Ferozepur News

ਸਫਲਤਾ ਲਈ ਦ੍ਰਿੜ੍ਹ ਇਰਾਦਾ ਜ਼ਰੂਰੀ -ਵਿਜੈ ਗਰਗ  (ਪੀ.ਈ.ਐਸ)

ਜੀਵਨ ਇੱਕ ਸੰਘਰਸ਼ ਹੈ, ਮਨੁੱਖ ਜਨਮ ਤੋਂ ਲੈ ਕੇ ਅਖੀਰ ਤਕ ਸਮੱਸਿਆਵਾਂ ਨਾਲ ਜੂਝਦਾ ਰਹਿੰਦਾ ਹੈ। ਕਦੇ ਪ੍ਰਾਪਤੀ ਹੋ ਜਾਂਦੀ ਹੈ ਤੇ ਕਦੇ ਨਹੀਂ ਵੀ ਹੁੰਦੀ। ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਰਹਿੰਦਾ ਹੈ। ਜੀਵਨ ਦਾ ਕੋਈ ਪਤਾ ਨਹੀਂ ਕਿ ਅਸੀਂ ਅੱਜ ਹੋਈਏ ਤੇ ਕੱਲ੍ਹ ਨਾ। ਇਸ ਲਈ ਮਨੁੱਖ ਨੂੰ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ ਚਾਹੀਦਾ। ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਕੁੱਝ ਨਾ ਕੁੱਝ ਕਰਦੇ ਰਹਿਣਾ ਚਾਹੀਦਾ ਹੈ। ਹਰੇਕ ਦੀ ਜੀਵਨ ਵਿਚ ਕੁੱਝ ਨਾ ਕੁੱਝ ਕਰਨ ਦੀ ਖ਼ਾਹਿਸ਼ ਹੁੰਦੀ ਹੈ। ਸੂਝਵਾਨ ਲੋਕ ਉਦੇਸ਼ ਮਿੱਥ ਕੇ ਕੰਮ ਕਰਦੇ ਹਨ ਤੇ ਸਫਲਤਾ ਪ੍ਰਾਪਤ ਕਰ ਲੈਂਦੇ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਨੇ ਵੀ ਹਿੰਮਤ ਪੱਕੇ ਇਰਾਦੇ ਨਾਲ ਮਾਰੀ ਹੈ ਉਸ ਨੂੰ ਸਫਲਤਾ ਮਿਲੀ ਹੈ। ਥਾਮਸ ਐਡੀਸ਼ਨ ਨੂੰ ਬਿਜਲੀ ਦੇ ਬਲਬ ਦੀ ਖੋਜ ਕਰਨ ਵਿਚ ਦਸ ਹਜ਼ਾਰ ਵਾਰ ਅਸਫਲਤਾ ਮਿਲੀ ਪਰ ਦ੍ਰਿੜ੍ਹ ਇਰਾਦੇ ਕਾਰਨ ਅਖੀਰ ਉਹ ਕਾਮਯਾਬ ਹੋ ਗਿਆ । ਸੋ ਕੰਮ ਕਰਦਿਆਂ ਜੀਵਨ ਵਿਚ ਅਨੇਕਾਂ ਮੁਸ਼ਕਲਾਂ ਆਉਂਦੀਆਂ ਹਨ ਪਰ ਘਬਰਾਉਣਾ ਨਹੀਂ ਚਾਹੀਦਾ। ਅਬਰਾਹਮ ਲਿੰਕਨ ਗ਼ਰੀਬ ਕਿਸਾਨ ਦਾ ਪੱਤਰ ਸੀ। ਉਸ ਕੋਲ ਤਨ ਢੱਕਣ ਲਈ ਇੱਕੋ ਲਿਬਾਸ ਸੀ। ਕਿਤਾਬਾਂ ਕਿਸੇ ਤੋਂ ਉਧਾਰੀਆਂ ਲੈ ਕੇ ਪੜ੍ਹਦਾ ਸੀ। ਆਤਮ ਵਿਸ਼ਵਾਸ ਤੇ ਸਖ਼ਤ ਮਿਹਨਤ ਨਾਲ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਸੀ। ਇਰਾਦਾ ਹੋਵੇ ਤਾਂ ਸਭ ਕੁੱਝ ਸੰਭਵ ਹੈ। ਸਿਰਫ਼ ਕਦਮ-ਕਦਮ ਤੇ ਚੱਲਣ ਦੀ ਲੋੜ ਹੁੰਦੀ ਹੇ। ਰੁਕਣਾ ਬੁਜ਼ਦਿਲਾਂ ਦਾ ਕੰਮ ਹੈ। ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਚੋਣ ਸਮਝ ਕੇ ਕਦਮ ਚੁੱਕਣਾ ਚਾਹੀਦਾ ਹੈ। ਸਹੀ ਦਿਸ਼ਾ ਵਿਚ ਕੀਤੀ ਮਿਹਨਤ ਰੰਗ ਲਿਆਉਂਦੀ ਹੈ। ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਕੰਮ ਵੱਲ ਧਿਆਨ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਵਿਚ ਸਫਲਤਾ ਪ੍ਰਾਪਤ ਹੁੰਦੀ ਹੈ। ਸਫਲਤਾ ਦੀ ਪਗਡੰਡੀ ਉੱਪਰ ਚੱਲ ਕੇ ਖ਼ੁਸ਼ਹਾਲੀ ਮੁਸਕਰਾਹਟ ਤੇ ਖਿੜ ਖਿੜਾਉਂਦੀ ਦੁਨੀਆ ਵਿਚ ਪ੍ਰਵੇਸ਼ ਕਰ ਕੇ ਜੀਵਨ ਦਾ ਅਨੰਦ ਮਾਣ ਸਕਦੇ ਹਾਂ। ਹਰੇਕ ਮਨੁੱਖ ਨੂੰ ਆਪਣੀ ਸੋਚ ਸਕਰਾਤਮਕ ਬਣਾਉਣੀ ਚਾਹੀਦੀ ਹੈ। ਨਕਾਰਾਤਮਿਕ ਸੋਚ ਵਾਲੇ ਬਿਨਾਂ ਕਿਸੇ ਉਦੇਸ਼ ਤੋਂ ਕੰਮ ਕਰਨ ਨਾਲ ਜੀਵਨ ਵਿਚ ਹਮੇਸ਼ਾ ਡੱਕੇ ਡੋਲੇ ਖਾਂਦੇ ਰਹਿੰਦੇ ਹਨ। ਅਜਿਹੇ ਵਿਅਕਤੀ ਆਪਣੀਆਂ ਖ਼ਾਮੀਆਂ ਨੂੰ ਲੁਕਾਉਣ ਲਈ ਅਸਫਲਤਾਵਾਂ ਦਾ ਦੋਸ਼ ਕਿਸਮਤ ਨੂੰ ਦਿੰਦੇ ਹਨ। ਤੁਸੀਂ ਆਪਣਾ ਕੰਮ ਦ੍ਰਿੜ੍ਹ ਇਰਾਦੇ ਨਾਲ ਸ਼ੁਰੂ ਕਰ ਦੇਵੋ ਸਫਲਤਾ ਜ਼ਰੂਰ ਮਿਲੇਗੀ। ਜੋ ਮਨੁੱਖ ਆਪਣਾ ਕੰਮ ਦ੍ਰਿੜ੍ਹ ਇਰਾਦੇ ਨਾਲ ਸ਼ੁਰੂ ਕਰਦੇ ਹਨ ਉਨ੍ਹਾਂ ਦੇ ਰਾਹ ਵਿਚ ਜਿੰਨੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਉਹ ਕੰਮ ਪੂਰਾ ਕਰ ਕੇ ਹੀ ਸਾਹ ਲੈਂਦੇ ਹਨ। ਸਫਲਤਾ ਮਿਲੇ ਜਾ ਨਾ ਮਨੁੱਖ ਨੂੰ ਮਨ ਵਿਚ ਕਦੇ ਹੀਣ ਭਾਵਨਾ ਨਹੀਂ ਆਉਣ ਦੇਣੀ ਚਾਹੀਦੀ। ਉਸ ਨੂੰ ਆਪਣੇ ਮਨ ਵਿਚ ਇਹ ਸੋਚ ਬਣਾ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਮੈਂ ਇਹ ਕੰਮ ਕਰ ਸਕਦਾ ਹਾਂ। ਉਸ ਨੂੰ ਆਪਣੇ-ਆ ਤੇ ਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ। ਕੰਮ ਜੀਅ-ਜਾਨ ਨਾਲ ਅਤੇ ਟੀਚਾ ਮਿੱਥ ਕੇ ਕਰਨਾ ਚਾਹੀਦਾ ਹੈ। ਉਸ ਕੋਲ ਕੰਮ ਕਰਨ ਦਾ ਨਿਸ਼ਚਾ ਹੋਣਾ ਚਾਹੀਦਾ ਹੈ। ਛੋਟੇ ਤੋ ਛੋਟੇ ਕੰਮ ਵਿਚ ਮਿਲੀ ਸਫਲਤਾ ਜਿੱਥੇ ਹੌਸਲਾ ਵਧਾਉਂਦਾ ਹੈ ਉੱਥੇ ਨਵੇਂ ਕੰਮ ਲਈ ਊਰਜਾ ਦਾ ਸੰਚਾਰ ਵੀ ਕਰਦੀ ਹੈ। ਜੇ ਕੋਈ ਕੰਮ ਮੁਸ਼ਕਿਲ ਲੱਗੇ ਤਾਂ ਆਪਣੇ ਸੀਨੀਅਰ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਪੂਰਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਜਦੋਂ ਕਿਤੇ ਅਸੀਂ ਦੂਸਰੇ ਸ਼ਹਿਰ ਵਿਚ ਦੋਸਤਾਂ ਜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹਾਂ ਅਤੇ ਜਿੱਥੇ ਸਾਨੂੰ ਰਸਤੇ ਦੀ ਜਾਣਕਾਰੀ ਨਹੀਂ ਹੁੰਦੀ ਅਸੀਂ ਰਾਹਗੀਰ ਕੋਲੋਂ ਬਿਨਾਂ ਝਿਜਕ ਪੁੱਛ ਲੈਂਦੇ ਹਾਂ। ਇਸੇ ਤਰ੍ਹਾਂ ਕੰਮ ਕਰਨ ਵਿਚ ਸੀਨੀਅਰ ਸਾਥੀਆਂ ਤੋਂ ਸਲਾਹ ਲੈਣ ਵਿਚ ਹੀਣ ਭਾਵਨਾ ਅਤੇ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ। ਸਾਥੀਆਂ ਨਾਲ ਕੀਤੇ ਸਲਾਹ ਮਸ਼ਵਰੇ ਨਾਲ ਜਿੱਥੇ ਟੀਚਿਆਂ ਦੀ ਸਮੇਂ ਸਿਰ ਪ੍ਰਾਪਤੀ ਹੋਵੇਗੀ ਉੱਥੇ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ। ਨੌਜਵਾਨ ਮੁੰਡੇ ਕੁੜੀਆਂ ਵਿਚ ਜੋਸ਼ ਅਤੇ ਹਿੰਮਤ ਦੀ ਕੋਈ ਘਾਟ ਨਹੀਂ ਹੈ। ਘਾਟ ਤਾਂ ਸਿਰਫ਼ ਲਗਨ ਮਿਹਨਤ ਤੇ ਦ੍ਰਿੜ੍ਹ ਇਰਾਦੇ ਦੀ ਹੈ। ਸਫਲਤਾ ਪ੍ਰਾਪਤ ਕਰਨ ਲਈ ਨੌਜਵਾਨ ਮੌਜ-ਮਸਤੀ ਛੱਡ ਦੇਣੀ ਚਾਹੀਦੀ ਹੈ। ਹਿੰਮਤ ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਆਪ ਤੇ ਵਿਸ਼ਵਾਸ ਰੱਖ ਕੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੇ। ਅੰਤ ਵਿਚ ਸਫਲਤਾ ਜ਼ਰੂਰ ਮਿਲੇਗੀ। 

Related Articles

Back to top button