ਵੱਧ ਰਿਹਾ ਤਾਪਮਾਨ ਕਣਕ ਦੀ ਫਸਲ ਲਈ ਅਨੁਕੂਲ ਨਹੀਂ- ਡਾ. ਤੇਜਪਾਲ ਸਿੰਘ
ਕਿਸਾਨ ਚੇਪੇ ਦੇ ਹਮਲੇ ਤੋਂ ਰਹਿਣ ਸੁਚੇਤ
ਵੱਧ ਰਿਹਾ ਤਾਪਮਾਨ ਕਣਕ ਦੀ ਫਸਲ ਲਈ ਅਨੁਕੂਲ ਨਹੀਂ- ਡਾ. ਤੇਜਪਾਲ ਸਿੰਘ
ਕਿਸਾਨ ਚੇਪੇ ਦੇ ਹਮਲੇ ਤੋਂ ਰਹਿਣ ਸੁਚੇਤ
ਫਿਰੋਜ਼ਪੁਰ 28 ਫਰਵਰੀ, 2023
ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਡਾ. ਤੇਜਪਾਲ ਸਿੰਘ ਨੇ ਦੱਸਿਆ ਕਿ ਵੱਧ ਰਹੇ ਤਾਪਮਾਨ ਨੂੰ ਦੇਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਕਿਸਾਨਾਂ ਨੂੰ ਕਣਕ ਦੀ ਫਸਲ ਉੱਤੇ ਚੇਪੇ ਦੇ ਹਮਲੇ ਪ੍ਰਤੀ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਆਦਾ ਤਾਪਮਾਨ ਕਣਕ ਦੀ ਫਸਲ ਲਈ ਅਨੁਕੂਲ ਨਹੀਂ ਹੈ ਤੇ ਇਹ ਕਣਕ ਦੇ ਝਾੜ ਉੱਤੇ ਮਾੜਾ ਪ੍ਰਭਾਵ ਵੀ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਧਦੇ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਫਸਲ ਨੂੰ ਬਚਾਉਣ ਕਣਕ ਨੂੰ ਹਲਕਾ ਪਾਣੀ ਲਗਾਇਆ ਜਾਵੇ, ਪਰ ਧਿਆਨ ਰੱਖਿਆ ਜਾਵੇ ਕਿ ਤੇਜ਼ ਹਵਾਵਾਂ ਦੌਰਾਨ ਫਸਲ ਨੂੰ ਪਾਣੀ ਨਾ ਲਗਾਇਆ ਜਾਵੇ। ਉਨ੍ਹਾਂ ਦੱਸਿਆ ਕਿ ਵੱਧ ਤਾਪਮਾਨ ਚੇਪੇ ਦੇ ਹਮਲੇ ਲਈ ਅਨੁਕੂਲ ਹੈ, ਇਸ ਲਈ ਕਿਸਾਨ ਲਗਾਤਾਰ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਤਾਂ ਜੋ ਫਸਲ ਨੂੰ ਨਿਸਚਿਤ ਸਮੇਂ ਅੰਦਰ ਛਿੜਕਾਅ ਕਰਕੇ ਬਿਮਾਰੀ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜੇਕਰ ਪ੍ਰਤੀ ਸਿੱਟਾ 5 ਚੇਪੇ ਹੋਣ ਤਾਂ ਰੋਕਥਾਮ ਲਈ ਕਿਸਾਨ 2 ਲੀਟਰ ਘਰ ਦੇ ਬਣਾਏ ਨਿੰਮ ਦਾ ਘੋਲ ਹਫਤੇ-ਹਫਤੇ ਦੇ ਵਕਫੇ ਤੇ ਦੋ ਛਿੜਕਾਅ ਜਾਂ 20 ਗ੍ਰਾਮ ਐਕਟਾਰਾ/ਤਾਇਆ 25 ਡਬਲਯੂਜੀ (ਥਾਇਆਮੈਥੋਕਸਮ) ਦਾ ਇੱਕ ਛਿੜਕਾਅ 80-100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨ। ਇਸ ਤੋ ਇਲਾਵਾ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਵੀ ਸ਼ਾਮ ਦੇ ਸਮੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਚੇਪੇ ਦਾ ਹਮਲਾ ਪਹਿਲਾ ਖੇਤ ਦੇ ਬਾਹਰਲੇ ਹਿੱਸਿਆਂ ਤੇ ਹੁੰਦਾ ਹੈ ਇਸ ਲਈ ਛਿੜਕਾਅ ਸਿਰਫ ਅਜਿਹੇ ਹਮਲੇ ਵਾਲੇ ਹਿੱਸੇ ਤੇ ਹੀ ਕਰਵਾਇਆ ਜਾਵੇ ਤੇ ਕੀਟਨਾਸ਼ਕਾਂ ਦੀ ਸ਼ਿਫਾਰਿਸ਼ ਕੀਤੀ ਮਾਤਰਾ ਹੀ ਵਰਤੀ ਜਾਵੇ।