Ferozepur News

ਸਮੂਹ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਕਰਨ- ਰਾਮਵੀਰ

ਫ਼ਿਰੋਜ਼ਪੁਰ 03 ਅਪ੍ਰੈਲ 2018 ( ) ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐੱਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਲ ਵਿਭਾਗ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਜ਼ਿਲ੍ਹੇ ਦੇ ਸਮੂਹ ਨਾਇਬ ਤਹਿਸੀਲਦਾਰਾਂ,  ਪਟਵਾਰੀਆਂ, ਰੀਡਰਾਂ ਅਤੇ ਕਾਨੂੰਗੋਆਂ ਨੂੰ ਮਾਲ ਵਿਭਾਗ ਦਫ਼ਤਰ ਤੇ ਫ਼ੀਲਡ ਦੇ ਵੱਖ-ਵੱਖ ਵਿਸ਼ਿਆਂ/ਕੰਮਾਂ ਬਾਰੇ ਟੇਨ੍ਰਿਗ ਦਿੱਤੀ ਗਈ।  

ਟੇਨ੍ਰਿਗ ਦੀ ਸ਼ੁਰੂਆਤ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਸਮੂਹ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੋਲੋਂ ਵਿਭਾਗ ਵਿੱਚ ਲੰਬਿਤ ਪਏ ਕੇਸਾਂ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਜਲਦੀ ਨਿਪਟਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਜਿੱਥੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਉੱਥੇ ਉਨ੍ਹਾਂ ਕੋਲੋਂ ਕੀਮਤੀ ਸੁਝਾਅ ਵੀ ਲਏ ਅਤੇ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਵੀ ਸੁਣੀਆਂ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਆਮ ਜਨਤਾ ਦੇ ਕੰਮ ਪਹਿਲ ਦੇ ਆਧਾਰ ਤੇ ਕਰਨ ਅਤੇ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੀ ਡਿਊਟੀ ਪੂਰੀ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਕਰਨ ਤੇ ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਮਿਥੇ ਸਮੇਂ ਵਿਚ ਸੇਵਾਵਾਂ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸ੍ਰ: ਮਨਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ ਨੇ ਦੱਸਿਆ ਕਿ ਇਹ ਟ੍ਰੇਨਿਗ 6 ਅਪ੍ਰੈਲ ਤੱਕ ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਟ੍ਰੇਨਿੰਗ ਵਿਚ ਸਮੂਹ ਨਾਇਬ ਤਹਿਸੀਲਦਾਰਾਂ, ਪਟਵਾਰੀਆਂ, ਕਾਨੂੰਗੋਆਂ ਆਦਿ ਅਧਿਕਾਰੀਆਂ ਨੂੰ ਸ਼੍ਰੀਮਤੀ ਵੀਰਪਾਲ ਕੌਰ ਏ.ਐਸ.ਐਮ ਤਲਵੰਡੀ ਭਾਈ ਵੱਲੋਂ ਕੰਪਿਊਟਰ ਸਬੰਧੀ, ਸ੍ਰ: ਬਲਕਾਰ ਸਿੰਘ ਵੱਲੋਂ ਸੈਟਲਮੈਂਟ, ਚੱਕਬੰਦੀ ਉਦੇਸ਼ ਅਤੇ ਰਿਕਾਰਡ ਦੀ ਤਿਆਰੀ ਸਬੰਧੀ, ਸ਼੍ਰੀ ਪਵਨ ਗੁਲਾਟੀ ਤਹਿਸੀਲਦਾਰ ਗੁਰੂਹਰਸਹਾਏ ਵੱਲੋਂ ਵਿਲੇਜ਼ ਕਾਮਨਲੈਂਡਜ਼ ਐਕਟ/ਸ਼ਾਮਲਾਤ ਐਕਟ ਸਬੰਧੀ ਅਤੇ ਸ੍ਰ: ਜਸਵੰਤ ਸਿੰਘ ਨਾਇਬ ਤਹਿਸੀਲਦਾਰ ਮੱਖੂ ਵੱਲੋਂ ਵਿਰਾਸਤ ਦੇ ਕਾਨੂੰਨ ਤੇ ਵਸੀਅਤ ਸਬੰਧੀ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬਾਕੀ ਦਿਨ ਵੀ ਇਸੇ ਤਰ੍ਹਾਂ ਮਾਲ ਵਿਭਾਗ ਦੇ ਦਫ਼ਤਰ ਅਤੇ ਫ਼ੀਲਡ ਦੇ ਹੋਰ ਵਿਸ਼ਿਆਂ ਤੇ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਆਖਿਆ ਕਿ ਇਸ ਤੋਂ ਇਲਾਵਾ ਵੀ ਜੇਕਰ ਕਿਸੇ ਅਧਿਕਾਰੀ ਨੂੰ ਕੰਮਾਂ ਵਿਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਕਿਸੇ ਵੇਲੇ ਵੀ ਉਨ੍ਹਾਂ ਕੋਲ ਆਕੇ ਜਾਣਕਾਰੀ ਲੈ ਸਕਦੇ ਹਨ ਤਾਂ ਜੋ ਇਸ ਦਫ਼ਤਰ ਦਾ ਸਾਰਾ ਕੰਮ ਸਹੀ ਢੰਗ ਨਾਲ ਚਲਾਇਆ ਜਾ ਸਕੇ। 

ਇਸ ਮੌਕੇ ਸ੍ਰ: ਚਰਨਦੀਪ ਸਿੰਘ ਐਸ.ਡੀ.ਐਮ ਗੁਰੂਹਰਸਹਾਏ, ਸ੍ਰ: ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ.) ਸਮੇਤ ਸਮੂਹ ਨਾਇਬ ਤਹਿਸੀਲਦਾਰ, ਪਟਵਾਰੀ, ਰੀਡਰ, ਕਾਨੂੰਗੋ ਆਦਿ ਹਾਜ਼ਰ ਸਨ।

Related Articles

Back to top button