Ferozepur News

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਆਦਿ ਸੰਸਥਾਵਾਂ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਨਮ ਦਿਵਸ

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਆਦਿ ਸੰਸਥਾਵਾਂ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਨਮ ਦਿਵਸ
– ਸ਼ਹੀਦ ਭਗਤ ਸਿੰਘ ਦੀ ਭਾਣਜੀ ਬੀਬੀ ਗੁਰਜੀਤ ਕੌਰ ਡੱਟ ਦੀ ਅਗਵਾਈ ਹੇਠ ਕੱਢਿਆ ਗਿਆ ਜਾਗਰੂਕਤਾ ਮਾਰਚ
ਫ਼ਿਰੋਜ਼ਪੁਰ, 28 ਸਤੰਬਰ ()- ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਪੂਰੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਉੱਘੇ ਬੁੱਧੀਜੀਵੀ ਡਾ: ਰਮੇਸ਼ਵਰ ਸਿੰਘ ਕਟਾਰਾ ਕੌਮੀ ਰਾਜ ਪੁਰਸਕਾਰ ਪ੍ਰਾਪਤ ਵਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਝਾਤ ਪਾਉਂਦੇ ਹੋਏ ਉਨ੍ਹਾਂ ਦੀਆਂ ਕ੍ਰਾਂਤੀਕਾਰੀ ਸਰਗਰਮੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਸਮਾਗਮਾਂ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਭਾਣਜੀ ਬੀਬੀ ਗੁਰਜੀਤ ਕੌਰ ਡੱਟ ਦੀ ਅਗਵਾਈ ਹੇਠ ਜਾਗਰੂਕਤਾ ਮਾਰਚ ਕੱਢਿਆ ਗਿਆ, ਜਿੱਥੇ ਨੌਜਵਾਨ ਸਕੂਟਰ, ਮੋਟਰਸਾਈਕਲਾਂ ’ਤੇ ਸਵਾਰ ਹੋ ਬਸੰਤੀ ਦਸਤਾਰਾਂ ਸਜਾ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਅੱਗੇ-ਅੱਗ ਚੱਲ ਰਹੇ ਸਨ, ਉਥੇ ਵੱਡੀ ਗਿਣਤੀ ’ਚ ਆਂਗਣਵਾੜੀ ਵਿਭਾਗ ਤੋਂ ਵੀ ਵਰਕਰਾਂ ਅਤੇ ਹੈਲਪਰਾਂ ਨੇ ਬਸੰਤੀ ਦੁਪੱਟੇ ਲੈ ਰੈਲੀ ’ਚ ਸ਼ਿਰਕਤ ਕਰਦਿਆਂ ਪੋਸ਼ਣ ਮਾਹ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਮਾਰਚ ਨੂੰ ਰਣਜੀਤ ਸਿੰਘ ਭੁੱਲਰ ਐੱਸ.ਡੀ.ਐਮ. ਜ਼ੀਰਾ ਵਲੋਂ ਬਸੰਤੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ, ਜਿਸ ਦੇ ਸ਼ਹੀਦ ਪਾਈਲਟ ਚੌਂਕ ਪਹੁੰਚਣ ਸਮੇਂ ਧਰਮਜੀਤ ਸਿੰਘ ਹੌਂਡਾ ਵਾਲੇ ਦੀ ਅਗਵਾਈ ਹੇਠ, ਡੀ.ਸੀ. ਮਾਡਲ ਸਕੂਲ ਸਾਹਮਣੇ ਪ੍ਰਿੰਸੀਪਲ ਰਾਖੀ ਠਾਕੁਰ, ਵਾਈਸ ਪ੍ਰਿੰਸੀਪਲ ਅਸ਼ਵਨੀ ਅਰੋੜਾ ਦੀ ਅਗਵਾਈ ਹੇਠ, ਮਨੋਹਰ ਲਾਲ ਸਕੂਲ ਸਾਹਮਣੇ ਪ੍ਰਿੰਸੀਪਲ ਅਨਿਲ ਕੁਮਾਰ ਗਰਗ ਦੀ ਅਗਵਾਈ ਹੇਠ, ਗੁਰੂ ਨਾਨਕ ਕਾਲਜ ਸਾਹਮਣੇ ਚੇਅਰਮੈਨ ਰਤਿੰਦਰ ਸਿੰਘ ਨੀਲ ਸਾਂਈਂਆਂ ਵਾਲਾ ਅਤੇ ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ੀਸ਼ਪ੍ਰੀਤ ਸਿੰਘ ਸਾਂਈਆਂਵਾਲਾ ਦੀ ਅਗਵਾਈ ਹੇਠ, ਮਾਨਵ ਮੰਦਿਰ ਸਕੂਲ ਸਾਹਮਣੇ ਗੌਰਵ ਭਾਸਕਰ ਦੀ ਅਗਵਾਈ ਹੇਠ, ਪ੍ਰੈੱਸ ਕਲੱਬ ਪ੍ਰਧਾਨ ਪਰਮਿੰਦਰ ਥਿੰਦ, ਚੇਅਰਮੈਨ ਹਰਚਰਨ ਸਿੰਘ ਸਾਮਾ ਦੀ ਅਗਵਾਈ ਹੇਠ ਪੱਤਰਕਾਰ ਭਾਈਚਾਰੇ ਵਲੋਂ ਸਵਾਗਤ ਕਰਕੇ ਜਿੱਥੇ ਸ਼ਹੀਦਾਂ ਨੂੰ ਫੁੱਲ ਅਰਪਿਤ ਕੀਤੇ ਗਏ, ਉਥੇ ਬੀਬੀ ਗੁਰਜੀਤ ਕੌਰ ਨੂੰ ਸਨਮਾਨੇ ਜਾਣ ਉਪਰੰਤ ਖ਼ੁਸ਼ੀ ’ਚ ਲੱਡੂ ਵੀ ਵੰਡੇ ਗਏ। ਸ਼ਹੀਦ ਊਧਮ ਸਿੰਘ ਚੌਂਕ ਪਹੁੰਚ ਕੇ ਬੀਬੀ ਗੁਰਜੀਤ ਕੌਰ ਵਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸਿੱਜਦਾ ਕੀਤਾ। ਸ਼ਹੀਦ ਊਧਮ ਸਿੰਘ ਚੌਂਕ ਵਿਖੇ ਗੁਰੂ ਨਾਨਕ ਭਲਾਈ ਮਿਸ਼ਨ ਵਲੋਂ ਪ੍ਰਧਾਨ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ, ਸਰਕੁਲਰ ਰਾਧੇ-ਰਾਧੇ ਵੈੱਲਫੇਅਰ ਸੁਸਾਇਟੀ ਅਤੇ ਵਪਾਰ ਮੰਡਲ ਵਲੋਂ ਪ੍ਰਧਾਨ ਚੰਦਰ ਮੋਹਨ ਹਾਂਡਾ ਦੀ ਅਗਵਾਈ ਹੇਠ, ਇਕਲਵ ਵਿਦਿਆਲਾ ਵਲੋਂ ਪ੍ਰਵੀਨ ਤਲਵਾੜ, ਰਮੇਸ਼ ਅਗਰਵਾਲ ਦੀ ਅਗਵਾਈ ਹੇਠ, ਬਾਗ਼ਬਾਨ ਦੇ ਬਾਹਰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਪ੍ਰਧਾਨ ਪੀ.ਡੀ. ਸ਼ਰਮਾ ਦੀ ਅਗਵਾਈ ਹੇਠ, ਮਖੂ ਗੇਟ ਵਿਖੇ ਸ੍ਰੀ ਹਜ਼ੂਰ ਸਾਹਿਬ ਜਥਾ ਕਮੇਟੀ ਵਲੋਂ ਗੁਰਚਰਨ ਸਿੰਘ ਚੰਨਾ ਦੀ ਅਗਵਾਈ ਹੇਠ, ਬਾਂਸੀ ਗੇਟ ਵਿਖੇ ਬੱਬੂ ਨਾਗਪਾਲ, ਗੁਰਮੇਜ ਸਿੰਘ, ਮੌਂਟੀ ਦੀ ਅਗਵਾਈ ਹੇਠ, ਸਰਕੁਲਰ ਰੋਡ ’ਤੇ ਬਲਰਾਜ ਸਿੰਘ ਨੰਬਰਦਾਰ, ਸ਼ਮਸ਼ੇਰ ਸਿੰਘ ਆਦਿ ਦੀ ਅਗਵਾਈ ਹੇਠ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅਕਾਲਗੜ੍ਹ ਦੀ ਪ੍ਰਬੰਧਕ ਕਮੇਟੀ ਵਲੋਂ ਚੇਅਰਮੈਨ ਕਸ਼ਮੀਰ ਸਿੰਘ ਨੰਢਾ, ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ, ਸਾਂਈ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਕੂਲ ਸਟਾਫ਼ ਅਤੇ ਪ੍ਰਬੰਧਕ ਕਮੇਟੀ ਵਲੋਂ ਪ੍ਰਿੰਸੀਪਲ ਸੁਨੀਲ ਮੋਂਗਾ ਦੀ ਅਗਵਾਈ ਹੇਠ ਜ਼ੋਰਦਾਰ ਸਵਾਗਤ ਕੀਤਾ ਗਿਆ। ਮੁਲਤਾਨੀ ਗੇਟ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਦੀ ਅਗਵਾਈ ਹੇਠ ਕੀਤੇ ਗਏ ਸਵਾਗਤੀ ਸਮਾਰੋਹ ਸਮੇਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਵਿਜੇ ਅਟਵਾਲ ਆਦਿ ਭਾਜਪਾਈ ਆਗੂਆਂ ਨੇ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਬੀਬੀ ਗੁਰਜੀਤ ਕੌਰ ਨੂੰ ਸਨਮਾਨਿਤ ਕੀਤਾ। ਪਿੰਡ ਬਾਰੇ ਕੇ ਵਿਖੇ ਸਾਬਕਾ ਸਰਪੰਚ ਬਖ਼ਸ਼ੀਸ਼ ਸਿੰਘ ਬਾਰੇਕੇ, ਡਾ: ਜੋਬਨ ਦੀ ਅਗਵਾਈ ਹੇਠ, ਸ਼ਹੀਦ ਭਗਤ ਸਿੰਘ ਗੁਰਦੁਆਰਾ ਹੁਸੈਨੀਵਾਲਾ ਵਰਕਸ਼ਾਪ ਵਿਖੇ ਬੁੱਧੀਜੀਵੀ ਮਦਨ ਸ਼ਰਮਾ ਦੀ ਅਗਵਾਈ ਹੇਠ, ਸਰਕਾਰੀ ਪ੍ਰਾਇਮਰੀ ਸਕੂਲ ਹੁਸੈਨੀਵਾਲਾ ਵਰਕਸ਼ਾਪ ਦੇ ਸਟਾਫ਼ ਅਤੇ ਬੱਚਿਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਸ਼ਹੀਦੀ ਸਮਾਰਕਾਂ ’ਤੇ ਪਹੁੰਚ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਕਾਫ਼ਲੇ ਵਲੋਂ ਆਕਾਸ਼ ਗੁੰਜਾਊ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਸਮੇਂ ਸੁਸਾਇਟੀ ਆਗੂ ਵਰਿੰਦਰ ਸਿੰਘ ਵੈਰੜ, ਪ੍ਰੇਮਪਾਲ ਸਿੰਘ ਢਿੱਲੋਂ ਸੁਰਸਿੰਘ, ਗੁਰਮੀਤ ਸਿੰਘ ਸਿੱਧੂ, ਹਰਦੇਵ ਸਿੰਘ ਸੰਧੂ ਮਹਿਮਾ, ਪੁਸ਼ਪਿੰਦਰ ਸਿੰਘ ਸ਼ੈਰੀ ਸੰਧੂ ਆਦਿ ਆਗੂਆਂ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੀ ਸੋਚ ਤੋਂ ਜਾਣੂੰ ਕਰਵਾਉਣਾ ਦਾ ਪ੍ਰਣ ਲਿਆ। 
ਵੱਖ-ਵੱਖ ਜਥੇਬੰਦੀਆਂ ਵਲੋਂ ਬੀਬੀ ਗੁਰਜੀਤ ਕੌਰ ਡੱਟ ਦਾ ਸਨਮਾਨ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਮਨਾਏ ਜਾ ਰਹੇ ਜਨਮ ਦਿਵਸ ਸਮਾਗਮਾਂ ’ਚ ਪਹੁੰਚੇ ਬੀਬੀ ਗੁਰਜੀਤ ਕੌਰ ਡੱਟ ਦਾ ਜ਼ੋਰਦਾਰ ਸਵਾਗਤ ਕਰਦਿਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਮਹਿਮਾ, ਸਾਬਕਾ ਸੈਨਿਕ ਯੂਨੀਅਨ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਸੂਬੇਦਾਰ ਧੀਰਾ ਸਿੰਘ, ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਸਰਵਿਸਿਜ਼ ਵਲੋਂ ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ, ਟੀਚਰ ਕਲੱਬ ਵਲੋਂ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਜੋਸਨ, ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫ਼ਿਰੋਜ਼ਪੁਰ ਵਲੋਂ ਪ੍ਰਧਾਨ ਸੁਭਾਸ਼ ਸ਼ਰਮਾ, ਨਾਰਦਨ ਰੇਲਵੇ ਮੈਨਜ ਯੂਨੀਅਨ ਵਲੋਂ ਪ੍ਰਧਾਨ ਸੁਰਿੰਦਰ ਸਿੰਘ, ਪੰਜਾਬ ਮਨਿਸਟੀਰਿਅਲ ਸਰਵਿਸਿਜ਼ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ, ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਮਲਕੀਤ ਚੰਦ, ਸਟੇਟ ਕਰਮਚਾਰੀ ਦਲ ਵਲੋਂ ਬਰਾਂਚ ਪ੍ਰਧਾਨ ਗੁਰਮੀਤ ਸਿੰਘ, ਪੰਜਾਬ ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਾਰੇਕੇ, ਪੀ.ਡਬਲਯੂ.ਡੀ. ਫ਼ੀਲਡ ਤੇ ਵਰਕਸ਼ਾਪ ਯੂਨੀਅਨ ਵਲੋਂ ਪ੍ਰਧਾਨ ਬਲਬੀਰ ਸਿੰਘ, ਸਿੱਖ ਸਟੂਡੈਂਟਸ ਮਹਿਤਾ ਵਲੋਂ ਕੌਮੀ ਜਨਰਲ ਸਕੱਤਰ ਭਾਈ ਜਸਪਾਲ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਗੋਲਡੀ ਜ਼ੀਰਾ, ਫੈਡਰੇਸ਼ਨ ਗਰੇਵਾਲ ਵਲੋਂ ਸ਼ਹਿਰੀ ਸਰਕਲ ਪ੍ਰਧਾਨ ਮਨਪ੍ਰੀਤ ਸਿੰਘ ਖਾਲਸਾ, ਯੂਥ ਅਕਾਲੀ ਦਲ ਵਲੋਂ ਪਰਮਜੀਤ ਸਿੰਘ ਪੰਮਾ ਉਸਮਾਨ ਵਾਲਾ ਅਤੇ ਜਸਵੀਰ ਸਿੰਘ ਜੱਸਾ ਭੈਣੀਵਾਲਾ ਦੀ ਅਗਵਾਈ ਹੇਠ ਸਾਥੀਆਂ ਸਮੇਤ ਪਹੁੰਚ ਬੀਬੀ ਗੁਰਜੀਤ ਕੌਰ ਡੱਟ ਨੂੰ ਸਨਮਾਨਿਤ ਕੀਤਾ। 
ਖਟਕਲ ਕਲਾਂ ਤੋਂ ਮਿੱਟੀ ਲਿਆ ਲਗਾਇਆ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸਮਰਪਿਤ ਤ੍ਰਿਵੇਣੀ ਬੂਟਾ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਸ਼ਹੀਦ ਭਗਤ ਸਿੰਘ ਸੁਸਾਇਟੀ ਵਲੋਂ ਸ਼ੁੱਧ ਆਬੋ ਹਵਾ ਅਤੇ ਇਲਾਕੇ ਨੂੰ ਹਰਿਆ-ਭਰਿਆ ਰੱਖਣ ਦਾ ਸੰਦੇਸ਼ ਦੇਣ ਲਈ ਬੀਤੇ ਦਿਨ ਸੁਸਾਇਟੀ ਆਗੂ ਸੋਹਣ ਸਿੰਘ ਸੋਢੀ ਦੀ ਅਗਵਾਈ ਹੇਠ ਹੁਸੈਨੀਵਾਲਾ ਸਮਾਰਕ ਤੋਂ ਇਨਕਲਾਬ ਸਾਈਕਲ ਯਾਤਰਾ ਸ਼ੁਰੂ ਕਰ ਖਟਕਲ ਕਲਾਂ ਤੋਂ ਮਿੱਟੀ ਲਿਆ ਅੱਜ ਯਾਤਰਾ ਵਾਪਸ ਪਹੁੰਚੀ, ਜਿਸ ਦਾ ਫ਼ਿਰੋਜ਼ਪੁਰ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਹੁਸੈਨੀਵਾਲਾ ਸਮਾਰਕਾਂ ’ਤੇ ਖਟਕਲ ਕਲਾਂ ਤੋਂ ਲਿਆਂਦੀ ਮਿੱਟੀ ਟੋਇਆਂ ’ਚ ਪਾ ਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸਮਰਪਿਤ ਨਿੰਮ, ਬੋਹੜ ਅਤੇ ਪਿੱਪਲ ਦਰਖ਼ਤ ਦਾ ਤ੍ਰਿਵੇਣੀ ਬੂਟਾ ਲਗਾਇਆ ਗਿਆ, ਜਿਸ ਦੀ ਰਸਮ ਬੀਬੀ ਗੁਰਜੀਤ ਕੌਰ ਡੱਟ, ਬੁੱਧੀਜੀਵੀ ਡਾ: ਰਮੇਸ਼ਵਰ ਸਿੰਘ, ਸਮਾਰਕਾਂ ’ਤੇ ਸੇਵਾ ਕਰਦੇ ਮੁਲਾਜ਼ਮ ਆਗੂ ਬਲਬੀਰ ਸਿੰਘ ਟੇਂਡੀਵਾਲਾ ਅਤੇ ਜੰਗਲਾਤ ਵਿਭਾਗ ਅਧਿਕਾਰੀ ਮਹਿੰਦਰ ਸਿੰਘ ਧਾਲੀਵਾਲ ਵਲੋਂ ਨਿਭਾਈ ਗਈ। ਜਨਮ ਦਿਨ ਸਮਾਗਮਾਂ ਦੀ ਸਫਲਤਾ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਚੇਅਰਮੈਨ ਪਰਮਜੀਤ ਸਿੰਘ ਸੂਬਾ ਕਾਹਨ ਚੰਦ, ਬਖ਼ਸ਼ੀਸ਼ ਸਿੰਘ ਬਾਰੇਕੇ, ਡਾ: ਜੋਬਨ, ਮਨਦੀਪ ਸਿੰਘ ਜੋਨ, ਗੁਰਵਿੰਦਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਬੁਲੰਦੇ ਵਾਲੀ, ਗਗਨਦੀਪ ਸਿੰਘ ਗੋਬਿੰਦ ਨਗਰ, ਬਲਕਾਰ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ ਆਦਿ ਵਲੋਂ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ।

Related Articles

Back to top button