ਸਮਾਰਟ ਵਿਲੇਜ ਸਕੀਮ ਅਧੀਨ ਜ਼ਿਲ੍ਹੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਖਰਚੇ 33.26 ਕਰੋੜ ਰੁਪਏ: ਏ.ਡੀ.ਸੀ.
ਇੰਟਰਲਾਕਿੰਗ ਟਾਈਲਾਂ, ਗਲੀਆਂ ਨਾਲੀਆਂ, ਸਕੂਲਾਂ ਦੀ ਮੁਰੰਮਤ ਸਮੇਤ ਵੱਖ-ਵੱਖ ਪ੍ਰੋਜੈਕਟ ਮੁਕੰਮਲ
ਫਿਰੋਜ਼ਪੁਰ, 20 ਅਗਸਤ
ਸਮਾਰਟ ਵਿਲੇਜ ਸਕੀਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਦਾ ਕਾਇਆਕਲਪ ਕਰਨ ਅਤੇ ਸਰਬਪੱਖੀ ਵਿਕਾਸ ਲਈ ਇਕ ਪ੍ਰਭਾਵਸ਼ਾਲੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਹੁਣ ਤੱਕ ਪੂਰੇ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਲਈ 33.26 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਏਡੀਸੀ (ਵਿਕਾਸ) ਰਵਿੰਦਰ ਪਾਲ ਸਿੰਘ ਸੰਧੂ ਨੇ ਸਮਾਰਟ ਵਿਲੇਜ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮਕਸਦ ਪਿੰਡਾਂ ਵਿੱਚ ਮੂਲਭੂਤ ਸੁਵਿਧਾਵਾਂ ਨੂੰ ਸ਼ਹਿਰਾਂ ਦੀ ਤਰ੍ਹਾਂ ਬਿਹਤਰ ਬਣਉਣਾ ਅਤੇ ਲੋਕਾਂ ਦੀ ਜਿੰਦਗੀ ਵਿੱਚ ਸਕਾਰਾਤਮਕ ਬਦਲਾਵ ਲੈ ਕੇ ਆਉਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ 1051 ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਲ 2018-19 ਅਤੇ 19-20 ਵਿੱਚ ਆਰਡੀਐਫ, ਵਿੱਤ ਕਮਿਸ਼ਨ ਅਤੇ ਮਗਨਰੇਗਾ ਤੋਂ ਕੁੱਲ 41.67 ਕਰੋੜ ਰੁਪਏ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ 33.26 ਕਰੋੜ ਰੁਪਏ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਸਮਾਰਟ ਵਿਲੇਜ ਯੋਜਨਾ ਤਹਿਤ ਖਰਚ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੈਂਕਸ਼ਨ ਕੀਤੇ ਗਏ ਕੁੱਲ 1051 ਕੰਮਾਂ ਵਿਚੋਂ 1011 ਕੰਮ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 464 ਕੰਮ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਇੰਟਰਲੌਕਿੰਗ ਟਾਈਲਾਂ ਲਗਾਉਣਾ, ਬਿਲਡਿੰਗ ਉਸਾਰੀ, ਗਲੀਆਂ ਨਾਲੀਆਂ ਨੂੰ ਪੱਕਾ ਕਰਨਾ, ਸਕੂਲ ਦੀ ਮੁਰੰਮਤ ਦੇ ਕੰਮ ਸ਼ਾਮਲ ਹਨ। ਇਸ ਪ੍ਰਾਜੈਕਟ ਤਹਿਤ ਫਿਰੋਜ਼ਪੁਰ ਬਲਾਕ ਵਿੱਚ 7.52 ਕਰੋੜ ਰੁਪਏ ਦੀ ਲਾਗਤ ਨਾਲ 64 ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ 51 ਕੰਮ 4.66 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਪੈਂਡਿੰਗ ਕੰਮ ਵੀ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ 550 ਕਰੋੜ ਰੁਪਏ ਦੀ ਲਾਗਤ ਨਾਲ ਬਲਾਕ ਘੱਲਾਖੁਰਦ ਨੂੰ 220 ਕੰਮ ਪਾਸ ਕੀਤੇ ਗਏ, ਜਿਨ੍ਹਾਂ ਵਿਚੋਂ 212 ਕੰਮ 4.85 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਅਤੇ 72 ਕੰਮ ਪੂਰੇ ਹੋ ਚੁੱਕੇ ਹਨ। ਬਲਾਕ ਗੁਰੂਹਰਸਹਾਏ ਲਈ 12.56 ਕਰੋੜ ਰੁਪਏ ਦੀ ਲਾਗਤ ਨਾਲ 252 ਕੰਮਾਂ ਨੂੰ ਪਾਸ ਕੀਤਾ ਗਿਆ, ਜਿਨ੍ਹਾਂ ਵਿਚੋਂ 123 ਕੰਮ 9.73 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਕੀਤੇ ਗਏ ਹਨ। ਬਲਾਕ ਮਖੂ ਲਈ 5.38 ਕਰੋੜ ਰੁਪਏ ਦੀ ਲਾਗਤ ਨਾਲ 297 ਕੰਮਾਂ ਨੂੰ ਪਾਸ ਕੀਤਾ ਗਿਆ, ਜਿਨ੍ਹਾਂ ਵਿਚੋਂ 118 ਕੰਮ 4.51 ਕਰੋੜ ਰੁਪਏ ਖਰਚ ਕੇ ਪੂਰੇ ਕੀਤੇ ਗਏ ਹਨ। ਬਲਾਕ ਮਮਦੋਟ ਵਿੱਚ 6.4 ਕਰੋੜ ਰੁਪਏ ਦੀ ਰਾਸ਼ੀ ਨਾਲ 126 ਕੰਮਾਂ ਨੂੰ ਪਾਸ ਕੀਤਾ ਗਿਆ, ਜਿਨ੍ਹਾਂ ਵਿੱਚੋਂ 75 ਕੰਮ 5.71 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਚੁੱਕੇ ਹਨ। ਬਲਾਕ ਜ਼ੀਰੇ ਲਈ ਦੇ ਲਈ 4.92 ਕਰੋੜ ਰੁਪਏ ਦੀ ਰਾਸ਼ੀ ਨਾਲ 92 ਕੰਮ ਪਾਸ ਹੁਏ ਸਨ, ਜਿਨ੍ਹਾਂ ਵਿੱਚੋਂ 3.52 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਕੇ 46 ਕੰਮ ਮੁਰੰਮਲ ਹੋ ਚੁੱਕੇ ਹਨ।
ਡੀਡੀਪੀਓ ਹਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ ਅਤੇ ਪੇਂਡੂ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰਾਜੈਕਟ ਸਮਾਂਬੱਧ ਤਰੀਕੇ ਨਾਲ ਪੂਰਣ ਕੀਤੇ ਜਾ ਰਹੇ ਹਨ, ਜਿਸ ਕਾਰਨ ਪਿੰਡਾਂ ਦਾ ਨੁਹਾਰ ਪੂਰੀ ਤਰ੍ਹਾਂ ਬਦਲ ਰਹੀ ਹੈ