ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਨਾਜ਼ ਮੰਡੀ ਤਲਵੰਡੀ ਭਾਈ ਵਿਖੇ ਮਿਰਚਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ
-ਮਿਰਚਾਂ ਤੋਂ ਪੇਸਟ ਤਿਆਰ ਕਰਨ ਲਈ ਫਿਰੋਜ਼ਪੁਰ ਵਿੱਚ ਲਗਾਇਆ ਜਾਵੇਗਾ ਪਲਾਂਟ
ਕਿਸਾਨਾਂ ਨੇ ਮਿਰਚ ਦਾ ਮੁੱਲ ਤੈਅ ਕਰਕੇ ਚੁੱਕਿਆ ਵਧੀਆ ਕਦਮ: ਸਪੀਕਰ ਸੰਧਵਾਂ
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਨਾਜ਼ ਮੰਡੀ ਤਲਵੰਡੀ ਭਾਈ ਵਿਖੇ ਮਿਰਚਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ
-ਮਿਰਚਾਂ ਤੋਂ ਪੇਸਟ ਤਿਆਰ ਕਰਨ ਲਈ ਫਿਰੋਜ਼ਪੁਰ ਵਿੱਚ ਲਗਾਇਆ ਜਾਵੇਗਾ ਪਲਾਂਟ
ਫਿਰੋਜ਼ਪੁਰ/ਤਲਵੰਡੀ ਭਾਈ, 24 ਮਈ 2023:
ਫਿਰੋਜ਼ਪੁਰ ਦੇ ਕਿਸਾਨਾਂ ਨੇ ਮਿਰਚ ਦੇ ਮੁੱਲ ਨੂੰ ਬੈਂਚ ਮਾਰਕ ਬਣਾਉਂਦੇ ਹੋਏ ਇੱਕ ਮੁੱਲ ਤੈਅ ਕਰਕੇ ਬਹੁਤ ਵਧੀਆ ਕਦਮ ਚੁੱਕਿਆ ਹੈ, ਇਸ ਦੇ ਤਹਿਤ ਮਿਰਚ ਦੇ ਨਿਸ਼ਚਿਤ ਕੀਤੇ ਗਏ ਭਾਅ ਤੋਂ ਵੀ ਵੱਧ ਮੁੱਲ ਮਿਲਿਆ ਹੈ ਜਿਸ ਦਾ ਸਾਰੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ ਜਦਕਿ ਇਸ ਤੋਂ ਪਹਿਲਾਂ ਮੁੱਲ ਘੱਟ ਮਿਲਣ ਕਰਕੇ ਮਿਰਚ ਦੀ ਫ਼ਸਲ ਸੁੱਟਣੀ ਵੀ ਪੈ ਜਾਂਦੀ ਸੀ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਨਾਜ ਮੰਡੀ ਤਲਵੰਡੀ ਭਾਈ ਵਿਖੇ ਮਿਰਚਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਕੀਤਾ। ਇਸ ਮੌਕੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ੍ਰੀ ਰਜਨੀਸ਼ ਦਹੀਆ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਸ੍ਰੀ ਫੌਜਾ ਸਿੰਘ ਸਰਾਰੀ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ, ਐਸ.ਐਸ.ਪੀ. ਫਿਰੋਜ਼ਪੁਰ ਸ੍ਰੀ ਭੁਪਿੰਦਰ ਸਿੰਘ ਵੀ ਮੌਜੂਦ ਸਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਕਿਸਾਨਾਂ ਨਾਲ ਖਾਸਕਰ ਛੋਟੇ ‘ਤੇ ਸੀਮਾਂਤ ਕਿਸਾਨਾਂ ਦੀ ਭਲਾਈ ਲਈ ਹਰ ਲੋੜੀਂਦਾ ਕਦਮ ਚੁੱਕ ਰਹੀ ਹੈ ਤੇ ਹਮੇਸ਼ਾਂ ਆਪਣੇ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਮੰਡੀਕਰਨ ਸਬੰਧੀ ਸਮੱਸਿਆਵਾਂ ਦੱਸੀਆਂ ਗਈਆਂ ਹਨ ਜਿਸ ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਨਵੇਂ ਤਰੀਕੇ ਨਾਲ ਮੰਡੀਕਰਨ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਪਿਛਲੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਕਰੋੜਾਂ ਰੁਪਏ ਦੀ ਸਬਜ਼ੀ ਵੇਚੀ ਜਾਂਦੀ ਹੈ ਜਿਸ ਦਾ ਸਰਕਾਰੀ ਰਿਕਾਰਡ ਘੱਟ ਵੇਖਣ ਨੂੰ ਮਿਲਦਾ ਹੈ, ਇਸ ਦੇ ਹੱਲ ਲਈ ਸਬੰਧਤ ਅਧਿਕਾਰੀ ਅਤੇ ਐਮ.ਐਲ.ਏ. ਸਾਹਿਬਾਨ ਮਿਲ ਕੇ ਸਾਰਾ ਰਿਕਾਰਡ ਚੈੱਕ ਕਰਨਗੇ ਅਤੇ ਇਸ ਸਮੱਸਿਆ ਦਾ ਹੱਲ ਕੱਢਣਗੇ।
ਸ. ਕੁਲਤਾਰ ਸਿੰਘ ਸੰਧਵਾਂ ਨੇ ਹਰੇਕ ਕਿਸਾਨ ਨੂੰ ਆਪਣੀ ਜ਼ਮੀਨ ਦਾ ਲੋੜ ਮੁਤਾਬਿਕ ਵੱਧ ਤੋਂ ਵੱਧ ਰਕਬਾ ਰਵਾਇਤੀ ਫਸਲਾਂ ਵਿਚੋਂ ਨਿਕਲ ਕੇ ਹੋਰਨਾਂ ਫਸਲਾਂ ਹੇਠ ਲਿਆਉਣਾ ਸਬੰਧੀ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਉਣ ਦੇ ਲਈ ਕਿਸਾਨਾਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਉਨ੍ਹਾਂ ਨੇ ਮਿਰਚਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਫਸਲੀ ਵਿਭਿੰਨਤਾ ਲਿਆਉਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਉਨ੍ਹਾਂ ਕਿਸਾਨਾਂ ਦੀ ਮੰਗ ਤੇ ਬੋਲਦਿਆਂ ਕਿਹਾ ਕਿ ਜਲਦੀ ਹੀ ਮਿਰਚਾਂ ਤੋਂ ਪੇਸਟ ਤਿਆਰ ਕਰਨ ਸਬੰਧੀ ਪਲਾਂਟ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਲਗਾਇਆ ਜਾਵੇਗਾ ਜਿਸ ਸਬੰਧੀ ਰੂਪ ਰੇਖਾ ਤਿਆਰ ਕਰਨ ਲਈ ਕਿਹਾ ਗਿਆ ਹੈ। ਕਿਸਾਨਾਂ ਦੀਆਂ ਹੋਰਨਾਂ ਮੰਗਾਂ ਤੇ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖੁਦ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ। ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਅੰਦਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਵੱਖ-ਵੱਖ ਫ਼ਸਲਾਂ ਦੀ ਕਾਸ਼ਤ ਸਬੰਧੀ ਪੂਰਾ ਡਾਟਾ ਤਿਆਰ ਰੱਖਣ।
ਇਸ ਮੌਕੇ ਪੀ.ਆਰ.ਓ./ਸਪੀਕਰ ਸ. ਮਨਪ੍ਰੀਤ ਸਿੰਘ,ਅਮਨਦੀਪ ਸਿੰਘ ਪੀ.ਏ., ਤਹਿਸੀਲਦਾਰ ਫਿਰੋਜ਼ਪੁਰ ਸ੍ਰੀਮਤੀ ਸੁਖਬੀਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।