Ferozepur News

ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗ਼ੁਰਬਤ ਅਤੇ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਯਤਨ ਕੀਤੇ ਜਾਣਗੇ : ਮਨਪ੍ਰੀਤ ਸਿੰਘ 

 

ਰਾਜ ਸਰਕਾਰ ਪੰਜਾਬ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਦ੍ਰਿੜ੍ਹ 

ਸ਼ਹੀਦੀ ਸਮਾਰਕ ਹੂਸੈਨੀਵਾਲਾ ਦੇ ਸੁੰਦਰੀਕਰਨ ਤੇ ਵਿਕਾਸ 'ਤੇ ਖ਼ਰਚੇ ਜਾਣਗੇ 4 ਕਰੋੜ ਰੁਪਏ

13 ਅਪ੍ਰੈਲ ਨੂੰ ਜ਼ਲ੍ਹਿਆਂ ਵਾਲਾ ਬਾਗ਼ ਵਿਖੇ ਕੌਮੀ ਸ਼ਹੀਦਾਂ ਦੀ ਯਾਦ ਵਿਚ ਹੋਵੇਗਾ ਰਾਜ ਪੱਧਰੀ ਸਮਾਗਮ 

ਰਾਜ ਦੇ ਸਰਹੱਦੀ ਖੇਤਰ ਦੇ ਵਿਕਾਸ ਤੇ ਰੁਜ਼ਗਾਰ ਦੇ ਅਵਸਰ ਪੈਦਾ ਕਰਨ ਲਈ ਉਦਯੋਗ ਸਥਾਪਿਤ ਕੀਤੇ ਜਾਣਗੇ

ਹੂਸੈਨੀਵਾਲਾ (ਫ਼ਿਰੋਜ਼ਪੁਰ ) ਵਿਖੇ ਰਾਜ ਪੱਧਰੀ ਸ਼ਹੀਦੀ ਸਮਾਗਮ ਦਾ ਆਯੋਜਨ 

ਹੂਸੈਨੀਵਾਲਾ (ਫ਼ਿਰੋਜ਼ਪੁਰ ) 23 ਮਾਰਚ 2017 ( Harish Monga  ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗ਼ੁਰਬਤ , ਅਨਪੜ੍ਹਤਾ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦੀ ਸਮਾਰਕ ਹੂਸੈਨੀਵਾਲਾ ਵਿਖੇ ਸਹੀਦੇ ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਰਾਜ ਮਾਤਾ ਵਿਦਿਆਵਤੀ ਅਤੇ ਬੀ.ਕੇ.ਦੱਤ ਆਦਿ ਦੀਆਂ ਸਮਾਧਾਂ 'ਤੇ ਪੰਜਾਬ ਸਰਕਾਰ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਗੁੰਮਨਾਮ ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਮੌਕੇ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ, ਸ਼੍ਰੀਮਤੀ ਸਤਿਕਾਰ ਕੌਰ ਗਹਿਰੀ ਅਤੇ ਸ.ਕੁਲਬੀਰ ਸਿੰਘ ਜ਼ੀਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 

ਸ਼ਹੀਦਾਂ ਦੀ ਯਾਦ ਵਿਚ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹੀਦਾਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਕਦੇ ਵੀ ਤਰੱਕੀ ਨਹੀਂ ਕਰਦੀਆਂ ਅਤੇ ਇਤਿਹਾਸ ਵਿਚ ਹਾਸ਼ੀਏ 'ਤੇ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਵੱਡਾ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਉਹ ਇਸ ਮੁਕੱਦਸ ਦਿਹਾੜੇ 'ਤੇ ਰਾਜ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰ੍ਹਾ ਉੱਤਰਨ ਲਈ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਮਾਰਕ ਹੂਸੈਨੀਵਾਲਾ ਦੇ ਸੁੰਦਰੀਕਰਨ ਅਤੇ ਇਸ ਦੇ ਵਿਕਾਸ 'ਤੇ 4 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। 

ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਅਤੇ ਦੇਸ਼ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਜਿਨ੍ਹਾਂ ਨੂੰ ਸਿਰ ਨਾਲ ਸਿਰ ਜੋੜ ਕੇ ਅਤੇ ਹੱਥ ਨਾਲ ਹੱਥ ਜੋੜ ਕੇ ਖ਼ਤਮ ਕਰਨ ਲਈ ਸਾਰੇ ਵਰਗਾਂ ਨੂੰ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਦੇਸ਼ ਦੇ ਕੌਮੀ ਸ਼ਹੀਦਾਂ ਦੀ ਯਾਦ ਵਿਚ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਜ਼ਿਲ੍ਹਿਆਂ ਵਾਲਾ ਬਾਗ਼ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਜ ਪੱਧਰੀ  ਸਮਾਗਮ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਤਨ, ਮਨ, ਧਨ ਅਤੇ ਪੂਰੀ ਸ਼ਰਧਾ ਨਾਲ ਸੇਵਾ ਕਰੇਗੀ। 

ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਰਾਜ ਦੇ ਸਰਹੱਦੀ ਖੇਤਰ ਦੇ ਲੋਕਾਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਤੋਂ ਲੈ ਕੇ ਹੁਣ ਤੱਕ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਅਤੇ ਪੰਜਾਬ ਸਰਕਾਰ ਇਨ੍ਹਾਂ ਸਮੱਸਿਆਵਾਂ ਸਬੰਧੀ ਭਲੀ-ਭਾਂਤ ਜਾਣੂੰ ਹੈ। ਉਨ੍ਹਾਂ ਐਲਾਨ ਕੀਤਾ ਕਿ ਰਾਜ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਵਿਕਾਸ ਅਤੇ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਸਰਹੱਦੀ ਖੇਤਰ ਵਿਚ ਵੱਡੀ ਪੱਧਰ 'ਤੇ ਉਦਯੋਗਾਂ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਨਾਲ ਰਾਜ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ। 

ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵਿੱਤ ਮੰਤਰੀ ਨੂੰ ਸਰਹੱਦੀ ਖੇਤਰ ਅਤੇ ਫ਼ਿਰੋਜ਼ਪੁਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ। ਉਨ੍ਹਾਂ ਵਿੱਤ ਮੰਤਰੀ ਵੱਲੋਂ ਸ਼ਹੀਦੀ ਸਮਾਰਕ ਦੇ ਸੁੰਦਰੀ ਕਰਨ ਲਈ 4 ਕਰੋੜ ਰੁਪਏ ਖ਼ਰਚਣ ਦੇ ਐਲਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। 

ਇਸ ਮੌਕੇ ਮੁੱਖ ਮਹਿਮਾਨ ਵੱਲੋਂ ਕੌਮੀ ਸ਼ਹੀਦਾਂ/ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਫ਼ਾਜ਼ਿਲਕਾ ਦੇ ਐਸ.ਐਸ.ਪੀ. ਡਾ. ਕੇਤਿਨ ਬਾਲੀ ਰਾਮ ਪਾਟਿਲ ਦੀ ਅਗਵਾਈ ਹੇਠ 1400 ਨੌਜਵਾਨਾਂ ਦੀ ਸਾਈਕਲ ਰੈਲੀ ਰਾਹੀਂ ਹੂਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਨ੍ਹਾਂ ਨੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਗਾਇਕ ਤਰਸੇਮ ਅਰਮਾਨ,ਜ਼ੈਲਾਂ ਸੰਧੂ ਦੀ ਪਾਰਟੀ ਵੱਲੋਂ ਸ਼ਹੀਦੀ ਵਾਰਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ ਗਈ। 

ਸਮਾਗਮ ਵਿਚ ਫ਼ਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ ਸ਼੍ਰੀ ਵੀ.ਕੇ.ਮੀਨਾ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਵਿਧਾਇਕ ਸ.ਦਵਿੰਦਰ ਸਿੰਘ ਘੁਬਾਇਆ, ਡਾ. ਸੁਖਚੈਨ ਸਿੰਘ ਗਿੱਲ ਡੀ.ਆਈ.ਜੀ., ਸ਼੍ਰੀ ਗੌਰਵ ਗਰਗ ਐਸ.ਐਸ.ਪੀ. ਫ਼ਿਰੋਜ਼ਪੁਰ, ਮੈਡਮ ਸ਼ਰੂਤੀ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀ ਵਿਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ. ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸਮੇਤ ਵੱਡੀ ਗਿਣਤੀ ਵਿਚ ਰਾਜਸੀ ਆਗੂ ਅਤੇ ਅਧਿਕਾਰੀ ਹਾਜ਼ਰ ਸਨ। 

Related Articles

Back to top button