Ferozepur News
ਸਕਾਰਾਤਮਕ ਸੋਚ ਨਾਲ ਲੰਮਾ ਸਮਾਂ ਕਾਇਮ ਰਹਿੰਦੀ ਹੈ ਜਵਾਨੀ – ਡਾ. ਸਤਿੰਦਰ ਸਿੰਘ
ਸਕਾਰਾਤਮਕ ਸੋਚ ਨਾਲ ਲੰਮਾ ਸਮਾਂ ਕਾਇਮ ਰਹਿੰਦੀ ਹੈ ਜਵਾਨੀ – ਡਾ. ਸਤਿੰਦਰ ਸਿੰਘ
ਮਨੁੱਖ ਦੇ ਜਨਮ ਤੋਂ ਲੈ ਕੇ ਬਚਪਨ ,ਕਿਸ਼ੋਰ ਅਵਸਥਾ, ਜਵਾਨੀ ,ਪਰਿਪੱਕਤਾ ਅਤੇ ਬੁਢਾਪਾ ਲੜੀਵਾਰ ਮਨੁੱਖ ਦੇ ਜੀਵਨ ਕਾਲ ਦੀਆਂ ਵੱਖ ਵੱਖ ਅਵਸਥਾਵਾਂ ਹਨ । ਜਿਨ੍ਹਾਂ ਵਿੱਚੋਂ ਗੁਜ਼ਰਦਾ ਹੋਇਆ ਮਨੁੱਖ ਆਪਣੀ ਜੀਵਨ ਯਾਤਰਾ ਮੁਕੰਮਲ ਕਰਦਾ ਹੈ। ਗੁਰਬਾਣੀ ਵਿੱਚ ਵੀ ਇਨ੍ਹਾਂ ਅਵਸਥਾਵਾਂ ਦਾ ਜ਼ਿਕਰ ਬਾਖ਼ੂਬੀ ਕੀਤਾ ਗਿਆ ਹੈ । ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥ ਬਿਰਧ ਅਵਸਥਾ ਮਨੁੱਖੀ ਜੀਵਨ ਦਾ ਆਖ਼ਰੀ ਪੜਾਅ ਹੈ । ਇਸ ਅਵਸਥਾ ਵਿੱਚ ਬਚਪਨ ਦਾ ਮਿਲਿਆ ਲਾਡ ਪਿਆਰ ਤੇ ਬੇਪ੍ਰਵਾਹੀ ਅਤੇ ਜਵਾਨੀ ਦੀ ਜ਼ਿੰਦਾਦਿਲੀ, ਜੋਸ਼ ਅਤੇ ਮੌਜ ਮਸਤੀ ਪੱਕੇ ਤੌਰ ਤੇ ਚਲੀ ਜਾਂਦੀ ਜਾਪਦੀ ਹੈ। ਬੁਢਾਪਾ ਤਾਂ ਅਵੱਛ ਭਾਵੀ ਹੈ, ਜੋ ਜਵਾਨੀ ਦੇ ਸੁਨਹਿਰੀ ਕਾਲ ਤੋਂ ਬਾਅਦ ਆਏਗਾ ਹੀ।
ਬਚਪਨ ਅਤੇ ਜਵਾਨੀ ਆਏਗੀ ਅਤੇ ਚਲੀ ਜਾਏਗੀ, ਪ੍ਰੰਤੂ ਬੁਢਾਪਾ ਮਨੁੱਖ ਨਾਲ ਅੰਤਿਮ ਸਮੇਂ ਤੱਕ ਸਾਥ ਨਿਭਾਉਂਦਾ ਹੈ। ਕੁਝ ਲੋਕ ਨਾਕਾਰਾਤਮਕ ਸੋਚ ਦੇ ਕਾਰਨ ਜੀਵਨ ਦੇ ਇਸ ਮਹੱਤਵਪੂਰਨ ਕਾਲ ਨੂੰ ਬੋਝ,ਬੇਬਸੀ,ਨਾ ਉਮੀਦੀ,ਜੀਵਨ ਦਾ ਕੋਈ ਅਰਥ ਨਹੀ,ਭੂਤਕਾਲ ਵਿੱਚ ਕੀਤੇ ਕੰਮਾਂ ਦੇ ਪਛਤਾਵੇ,ਨਿਰਾਸ਼ਾ,ਖੜੋਤ ,ਅਧੀਨਗੀ ਦਾ ਸਮਾ ਅਤੇ ਸਰਾਪ ਦੀ ਅਵਸਥਾ ਸਮਝਣ ਦੀ ਬਹੁਤ ਵੱਡੀ ਗ਼ਲਤੀ ਕਰ ਲੈਂਦੇ ਹਨ । ਮਨੁੱਖ ਦੀ ਇਸ ਅਵਸਥਾ ਸਬੰਧੀ ਅਜਿਹੀ ਸੋਚ ਹੀ,ਉਸ ਵਿਚ ਨਿਰਾਸ਼ਾ ਦੀ ਭਾਵਨਾ ਪੈਦਾ ਕਰ ਦਿੰਦੀ ਹੈ । ਜੋ ਉਸ ਦੇ ਮਨੋਵਿਗਿਆਨਿਕ ਅਤੇ ਮਾਨਸਿਕ ਵਿਕਾਸ ਵਿੱਚ ਵੱਡੀ ਰੁਕਾਵਟ ਬਣਦੀ ਹੈ । ਮਨੁੱਖ ਦਾ ਬੁਢਾਪਾ ਉਮਰ ਨਾਲ ਨਹੀਂ ਨਿਰਾਸ਼ਾਵਾਦੀ ਸੋਚ ਦੇ ਕਾਰਨ ਜਲਦੀ ਆਉਂਦਾ ਹੈ ।ਅਨੇਕਾਂ ਲੋਕ ਸੇਵਾਮੁਕਤੀ ਦੀ ਉਮਰ ਨਜ਼ਦੀਕ ਆਉਂਦੇ ਹੀ ,ਹਰ ਕਿਸਮ ਦੇ ਜ਼ਿੰਮੇਵਾਰੀ ਵਾਲੇ ਕੰਮ ਤੋਂ ਦੂਰ ਹੋਣਾ ਸ਼ੁਰੂ ਕਰ ਲੈਂਦੇ ਹਨ । ਜੀਵਨ ਕਾਲ ਦੀ ਸਮਾਪਤੀ ਸਬੰਧੀ ਸੋਚਣ ਲੱਗਦੇ ਹਨ, ਜਦ ਕਿ ਆਸ਼ਾਵਾਦੀ ਲੋਕ ਸੇਵਾ ਮੁਕਤੀ ਤੋਂ ਬਾਅਦ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਨਵਾਂ ਪੜਾਅ ਸਮਝ ਕੇ ਬੜੇ ਹੀ ਖੁਸ਼ਗਵਾਰ ਤਰੀਕੇ ਨਾਲ ਕਰਦੇ ਹਨ । ਸਾਡੇ ਸਮਾਜ ਵਿੱਚ ਅਨੇਕਾਂ ਅਜਿਹੀਆਂ ਉਦਾਹਰਨਾਂ ਹਨ , ਜਿਨ੍ਹਾਂ ਨੇ 60 ਸਾਲ ਦੀ ਉਮਰ ਤੋਂ ਬਾਅਦ ਸਮਾਜਿਕ, ਧਾਰਮਿਕ ,ਰਾਜਨੀਤਿਕ ,ਸਾਹਿਤ, ਪੱਤਰਕਾਰਤਾ ਅਤੇ ਕਲਾ ਦੇ ਖੇਤਰ ਵਿੱਚ ਅਜਿਹੀਆਂ ਮੱਲਾਂ ਮਾਰੀਆਂ ਜੋ ਦੂਸਰਿਆਂ ਲਈ ਪ੍ਰੇਰਨਾਦਾਇਕ ਹਨ । ਬਿਰਧ ਅਵਸਥਾ ਦੀਆਂ ਕੁਝ ਸਰੀਰਕ ਪੱਖ ਤੋਂ ਕਮਜ਼ੋਰੀਆਂ ਜ਼ਰੂਰ ਹੋ ਸਕਦੀਆਂ ਹਨ ,ਪ੍ਰੰਤੂ ਇਸ ਅਵਸਥਾ ਦੀ ਮਹਿਮਾ , ਸੁੰਦਰਤਾ ਅਤੇ ਬੁੱਧੀਮਤਾ ਵਿਲੱਖਣ ਹੁੰਦੀ ਹੈ । ਇਸ ਤੋਂ ਵੀ ਵੱਧ ਨੈਤਿਕ ਅਤੇ ਰੂਹਾਨੀ ਸ਼ਕਤੀ ਵੀ ਬੇਮਿਸਾਲ ਇਸ ਅਵਸਥਾ ਵਿੱਚ ਹੀ ਦੇਖਣ ਨੂੰ ਮਿਲਦੀ ਹੈ । ਡਾ. ਨਰਿੰਦਰ ਸਿੰਘ ਕਪੂਰ ਦੇ ਅਨੁਸਾਰ ਤੁਹਾਡਾ ਬੁਢਾਪਾ ਕਿਹੋ ਜਿਹਾ ਹੋਵੇਗਾ , ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਬੁਢਾਪੇ ਸਬੰਧੀ ਤੁਹਾਡਾ ਦ੍ਰਿਸ਼ਟੀਕੋਣ ਕਿਹੋ ਜਿਹਾ ਹੈ ? ਇਹ ਤੁਹਾਡੀ ਸਮੁੱਚੀ ਜੀਵਨ ਵਿਉਂਤ ਤੇ ਨਿਰਭਰ ਕਰਦਾ ਹੈ ਕਿ ਬੁਢਾਪਾ ਸਰਾਪ ਹੋਵੇਗਾ ਜਾਂ ਵਰਦਾਨ ।
ਇਸ ਲੇਖ ਦਾ ਉਦੇਸ਼ ਵੀ ਬਿਰਧ ਅਵਸਥਾ ਨੂੰ ਵਰਦਾਨ ਬਨਾਉਣ ਲਈ ਪ੍ਰੇਰਿਤ ਕਰਨਾ ਹੈ। ਬਜ਼ੁਰਗ ਦਾ ਫਾਰਸੀ ਅਰਥ ‘ਵੱਡਾ’ ਹੁੰਦਾ ਹੈ । ਅਰਥਾਤ ਜੋ ਤਜਰਬੇਕਾਰ ,ਸਿਆਣਾ ਅਤੇ ਸੂਝਵਾਨ ਹੋਵੇ । ਬਜ਼ੁਰਗਾਂ ਕੋਲ ਆਪਣੇ ਜੀਵਨ ਅਤੇ ਜੀਵਨ ਜਿਉਣ ਦਾ ਵਿਸ਼ਾਲ ਨਿੱਜੀ ਤਜਰਬਾ ਹੁੰਦਾ ਹੈ । ਇਸ ਤੋਂ ਵੀ ਵੱਧ ਆਰਥਿਕ, ਸਮਾਜਿਕ ਅਤੇ ਪਰਿਵਾਰਿਕ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਦੀ ਸੂਝ ਬੂਝ ਵੀ ਹੁੰਦੀ ਹੈ । ਇਹਨਾਂ ਨੇ ਜੀਵਨ ਦੇ ਲੰਬੇ ਸਫ਼ਰ ਵਿੱਚ ਬਹੁਤ ਕੁਝ ਅੱਖੀਂ ਦੇਖਿਆ, ਕੰਨਾਂ ਨਾਲ ਸੁਣਿਆ , ਅਤੇ ਹੱਥੀਂ ਬਹੁਤ ਕੁਝ ਕੀਤਾ ਹੁੰਦਾ ਹੈ। ਇਸੇ ਕਾਰਨ ਹੀ ਉਨ੍ਹਾਂ ਦਾ ਇਸ ਅਵਸਥਾ ਵਿੱਚ ਮਾਨਸਿਕ ਵਿਕਾਸ ਚਰਮ ਸੀਮਾ ਤੇ ਹੁੰਦਾ ਹੈ। ਕੁਝ ਅਪਵਾਦਾਂ ਨੂੰ ਛੱਡ ਕੇ ਜਿੰਨਾ ਕੋਈ ਬਜ਼ੁਰਗ ਹੋਵੇਗਾ ਉਸ ਦਾ ਬੋਲਚਾਲ ,ਗੱਲਬਾਤ ਅਤੇ ਵਤੀਰਾ ਅਸਰਦਾਰ ਹੋਵੇਗਾ। ਬਜ਼ੁਰਗਾਂ ਦਾ ਇਹ ਵਿਸ਼ਾਲ ਸਮੁੰਦਰ ਰੂਪੀ ਤਜਰਬਾ ਜਿੱਥੇ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਅਤੇ ਵਰਦਾਨ ਸਾਬਿਤ ਹੋ ਸਕਦਾ ਹੈ , ਉੱਥੇ ਬੱਚਿਆਂ ਲਈ ਜ਼ਰੂਰੀ ਚੀਜ਼ ਸਨੇਹ, ਪਿਆਰ ,ਪਰਿਵਾਰਿਕ ਸਾਂਝ ਅਤੇ ਰਿਸ਼ਤਿਆਂ ਦੀ ਮਹੱਤਤਾ ਤੋਂ ਇਲਾਵਾ ਉਨ੍ਹਾਂ ਦੇ ਨੈਤਿਕ ਅਤੇ ਸਮਾਜਿਕ ਵਿਕਾਸ ਵਿੱਚ ਬੇਮਿਸਾਲ ਯੋਗਦਾਨ ਪਾ ਸਕਦਾ ਹੈ। ਪ੍ਰੰਤੂ ਵੱਧਦੀ ਪਦਾਰਥਵਾਦੀ ਸੋਚ ਅਤੇ ਟੁੱਟਦੇ ਸਾਂਝੇ ਪਰਿਵਾਰਾਂ ਦੇ ਕਾਰਨ ਬਜ਼ੁਰਗਾਂ ਦਾ ਘੱਟਦਾ ਸਤਿਕਾਰ ਬੇਹੱਦ ਦੁਖਦਾਈ ਅਤੇ ਚਿੰਤਾ ਦਾ ਵਿਸ਼ਾ ਹੈ। ਹਰ ਉਮਰ ਦੀ ਸੋਚ ਵੱਖਰੀ ਹੁੰਦੀ ਹੈ । ਜੀਵਨ ਜਾਚ ਤਜਰਬੇ ਨਾਲ ਆਉਂਦੀ ਹੈ । ਮਗਰ ਮੌਜੂਦਾ ਨੌਜਵਾਨ ਆਪਣੇ ਆਪ ਨੂੰ ਬੁੱਧੀਮਾਨ ਸਮਝਣ ਲੱਗ ਪੈਂਦੇ ਹਨ। ਜਿਸ ਨਾਲ ਮੌਜੂਦਾ ਦੌਰ ਵਿੱਚ ਬਜ਼ੁਰਗਾਂ ਦੇ ਸਤਿਕਾਰ ਵਿੱਚ ਵੀ ਵੱਡੀ ਕਮੀ ਆਈ ਹੈ। ਬਜ਼ੁਰਗਾਂ ਦੇ ਸੁੱਖ ਦਾ ਆਧਾਰ ਹੀ ਉਨ੍ਹਾਂ ਦਾ ਸਤਿਕਾਰ ਹੈ। ਬਜ਼ੁਰਗਾਂ ਦਾ ਇਕੱਲਾਪਣ ਅੱਜ ਇਕ ਵਿਸ਼ਵ ਵਿਆਪੀ ਬਹੁਤ ਵੱਡੀ ਸਮੱਸਿਆ ਬਣ ਚੁੱਕਿਆ ਹੈ । ਖ਼ਾਸ ਤੌਰ ਤੇ ਵਪਾਰ ਅਤੇ ਨੌਕਰੀ ਤੋਂ ਸੇਵਾਮੁਕਤੀ ਦੇ ਬਾਅਦ ਦੋਸਤ ਮਿੱਤਰ ਸਹਿ ਕਰਮੀ ਅਤੇ ਸਮਾਜਿਕ ਰਿਸ਼ਤੇ ਘੱਟ ਜਾਂਦੇ ਹਨ। ਜਿਸ ਨਾਲ ਮਨੁੱਖ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰਨ ਲੱਗ ਪੈਂਦਾ ਹੈ ।
ਕੁਝ ਨਿਰਾਸ਼ਾਵਾਦੀ ਲੋਕ ਜੀਵਨ ਦੇ ਅਰਥ ਭੁੱਲ ਖੁਸ਼ੀਆਂ ਤੋਂ ਦੂਰ ਹੋ ਜਾਂਦੇ ਹਨ । ਜਿਸ ਨਾਲ ਸੋਚ ਤੇ ਵਿਸਵਾਸ਼ ਬਦਲਣ ਲੱਗਦੇ ਹਨ। ਜਦ ਕਿ ਜ਼ਿੰਦਗੀ ਵਿੱਚ ਸਭ ਨੇ ਸੇਵਾਮੁਕਤ ਹੋਣਾ ਹੀ ਹੈ, ਇਹ ਜ਼ਿੰਦਗੀ ਦੀ ਅਟੱਲ ਸਚਾਈ ਹੈ ਤੁਹਾਡੇ ਨਾਲ ਦੁਨੀਆਂ ਤੋਂ ਕੁਝ ਵੱਖਰਾ ਨਹੀਂ ਵਾਪਰਿਆ । ਇਸ ਲਈ ਭਵਿੱਖ ਦੀ ਚਿੰਤਾ ਛੱਡ ਹਮੇਸ਼ਾਂ ਕਿਰਿਆਸ਼ੀਲ ਰਹਿਣ ਦੀ ਕੋਸ਼ਿਸ਼ ਕਰਦੇ ਹੋਏ , ਜ਼ਿੰਦਗੀ ਦੇ ਵਡਮੁੱਲੇ ਤਜਰਬਿਆਂ ਦੇ ਆਧਾਰ ਤੇ ਜ਼ਿੰਦਗੀ ਦੇ ਇਸ ਪੜਾਅ ਵਿੱਚ ਵੀ ਕੁਝ ਅਲੱਗ ਕਰ ਗੁਜ਼ਰਨ ਦਾ ਜਜ਼ਬਾ ਪੈਦਾ ਕਰਨਾ ਚਾਹੀਦਾ ਹੈ । ਜਦੋ ਤੱਕ ਜਿੰਦਗੀ ਵਿੱਚ ਹਰ ਰੋਜ ਕੁਝ ਨਵਾ ਸਿੱਖਣ ਦੇ ਯਤਨ ਕਰਦੇ ਰਹਿੰਦੇ ਹਾ ਤਾ ਸਾਡਾ ਦਿਮਾਗ਼ ਨੌਜਵਾਨ ਰਹਿੰਦਾ ਹੈ। ਜੇ ਦਿਮਾਗ਼ ਨੌਜਵਾਨ ਹੈ ਤਾਂ ਸਰੀਰ ਆਪਣੇ ਆਪ ਹੀ ਨੌਜਵਾਨ ਮਹਿਸੂਸ ਕਰੇਗਾ ।
ਜਿੰਦਗੀ ਦੇ ਇਸ ਪੜਾਅ ਤੇ ਆ ਕੇ ਸ਼ਿਕਾਇਤ ,ਮੁਕਾਬਲਾ ਅਤੇ ਤੁਲਨਾ ਕਰਨ ਦੀ ਥਾ ਜੇ ਰਚਨਾਤਮਕ ਕੰਮ ਕੀਤੇ ਜਾਨ ਤਾ ਬੁਢਾਪਾ ਆਨੰਦ ਅਤੇ ਖੁਸ਼ੀ ਪ੍ਰਦਾਨ ਕਰੇਗਾ । ਜ਼ਿੰਦਗੀ ਜਿਊਣ ਦੇ ਕੁਝ ਅਜਿਹੇ ਗੁਣ ਪਹਿਲਾਂ ਹੀ ਆਪਣੇ ਵਿੱਚ ਪੈਦਾ ਕਰਨੇ ਚਾਹੀਦੇ ਹਨ , ਜੋ ਨਾ ਕਦੇ ਮਰਦੇ ਹਨ ਤੇ ਨਾ ਹੀ ਖਤਮ ਹੁੰਦੇ ਹਨ। ਜਿਨ੍ਹਾਂ ਵਿੱਚ ਪਿਆਰ ਦੀ ਭਾਵਨਾ, ਸ਼ਾਂਤੀ ,ਸਬਰ ਸੰਤੋਖ, ਅਨੰਦ ,ਸੁੰਦਰਤਾ, ਸਹਿਣਸ਼ੀਲਤਾ ,ਲੋਭ ਲਾਲਚ ਦਾ ਤਿਆਗ , ਸੁਣਨ ਦੀ ਸ਼ਕਤੀ, ਛਲ ਕਪਟ ਅਤੇ ਈਰਖਾ ਤੋਂ ਦੂਰ ਰਹਿਣਾ ਅਤੇ ਸਮਾਜ ਵਿੱਚ ਹਰ ਜ਼ਰੂਰਤਮੰਦ ਦੇ ਦਰਦ ਨੂੰ ਸਮਝ ਕੇ ਆਪਣੀ ਸਮਰੱਥਾ ਅਨੁਸਾਰ ਮੱਦਦ ਕਰਨ ਦੇ ਗੁਣ, ਜਿੱਥੇ ਮਨੁੱਖ ਨੂੰ ਮਹਾਨ ਬਣਾਉਂਦੇ ਹਨ, ਉੱਥੇ ਬਿਰਧ ਅਵਸਥਾ ਨੂੰ ਆਨੰਦਮਈ ਵੀ ਬਨਾਉਦੇ ਹਨ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ। ਇਨ੍ਹਾਂ ਦਾ ਸਤਿਕਾਰ ਭਰੀ ਜ਼ਿੰਦਗੀ ਜਿਉਣਾ ਅਤੇ ਚੜ੍ਹਦੀ ਕਲਾ ਵਿੱਚ ਰਹਿਣਾ ਸਮਾਜ ਦੀ ਤਰੱਕੀ ਲਈ ਬੇਹੱਦ ਜ਼ਰੂਰੀ ਹੈ। ਇਸ ਲਈ ਜਿਥੇ ਨੌਜਵਾਨ ਪੀੜ੍ਹੀ ਉਨ੍ਹਾਂ ਨੂੰ ਬਨਦਾ ਮਾਨ ਸਤਿਕਾਰ ਦੇਣਾ ਜਰੂਰੀ ਹੈ ਸਮਝੇ ,ਉਥੇ ਬਜ਼ੁਰਗ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਕਿਰਿਆਸ਼ੀਲ ਰਹਿਣ ਅਤੇ ਸਕਾਰਾਤਮਕ ਸੋਚ ਰੱਖਦੇ ਹੋਏ ਬਿਰਧ ਅਵਸਥਾ ਨੂੰ ਵਰਦਾਨ ਬਣਾਉਣ।
ਡਾ. ਸਤਿੰਦਰ ਸਿੰਘ ਸਟੇਟ ਅਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਧਵਨ ਕਲੋਨੀ ਫਿਰੋਜ਼ਪੁਰ ਸ਼ਹਿਰ 9815427554