ਸਤਲੁਜ ਦਰਿਆ ਦੇ ਪਾਰ,ਭਾਰੀ ਪਈ ਪਾਣੀ ਦੀ ਮਾਰ; ਝੋਨੇ ਦੀ ਫਸਲ ਤੇ ਕਰੋੜਾਂ ਦੀ ਜਾਇਦਾਦ ਤਬਾਹ
ਸਤਲੁਜ ਦਰਿਆ ਦੇ ਪਾਰ,ਭਾਰੀ ਪਈ ਪਾਣੀ ਦੀ ਮਾਰ; ਝੋਨੇ ਦੀ ਫਸਲ ਤੇ ਕਰੋੜਾਂ ਦੀ ਜਾਇਦਾਦ ਤਬਾਹ
ਪਿਛਲੇ 25 ਸਾਲਾਂ ਦੀ ਮਿਹਨਤ ਮੁਸ਼ੱਕਤ ਨਾਲ ਅਬਾਦ ਕੀਤੀ ਜਾਇਦਾਦ ਹੜ੍ਹਾਂ ਦੀ ਮਾਰ ਹੇਠ
ਛੋਟੇ ਕਿਸਾਨਾਂ ਦਾ ਮੁੜ ਉਠਣਾ ਲਗਭਗ ਅਸੰਭਵ
ਪੰਜਾਬ ਭਰ ਦੇ ਦਰਿਆਵਾਂ ਦਾ ਪਾਣੀ ਪਹਾੜੀ ਖੇਤਰ ‘ਚ ਭਾਰੀ ਵਰਖਾ ਹੋਣ ਦੇ ਕਾਰਨ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਝੋਨੇ ਦੀ ਬੰਪਰ ਫਸਲ ਦੀ ਆਸ ਲਗਾਈ ਬੈਠੇ ਪੰਜਾਬ ਦੇ ਕਿਸਾਨਾਂ ਨੂੰ ਜਿੱਥੇ ਮੀਂਹ ਬਰਸਾਤ ਦੀ ਭਾਰੀ ਲੋੜ ਮਹਿਸੂਸ ਹੁੰਦੀ ਹੈ। ਐਤਕੀ ਇਸ ਦੇ ਉਲਟ ਪੰਜਾਬ ਦੀ ਨਿਸਬਤ ਗੁਆਢੀ ਪਹਾੜੀ ਰਾਜਾਂ‘ਚ ਭਾਰੀ ਵਰਖਾ ਕਾਰਨ ਡੈਮਾਂ,ਦਰਿਆਵਾਂ’ਚ ਜਮ੍ਹਾਂ ਹੋਏ ਪਾਣੀ ਦੇ ਅਣਕਿਆਸੇ ਅੰਦਾਜ਼ੇ ਤੋਂ ਵਧੇਰੇ ਕਿਊਸਕ ਛੱਡੇ ਜਾਣ ਨਾਲ ਫਸਲਾਂ ਤੇ ਭਾਰੀ ਤਬਾਹੀ ਦਾ ਕਾਰਨ ਬਣੀ ਹੈ। ਸਰਹੱਦ ਤੇ ਸਥਿਤ ਪਿੰਡ ਦੋਨਾ ਮੱਤੜ – ਗਜ਼ਨੀ ਵਾਲਾ ਦੇ ਕਿਸਾਨ ਆਪਣੀ 2000 ਏਕੜ ਦੇ ਕਰੀਬ ਝੋਨੇ ਫਸਲ ਸਮੇਤ ਦੀ ਕਰੋੜਾਂ ਦੀ ਜਾਇਦਾਦ ਦੇ ਨੁਕਸਾਨ ਦਾ ਖਮਿਆਜਾ ਭੁਗਤ ਰਹੇ ਹਨ। ਪਿਛਲੇ 25 ਸਾਲਾਂ ਦੀ ਮਿਹਨਤ ਮੁਸ਼ੱਕਤ ਨਾਲ ਅਬਾਦ ਕੀਤੀ ਜਾਇਦਾਦ ਹੜ੍ਹਾਂ ਦੀ ਮਾਰ ਹੇਠ ਅਣ ਕਾਰਨ ਛੋਟੇ ਕਿਸਾਨਾਂ ਦਾ ਮੁੜ ਉਠਣਾ ਲਗਭਗ ਅਸੰਭਵ ਜਾਪ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਐਲਾਨੀ ਫਿਰੋਜ਼ਪੁਰ ਦੇ ਹਿੱਸੇ ਆਈ ਮੁਆਵਜ਼ੇ ਦੀ ਰਕਮ ਇਸ ਪਿੰਡ ਦੇ ਇਕੱਲੇ ਕਿਸਾਨਾਂ ਵਾਸਤੇ ਵੀ ਨਾਕਾਫੀ ਸਾਬਿਤ ਹੋਵੇਗੀ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਸਰਹੱਦੀ ਖੇਤਰ ਦੇ ਬਸ਼ਿੰਦਿਆਂ ਨੇ ਆਪਣੇ ਜੀਵਨ ਨਿਰਬਾਹ ਵਾਸਤੇ ਗੁਜ਼ਾਰੇ ਜੋਗੀ ਅਬਾਦ ਕੀਤੀ ਜ਼ਮੀਨ ਨੂੰ ਸਾਲ 1988, 1995 ਅਤੇ ਹੁਣ 2023 ਵਿੱਚ ਫਿਰ ਸਤਲੁਜ ਦੇ ਕਹਿਰ ਨੂੰ ਆਪਣੇ ਅੱਖੀ ਵੇਖ- ਵੇਖ ਅੱਖਾਂ ਨਮ ਕਰ ਰਹੇ ਹਨ। ਲੱਖਾਂ ਦੀਆਂ ਖਾਂਦਾ ਕੀਟਨਾਸ਼ਕ ਸਪਰੇ ਦਵਾਈਆਂ ਨੂੰ ਸੰਭਾਲਣ ਦਾ ਮੌਕਾ ਹੀ ਨਹੀ ਮਿਲਿਆ । ਕਿਸੇ ਵੀ ਪੱਕੇ ਪੁਲ ਦੀ ਅਣਹੋਂਦ ਵਿੱਚ ਇਹ ਕਿਸਾਨ ਹਰ ਸਾਲ ਡਰੰਮਾਂ ਦੇ ਜਗਾੜੂ ਪੁਲ ਰਾਹੀ ਅੱਧ ਜੂਨ ਤੱਕ ਹੀ ਸਮਾਨ ਦੀ ਢੋਆ ਢੁਆਈ ਕਰ ਸਕਦੇ ਸਨ। ਇਸ ਤੋਂ ਬਾਅਦ ਦਰਿਆ ਵਿੱਚ ਪਾਣੀ ਚੜ੍ਹਣ ਕਾਰਨ ਬੇੜਿਆਂ ਦੀ ਭਾਰੀ ਦਰਦਨਾਕ ਮੁਸ਼ੱਕਤ ਝੱਲਣੀ ਪੈਂਦੀ ਹੈ। ਮਿੱਥੇ ਨਿਸ਼ਾਨੇ ਤੇ ਖੇਤੀਬਾੜੀ ਦੇ ਸੰਦਾਂ ਦੀ ਪਹੁੰਚ ਆਸਾਨ ਬਣਾਉਣ ਬੇੜੇ ਨੂੰ ਰੱਸਿਆਂ ਰਾਹੀ ਦੋ- ਦੋ ਕਿਲੋਮੀਟਰ ਪਾਣੀ ਦੀ ਉਲਟ ਦਿਸ਼ਾ ਵਿੱਚ ਧੱਕ ਲਿਜਾਣ ਦਾ ਦ੍ਰਿਸ਼ ਅੱਖੀ ਵੇਖਦਿਆਂ ਤ੍ਰਾਹ ਨਿਕਲ ਜਾਦਾਂ ਹੈ।
ਇੱਕ ਪੱਖ ਨੂੰ ਗੈਰ ਰਾਜਨੀਤਕ ਦ੍ਰਿਸ਼ਟੀਕੋਣ ਤੋਂ ਵਿਚਾਰਦੇ ਹੋਏ ਲੋਕਾਂ ਦੇ ਜੁਬਾਨੀ ਸਾਹਮਣੇ ਪ੍ਰਮਾਣ ਬਣ ਰਿਹਾ ਹੈ ਕਿ ਅਕਾਲੀ ਸਰਕਾਰ ਦੇ 1997-2002 ਅਤੇ ਮੁੜ 2007-2017 ਦੇ ਕਾਰਜਕਾਲ ਦੌਰਾਨ ਇਹਨਾਂ ਦਰਿਆਵਾਂ ਦੇ ਪਾਣੀਆਂ ਨੂੰ ਜਾਂ ਕੁਦਰਤੀ ਆਫਤਾਂ ਨੂੰ ਸਿਆਣਪ ਨਾਲ ਨਜਿੱਠਿਆ ਗਿਆ ਸੀ। ਭਾਰੀ ਨੁਕਸਾਨ ਨੂੰ ਰੋਕਣ ਲਈ ਅਫਸਰਾਂ ਅਤੇ ਮੰਤਰੀਆਂ ਦੀ ਆਪਸੀ ਰਜ਼ਾਮੰਦਗੀ ਨਾਲ ਪਾਣੀ ਦਾ ਰੁਖ ਬਦਲ ਕੇ ਸਾਂਵੀ ਵੰਡ ਨਾਲ ਪਾਣੀ ਦਾ ਨਿਪਟਾਰਾ ਕੀਤਾ ਜਾਂਦਾ ਸੀ। ਸਤਲੁਜ ਦਰਿਆ ਦੇ ਲਹਿੰਦੇ-ਚੜ੍ਹਦੇ ਪੰਜਾਬ ਵੱਲ ਘੁਮਾਵਦਾਰ ਵਹਾਵ ਹੋਣ ਕਾਰਨ ਭਾਰਤੀ ਪੰਜਾਬ ਦੇ ਪਿੰਡਾਂ ਦੀ ਸੁਰੱਖਿਆ ਲਈ ਦਰਿਆ ਕਿਨਾਰੇ ਬੰਨ੍ਹ ਬਣਾਉਣ ਲਈ ਕਿਸੇ ਅਫਸਰ ਜਾਂ ਸਰਕਾਰ ਨੇ ਪਾਲਸੀ ਨਿਰਧਾਰਿਤ ਨਹੀ ਕੀਤੀ ਸਗੋਂ ਗੇੜੇ ਤੇ ਗੇੜਾ ਮਾਰ ਕੇ ਫੋਕੀਆਂ ਫੁਕਰੀਆਂ ਬਿਆਨਬਾਜ਼ੀਆਂ ਨੇ ਮੁਸੀਬਤ ਦੀ ਜੜ੍ਹ ਨੂੰ ਨਹੀ ਪਕੜਿਆ।
ਇਸ ਭਾਰੀ ਮਾਰ ਦੇ ਤਾਜ਼ੇ ਸਬਕ ਤੋਂ ਸੇਧ ਲੈਂਦਿਆਂ ਪਿੰਡ ਖੰਦਰ ਤੋਂ ਚੱਕ ਸ਼ਿਕਾਰਗਾਹ ਤੱਕ ਦੇ ਵਿਚਲੇ 15 ਕਿਲੋਮੀਟਰ ਦੇ ਵਕਫੇ ਨੂੰ ਪੱਕੇ ਪਥਰੀਲੇ ਰਸਤੇ ਰਾਹੀ ਰਿਹਾਇਸ਼ੀ ਅਤੇ ਦਰਿਆ ਦੇ ਚੜ੍ਹਦੇ ਪੰਜਾਬ ਵਾਲੇ ਪਾਸੇ ਵਾਲੀ ਜ਼ਮੀਨ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। ਤਸਵੀਰਾਂ ਦੀ ਜ਼ੁਬਾਨੀ ਖਾਕਾ ਖਿੱਚਦਿਆਂ ਗਜ਼ਨੀ ਵਾਲਾ ਦੀ ਚੌਕੀ ਨੇੜੇ ਇੱਕ ਬਣੇ ਕਥਿਤ ਸੈਲਫੀ ਪੁਆਇੰਟ ਉੱਪਰ ਖੜ੍ਹ ਕੇ ਜ਼ਿਲੇ ਦੇ ਆਹਲਾ ਅਫਸਰ ਸਮੇਤ ਰਾਜਨੀਤਕ ਨੱਕੋ- ਕੱਕ ਭਰੇ ਦਰਿਆ ਅਤੇ ਤਬਾਹ ਹੋਈਆਂ ਫਸਲਾਂ ਦਾ ਨਜ਼ਾਰਾ ਤੱਕਦੇ ਹਨ। ਲੋਕਾਂ ਸਾਹਮਣੇ ਕੇ ਪ੍ਰੈੱਸ ਰਾਹੀ ਮੇਮੋਠੱਗਣੀਆਂ ਵੋਟ ਬਟੋਰਨ ਵਾਲੀਆਂ ਬਿਆਨਬਾਜ਼ੀਆਂ ਕਰਕੇ ਉੱਚੀ ਸਾਰੀ ਸਾਇਰਨ ਵਜਾ ਕੇ ਜਨਤਾਂ ਨੂੰ ਰੱਬ ਆਸਰੇ ਉਡੀਕਣ ਲਈ ਛੱਡ ਜਾਂਦੇ ਹਨ।
ਇਲਾਕਾ ਨਿਵਾਸੀ ਨੇ ਰੰਜਿਸ਼ ਜਾਹਰ ਕੀਤੀ ਕਿ ਸਰਕਾਰ ਵੱਲੋ ਐਲਾਨਿਆਂ ਜਾ ਰਿਹਾ ਇਕੱਲੇ ਜਿਲ੍ਹੇ ਫਿਰੋਜ਼ਪੁਰ ਦੇ ਦਿੱਸੇ ਆਇਆ ਮੁਆਵਜ਼ਾ ਉਹਨਾਂ ਨੂੰ ਆਪਣੀ ਜ਼ਮੀਨ ਮੁੜ ਆਬਾਦ ਕਰਨ ਲਈ ਕੋਝਾ ਮਜ਼ਾਕ ਸਾਬਿਤ ਹੋਵੇਗਾ। ਕਿਉਕਿ ਇਕੱਲੇ ਦੋਨਾ ਮੱਤੜ ਦਾ 2000 ਏਕੜ, ਰਾਜਾ ਰਾਏ, ਗੱਟੀ ਮੱਤੜ ਦਾ 300-300 ਘੁਮਾ ਅਤੇ ਚੱਕ ਸ਼ਿਕਾਰਗਾਹ ਦਾ 100 ਏਕੜ ਜਮੀਨ ਇਸ ਕੁਦਰਤੀ ਕਰੋਪੀ ਦੀ ਮਾਰ ਹੇਠ ਆਇਆ ਹੈ। ਪਿੰਡਾਂ ਦੇ ਮੋਹਤਬਰ ਅਤੇ ਪੰਚ – ਸਰਪੰਚ ਰਾਜ ਸਰਕਾਰ ਦੇ ਨਾਲ –ਨਾਲ ਕੇਂਦਰ ਸਰਕਾਰ ਤੋਂ ਵੀ ਵਿਸ਼ੇਸ਼ ਭਰਪਾਈ ਦੀ ਮੰਗ ਕਰ ਰਹੇ ਹਨ।
ਪਾਣੀ ਦੀ ਮਾਰ ਰਾਹੀ ਅਸਲ ਤਸਵੀਰ ਅਗਲੀ ਵਿਸ਼ੇਸ਼ ਰਿਪੋਰਟ ਰਾਹੀ ਜ਼ਮੀਨੀ ਸਮੱਸਿਆਂਵਾਂ ਸਹਿਤ ਪੇਸ਼ ਜਲਦ ਪੇਸ਼ ਕੀਤੀ ਜਾਵੇਗੀ
ਫੋਟੋ ਕੈਪਸ਼ਨ: ਵੱਖ-ਵੱਖ ਤਸਵੀਰਾਂ ਰਾਹੀ ਝੋਨੇ ਦੀ ਫਸਲ ਦੀ ਅਬਾਹੀ ਦੇ ਦ੍ਰਿਸ਼ ਅਤੇ ਦਰਿਆ ਕਿਨਾਰੇ ਦੇ ਪਾਣੀ ਘਟਨ ਦੀ ਆਸ ਵਿੱਚ ਜੁੜੇ ਕਿਸਾਨ ਪਰਿਵਾਰ