੇ ਅੱਜ ਸਕੂਲ ਤੋਂ ਫਾਰਗ ਕਰਨ ਮੌਕੇ ਸਕੂਲ ਪਿੰ੍ਰਸੀਪਲ ਹਰਕਿਰਨ ਕੌਰ ਅਤੇ ਸਮੁੱਚੇ ਸਟਾਫ ਨੇ ਮੁਬਾਰਕਬਾਦ ਦਿੰਦਿਆਂ ਇਨ੍ਹਾਂ ਦੇ ਉਜਵੱਲ ਭਵਿੰਖ ਦੀ ਕਾਮਨਾ ਕੀਤੀ ਅਤੇ ਆਖਿਆ ਕਿ ਇਨ੍ਹਾਂ ਦੋਵਾਂ ਲੈਕਚਰਾਰਾਂ ਨੇ ਪਿਛਲੇ 20 ਸਾਲਾਂ ਵਿਚ ਸਕੂਲ ਦੇ ਵਿਕਾਸ ਲਈ ਅਨੇਕਾਂ ਪ੍ਰੋਜੈਕਟ ਸਕੂਲ ਵਿਚ ਨੇਪਰੇ ਚਾੜ੍ਹੇ, ਉਥੇ ਲੜਕੀਆਂ ਦੀ ਸਿੱਖਿਆ ਲਈ ਅਨੇਕਾਂ ਗੁਣਾਤਮਕ ਕਦਮ ਚੁੱਕੇ, ਜਿਸ ਦੀ ਬਦੌਲਤ ਕਾਮਰਸ ਵਿਭਾਗ ਦਾ ਨਤੀਜਾ ਲਗਾਤਾਰ 20 ਸਾਲ ਤੋਂ 100 ਫੀਸਦੀ ਰਿਹਾ ਹੈ ਜੋ ਕਿ ਪੂਰੇ ਸੂਬੇ ਵਿਚ ਰਿਕਾਰਡ ਹੈ। ਇਸ ਮੌਕੇ ਰਾਜਪਾਲ ਕੌਰ, ਕਮਲਜੀਤ ਸਿੰਘ, ਲਲਿਤ ਕੁਮਾਰ, ਤਰਸੇਮ ਸਿੰਘ, ਵਿਜੇ ਕੁਮਾਰ, ਸੰਜੀਵ ਕੁਮਾਰ, ਮਨਜੀਤ ਭੱਲਾ, ਅਮਨਪ੍ਰੀਤ ਕੌਰ, ਪ੍ਰਿਤਪਾਲ ਕੌਰ ਅਤੇ ਭੁਪਿੰਦਰ ਕੌਰ ਨੇ ਸ਼ੁੱਭ ਇਛਾਵਾਂ ਅਤੇ ਮੁਬਾਰਕਬਾਦ ਦਿੱਤੀ। ਡਾ. ਸਤਿੰਦਰ ਸਿੰਘ ਅਤੇ ਦਰਸ਼ਨ ਲਾਲ ਸ਼ਰਮਾ ਨੇ ਭਾਵੁਕ ਹੁੰਦੇ ਹੋਏ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਸਕੂਲ ਵਿਚ ਬਿਤਾਏ ਪਲਾਂ ਨੂੰ ਯਾਦ ਕੀਤਾ।