ਸਮਾਜ ਦੇ ਸਾਰੇ ਵਰਗਾਂ ਨੂੰ ਬੰਦ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ-ਰਾਮਵੀਰ
ਸਮਾਜ ਦੇ ਸਾਰੇ ਵਰਗਾਂ ਨੂੰ ਬੰਦ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ-ਰਾਮਵੀਰ
ਸ਼ਾਂਤੀਪੂਰਵਕ ਬੰਦ ਲਈ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ- ਐਸ.ਐਸ.ਪੀ
ਭਾਰਤੀ ਵਾਲਮਿਕ ਸਮਾਜ, ਆਦਿ ਧਰਮ ਸਮਾਜ ਵੱਲੋਂ ਬੰਦ ਦੌਰਾਨ ਸ਼ਾਂਤੀ ਬਣਾਈ ਰੱਖਣ ਦਾ ਭਰੋਸਾ
ਇੰਟਰਨੈੱਟ ਸੇਵਾਵਾਂ 2 ਅਪ੍ਰੈਲ ਰਾਤ 11 ਵਜੇ ਤੱਕ ਬੰਦ ਰਹਿਣਗੀਆਂ
12ਵੀਂ ਦੀ ਪ੍ਰੀਖਿਆ ਮਿਥੇ ਸ਼ਡਿਊਲ ਅਨੁਸਾਰ ਹੋਵੇਗੀ
ਫ਼ਿਰੋਜ਼ਪੁਰ 01 ਅਪ੍ਰੈਲ 2018 ( ) ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਪੁਲਿਸ ਵੱਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਨਾਲ ਵੀਡੀਓ ਕਾਂਨਫ੍ਰੰਂਸ ਰਾਹੀਂ ਪੂਰੇ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਾਰ ਰੱਖਣ, ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਅਤੇ ਸਰਕਾਰੀ ਤੇ ਪ੍ਰਾਈਵੇਟ ਸੰਪਤੀ ਦੀ ਰੱਖਿਆ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਅਤੇ ਲੋੜ ਅਨੁਸਾਰ ਡਿਊਟੀ ਮੈਜਿਸਟ੍ਰੇਟ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰੀ ਸ਼੍ਰੀ ਰਾਮਵੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਇਸ ਮੌਕੇ ਐਸ.ਐਸ.ਪੀ ਸ੍ਰ: ਪ੍ਰੀਤਮ ਸਿੰਘ ਸਮੇਤ ਸਿਵਲ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਬੰਦ ਨੂੰ ਸ਼ਾਂਤੀਪੂਰਵਕ ਬਣਾਈ ਰੱਖਣ ਲਈ ਪੁਖ਼ਤਾ ਪ੍ਰਬੰਧਾਂ ਦੇ ਨਾਲ-ਨਾਲ ਰਾਜ ਅੰਦਰ ਸਿੱਖਿਆ ਸੰਸਥਾਵਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੂਰੇ ਰਾਜ ਵਿਚ ਅੱਜ ਸ਼ਾਮ ਤੋਂ 2 ਅਪ੍ਰੈਲ ਰਾਤ 11 ਵਜੇ ਤੱਕ ਇੰਟਰਨੈੱਟ ਸੇਵਾ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 2 ਦਿਨ ਤੋਂ ਵਾਲਮਿਕ ਸਮਾਜ, ਵਪਾਰੀ ਵਰਗ ਅਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਜ਼ਿਲ੍ਹੇ ਵਿਚ ਅਮਨ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਵੱਲੋਂ ਜ਼ਿਲ੍ਹੇ ਵਿਚ ਬੰਦ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਦਾ ਪੂਰਨ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਦੇ ਦਿਨ ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰ ਪਹਿਲੋਂ ਹੀ ਬੰਦ ਰਹਿੰਦੇ ਹਨ ਤੇ ਸ਼ਹਿਰ ਦੇ ਵਪਾਰੀ ਵਰਗ ਵੱਲੋਂ ਵੀ ਕੱਲ੍ਹ ਨੂੰ ਬੰਦ ਦੌਰਾਨ ਪੂਰਨ ਸਹਿਯੋਗ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ।
ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਪ੍ਰੀਤਮ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿਚ ਬੰਦ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ ਅਤੇ ਸਰਕਾਰੀ ਤੇ ਪ੍ਰਾਈਵੇਟ ਸੰਪਤੀ, ਸਰਕਾਰੀ ਦਫ਼ਤਰਾਂ, ਬਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਬਾਜ਼ਾਰਾਂ ਆਦਿ ਵਿਚ ਗਸ਼ਤ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ।
ਭਾਰਤੀ ਵਾਲਮਿਕ ਸਮਾਜ ਅਤੇ ਆਦਿ ਧਰਮ ਸਮਾਜ ਦੇ ਆਗੂ ਸ਼੍ਰੀ ਉਲਫ਼ਤ ਰਾਇ, ਪਿੱਪਲ ਸਹੋਤਾ, ਵਿਜੈ ਅਟਵਾਲ, ਦਰਸ਼ਨ ਮੰਡ, ਮਹਿੰਦਰ ਖੁਖਰ, ਨਰੇਸ਼ ਦਾਨਵ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੂੰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨਾਲ ਮੀਟਿੰਗ ਕਰਕੇ ਭਰੋਸਾ ਦਵਾਇਆ ਕਿ ਸਮਾਜ ਵੱਲੋਂ ਬੰਦ ਦੌਰਾਨ ਪੂਰੀ ਤਰ੍ਹਾਂ ਅਮਨ ਸ਼ਾਂਤੀ ਬਣਾਈ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਾਹੌਲ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 12ਵੀਂ ਦੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।