ਸ਼ਹੀਦਾਂ ਦੀ ਯਾਦ ਵਿਚ ਇਨਕਲਾਬੀ ਸਮਾਗਮ 28 ਮਾਰਚ ਨੂੰ
ਗੁਰੂਹਰਸਹਾਏ, 25 ਮਾਰਚ (ਪਰਮਪਾਲ ਗੁਲਾਟੀ)- ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਇਨਕਲਾਬੀ ਸ਼ਹੀਦਾਂ ਦੀ ਯਾਦ ਵਿਚ ਹਰੇਕ ਸਾਲ ਦੀ ਤਰ੍ਹਾਂ ਇਨਕਲਾਬੀ ਸੱਭਿਆਚਾਰਕ ਸਮਾਗਮ ਪਿੰਡ ਮੋਹਨ ਕੇ ਹਿਠਾੜ ਵਿਖੇ 28 ਮਾਰਚ ਨੂੰ ਰਾਤ 7 ਵਜੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਲੋਕ ਸੰਗੀਤ ਮੰਡਲੀ ਜੀਦਾ ਵਲੋਂ ਇਨਕਲਾਬੀ ਨਾਟਕ, ਕੋਰੀਓਗ੍ਰਾਫ਼ੀਆਂ, ਗੀਤ-ਸੰਗੀਤ ਪੇਸ਼ ਕੀਤਾ ਜਾਵੇਗਾ। ਇਨਕਲਾਬੀ ਲੋਕ ਮੋਰਚਾ ਪੰਜਾਬ ਦੀ ਸਹਿਯੋਗੀ ਕਮੇਟੀ ਦੇ ਆਗੂਆਂ ਦੇਸ ਰਾਜ, ਅਮਰਜੀਤ ਸਿੰਘ, ਨਰੇਸ਼ ਸੇਠੀ, ਸ਼ਿੰਗਾਰ ਚੰਦ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ, ਜੋਗਿੰਦਰ ਸਿੰਘ, ਮਾਲਕਦਿੱਤਾ, ਜੈਲ ਸਿੰਘ, ਪ੍ਰਦੀਪ ਕੁਮਾਰ, ਸੁਖਦਿਆਲ ਸਿੰਘ ਨੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਾਗਮ ਦੀ ਤਿਆਰੀ ਲਈ ਪੋਸਟਰ, ਪੈਂਫਲਿਟ, ਫੰਡ ਮੁਹਿੰਮ ਅਤੇ ਪਿੰਡਾਂ ਵਿਚ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ।
ਉਪਰੋਕਤ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੇ ਵਿਚਾਰ ਸਨ ਕਿ ਜਿੰਨੀ ਦੇਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ ਉਨ੍ਹੀਂ ਦੇਰ ਤੱਕ ਇਨਕਲਾਬੀ ਜੰਗ ਜਾਰੀ ਰਹੇਗੀ ਪਰੰਤੂ ਸਾਡੇ ਸਮਾਜ ਅੰਦਰ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਲੁੱਟ-ਖਸੁੱਟ, ਨਸ਼ਾਖੋਰੀ, ਮਹਿੰਗਾਈ, ਗੁੰਡਾਗਰਦੀ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਇਹ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਨਹੀਂ ਹੈ ਸੋ ਲੋਕਾਂ ਨੂੰ ਭਗਤ ਸਿੰਘ ਦੇ ਵਿਚਾਰਾਂ 'ਤੇ ਚਲਦੇ ਹੋਏ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 28 ਮਾਰਚ ਨੂੰ ਰਾਤ 7 ਵਜੇ ਪਿੰਡ ਮੋਹਨ ਕੇ ਹਿਠਾੜ ਵਿਖੇ ਇਨਕਲਾਬੀ ਨਾਟਕ ਦੇਖਣ ਅਤੇ ਆਪਣੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਦੇਣ ਲਈ ਹੁੰਮ-ਹੁੰਮਾ ਕੇ ਪੁੱਜੋ।